ਸੰਜੀਵ ਧਮੀਜਾ / ਅਬਨਾਸ਼
ਫਾਜ਼ਿਲਕਾ, 28 ਜਨਵਰੀ :
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਅਬੋਹਰ ਡਾ: ਸੇਨੂੰ ਦੁੱਗਲ ਦੇ ਨਿਰਦੇਸ਼ਾਂ ਤੇ ਨਗਰ ਨਿਗਮ ਅਬੋਹਰ ਵੱਲੋਂ ਅਜਿਹੇ 55 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਜਿੰਨ੍ਹਾ ਨੇ ਪ੍ਰਵਾਨਿਤ ਨਕਸ਼ੇ ਤੋਂ ਉਲਟ ਜਾ ਕੇ ਆਪਣੀ ਦੁਕਾਨ ਦਾ ਵਾਧਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਬਾਜਾਰਾਂ ਵਿਚ ਜਿਵੇਂ ਕਿ ਨਿਰੰਕਾਰੀ ਰੋਡ ਤੇ ਦੁਕਾਨਾਂ ਅੱਗੇ ਬਰਾਮਦੇ ਛੱਡੇ ਗਏ ਸਨ ਤਾਂ ਜ਼ੋ ਇੱਥੇ ਰਾਹਗੀਰ ਆ ਜਾ ਸਕਨ ਅਤੇ ਬਾਜਾਰ ਦੀ ਇਕ ਸੁੰਦਰ ਦਿੱਖ ਬਣੇ ਪਰ ਕੁਝ ਦੁਕਾਨਦਾਰਾਂ ਨੇ ਬਿਨ੍ਹਾਂ ਪ੍ਰਵਾਨਗੀ ਇੰਨ੍ਹਾਂ ਬਰਾਮਦਿਆਂ ਨੂੰ ਹੀ ਆਪਣੀ ਦੁਕਾਨ ਵਿਚ ਸ਼ਾਮਿਲ ਕਰ ਲਿਆ ਅਤੇ ਇਸ ਤਰਾਂ ਕਰਨ ਨਾਲ ਬਾਜਾਰ ਹੋਰ ਭੀੜੇ ਹੋ ਗਏ। ਇਸ ਲਈ ਨਗਰ ਨਿਗਮ ਨੇ ਹੁਣ ਆਪਣੇ ਨਿਯਮਾਂ ਅਨੁਸਾਰ ਅਜਿਹੇ ਲੋਕਾਂ ਖਿਲਾਫ ਨੋਟਿਸ ਜਾਰੀ ਕੀਤੇ ਹਨ ਅਤੇ ਇਹ ਕਾਰਵਾਈ ਹਾਲੇ ਹੋਰ ਵੀ ਜਾਰੀ ਰਹੇਗੀ ਅਤੇ ਜਿਸ ਕਿਸੇ ਨੇ ਵੀ ਸਰਕਾਰੀ ਸੜਕ ਵੱਲ ਨਜਾਇਜ ਕਬਜਾ ਕੀਤਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਅਪੀਲ ਕੀਤੀ ਹੈ ਕਿ ਬਜਾਰਾਂ ਦੀ ਸੁੰਦਰਤਾ ਸਭ ਦੇ ਹਿੱਤ ਵਿਚ ਹੈ ਅਤੇ ਇਸ ਲਈ ਸਭ ਨੂੰ ਇਸ ਮੁਹਿੰਮ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਨਜਾਇਜ ਪੱਕਾ ਜਾਂ ਆਰਜੀ ਕਬਜਾ ਕੀਤਾ ਹੈ ਉਹ ਕਬਜਾ ਛੱਡ ਦੇਵੇ ਤਾਂ ਜ਼ੋ ਬਾਜਾਰ ਸਾਫ ਸੁਥਰੇ, ਖੁੱਲੇ ਢੁੱਲੇ ਹੋਣ ਅਤੇ ਲੋਕਾਂ ਨੂੰ ਸਹੁਤਲ ਹੋਵੇ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਨਗਰ ਨਿਗਮ ਵੱਲੋਂ ਪਾਸ ਨਕਸ਼ੇ ਅਨੁਸਾਰ ਹੀ ਉਸਾਰੀ ਕੀਤੀ ਜਾਵੇ ਅਤੇ ਆਪਣੇ ਪੱਧਰ ਤੇ ਨਕਸ਼ੇ ਵਿਚ ਬਦਲਾਅ ਨਾ ਕੀਤਾ ਜਾਵੇ।