-ਮੁੱਖ ਮੰਤਰੀ ਦਾ ਹਰ ਪ੍ਰੋਗਰਾਮ ਚ ਹੋਵੇਗਾ ਵਿਰੋਧ:
ਬਲਜਿੰਦਰ ਬਰਾੜ
ਫ਼ਰੀਦਕੋਟ 28 ਜਨਵਰੀ : ਬੇਰੁਜ਼ਗਾਰ ਵਿਮੁਕਤ ਜਾਤੀਆ ਸੰਘ ਪੰਜਾਬ ਵੱਲੋ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਦੇ ਬਾਹਰ ਲੱਗਾ ਧਰਨਾ ਅੱਜ 98ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਆਗੂਆਂ ਨੇ ਦੱਸਿਆ ਕਿ ਵਿਮੁਕਤ ਕਬੀਲਿਆਂ ਨੂੰ 2001 ਵਿੱਚ ਜਾਰੀ ਕੀਤੇ ਪੱਤਰ ਅਨੁਸਾਰ 2% ਰਾਖਵਾਂਕਰਨ ਸੀ, ਜਿਸਦਾ ਇਕ ਸਪਸ਼ਟੀਕਰਨ 18-12-2020 ਨੂੰ ਭਲਾਈ ਵਿਭਾਗ ਨੇ ਦਿੱਤਾ ਸੀ। 15-09-2022 ਨੂੰ ਇਕ ਪੱਤਰ ਜਾਰੀ ਕਰਕੇ 18-12-2020 ਵਾਲਾ ਸਪਸ਼ਟੀਕਰਨ ਵਾਪਿਸ ਲੈ ਲਿਆ ਗਿਆ। ਜਿਸ ਕਾਰਨ ਈ. ਟੀ. ਟੀ. ਦੇ 133 ਉਮੀਦਵਾਰਾਂ ਨੂੰ ਨਿਯੁਕਤੀ-ਪੱਤਰ ਦੇਣ ਵਿੱਚ ਸਿੱਖਿਆ ਵਿਭਾਗ ਨੂੰ ਮੁਸ਼ਕਿਲ ਆ ਰਹੀ ਹੈ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਮਨਿੰਦਰਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ 26 ਜਨਵਰੀ ਨੂੰ ਧਰਨੇ 'ਤੇ ਸ਼ਾਂਤਮਈ ਤਰੀਕੇ ਨਾਲ ਬੈਠੇ ਆਗੂਆ 'ਤੇ ਝੂਠੇ ਪਰਚੇ ਕੀਤੇ ਗਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਵਿਮੁਕਤ ਕਬੀਲਿਆਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਹਨਾ ਦੱਸਿਆ ਕਿ ਮੁੱਖ ਮੰਤਰੀ ਦੇ ਓ.ਐਸ. ਡੀ. ਨਵਰਾਜ ਸਿੰਘ ਬਰਾੜ ਨਾਲ ਮੀਟਿੰਗ ਹੋਈ ਅਤੇ ਜਲਦ ਹੀ ਮੰਗਾ ਮੰਨਣ ਦਾ ਭਰੋਸਾ ਦਿੱਤਾ ਸੀ। ਪਰ ਅੱਜ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦਾ ਮੰਗਾ ਮੰਨਣ ਵੱਲ ਕੋਈ ਧਿਆਨ ਨਹੀ ਹੈ। ਉਹਨਾ ਅੱਗੇ ਦੱਸਿਆ ਕਿ ਸਰਕਾਰ ਜੇਕਰ ਜਲਦ ਸਾਡੀਆ ਮੰਗਾ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦਾ ਹਰ ਪ੍ਰੋਗਰਾਮ ਵਿੱਚ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਰੇਸ਼ਮ ਸਿੰਘ, ਸੀ. ਮੀਤ. ਪ੍ਰਧਾਨ ਨਵਦੀਪ ਸਿੰਘ ਸਾਧਰਾਂ, ਗੁਰਪਾਲ ਸਿੰਘ, ਹਰਪ੍ਰੀਤ ਸਿੰਘ ਮਜੀਠਾ, ਅਮਿ੍ਰਤਪਾਲ ਸਿੰਘ, ਪ੍ਰਕਾਸ਼ ਕੌਰ ਆਦਿ ਆਗੂ ਸ਼ਾਮਿਲ ਸਨ।