ਸ੍ਰੀ ਫ਼ਤਹਿਗੜ੍ਹ ਸਾਹਿਬ/ 28 ਜਨਵਰੀ:
(ਰਵਿੰਦਰ ਸਿੰਘ ਢੀਂਡਸਾ):
ਸਰਹਿੰਦ ਦੇ ਚਾਵਲਾ ਚੌਂਕ ਤੋਂ ਟਰੱਕ ਖੋਹ ਕੇ ਭੱਜੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਉਨਾਂ ਤੋਂ ਖੋਹਿਆ ਹੋਇਆ ਟਰੱਕ ਬਰਾਮਦ ਕਰ ਲਏ ਜਾਣ ਦਾ ਸਮਾਚਾਰ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਜੈ ਮੁਥੂਮਾਰਨ ਵਾਸੀ ਤਾਮਿਲਨਾਡੂ ਨੇ ਦੱਸਿਆ ਕਿ ਉਹ ਟਰੱਕ 'ਤੇ ਡਰਾਇਵਰੀ ਕਰਦਾ ਹੈ ਤੇ ਮਿਤੀ 25 ਜਨਵਰੀ ਨੂੰ ਉਹ ਲੁਧਿਆਣਾ ਤੋਂ ਟਰੱਕ 'ਚ ਸਾਈਕਲ ਪਾਰਟ ਲੱਦ ਕੇ ਹੈਦਰਾਬਾਦ ਜਾਣ ਲਈ ਰਵਾਨਾ ਹੋਇਆ ਸੀ ਤੇ ਉਹ ਜਦੋਂ ਰਾਸਤੇ 'ਚ ਸਰਹਿੰਦ ਦੇ ਚਾਵਲਾ ਚੌਂਕ 'ਚ ਬਾਥਰੂਮ ਜਾਣ ਲਈ ਰੁਕਿਆ ਤਾਂ ਉੱਥੇ ਇੱਕ ਟਰਾਲਾ ਉਸ ਕੋਲ ਆ ਕੇ ਰੁਕਿਆ ਜਿਸ 'ਚੋਂ ਉੱਤਰੇ ਦੋ ਅਣਪਛਾਤੇ ਵਿਅਕਤੀਆਂ ਨੇ ਉਸਦੀ ਗੱਡੀ ਦੀ ਚਾਬੀ ਅਤੇ ਜੇਬ 'ਚ ਪਈ ਦੋ ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਜਿਸ ਉਪਰੰਤ ਉਕਤ ਵਿਅਕਤੀ ਉਸਦਾ ਟਰੱਕ ਅਤੇ ਟਰਾਲਾ ਮੌਕੇ ਤੋਂ ਭਜਾ ਕੇ ਲੈ ਗਏ।ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਰਹਿੰਦ ਦੀ ਪੁਲਿਸ ਨੇ ਮਾਮਲੇ ਦੀ ਵਿਗਿਆਨਕ ਢੰਗ ਨਾਲ ਤਫਤੀਸ਼ ਕਰਦਿਆਂ ਕਥਿਤ ਵਿਅਕਤੀਆਂ ਇੰਦਰਜੀਤ ਸਿੰਘ ਉਰਫ ਇੰਦੀ ਵਾਸੀ ਪਿੰਡ ਹਰਬੰਸਪੁਰਾ ਥਾਣਾ ਸਦਰ ਖੰਨਾ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਪਿੰਡ ਪਬਰੀ(ਪਟਿਆਲਾ) ਨੂੰ ਅ/ਧ 379-ਬੀ,411 ਆਈ.ਪੀ.ਸੀ. ਤਹਿਤ ਗ੍ਰਿਫਤਾਰ ਕਰਦੇ ਹੋਏ ਖੋਹੇ ਗਏ ਸਾਈਕਲ ਪਾਰਟਾਂ ਵਾਲੇ ਟਰੱਕ ਨੂੰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਅਨੁਸਾਰ ਰਿਮਾਂਡ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।