ਤਰਨਤਾਰਨ, 2 ਫਰਵਰੀ (ਜਸਮੇਲ ਸਿੰਘ ਚੀਦਾ) : ਹੋਟਲ ਦੇ ਕਮਰੇ ਵਿਚ ਬੈਠ ਕੇ ਯੂਕੇ, ਯੂਐੱਸਏ ਸਮੇਤ ਹੋਰ ਵਿਦੇਸ਼ਾਂ ਵਿਚ ਬੈਠੇ ਵਿਅਕਤੀਆਂ ਦਾ ਡਾਟਾ ਹਾਸਲ ਕਰਕੇ ਫਰਾਡ ਕਰਨ ਅਤੇ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੱਸਦੇ ਲੋਕਾਂ ਦੇ ਫੋਨ ਕਾਲਾਂ ਹੈਕ ਕਰਕੇ ਬੈਂਕ ਖਾਤਿਆਂ ਵਿਚੋਂ ਪੈਸੇ ਕੱਢਕੇ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਗਿਰੋਹ ਦਾ ਪਰਦਫਾਸ਼ ਕਰਦਿਆਂ ਤਰਨ ਤਾਰਨ ਪੁਲਿਸ ਨੇ 40ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ਤੋਂ 7 ਸੀਪੀਯੂ, 20 ਮੋਬਾਈਲ, ਵਾਈ ਫਾਈ ਡਿਵਾਈਸ ਅਤੇ ਹੋਰ ਉਪਰਕਣ ਬਰਾਮਦ ਕਰ ਲਏ ਹਨ।ਹਾਲਾਂਕਿ ਅਜੇ ਤਕ ਕਿਸੇ ਮੁਲਜ਼ਮ ਦੀ ਗਿ੍ਰਫ਼ਤਾਰੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਥਾਣਾ ਸਿਟੀ ਤਰਨ ਤਾਰਨ ਦੇ ਐੱਸਐੱਚਓ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਹੋਟਲ ਸੇਵਨ ਸਟਾਰ ਵਿਚ ਕੁਝ ਲੋਕਾਂ ਨੇ ਇਕ ਗਿਰੋਹ ਬਣਾਇਆ ਹੈ ਜੋ ਕਿ ਹੋਟਲ ਦੇ ਕਮਰਿਆਂ ਵਿਚ ਬੈਠ ਕੇ ਆਨਲਾਈਨ ਤਰੀਕੇ ਨਾਲ ਵੀ ਆਈ ਸੀ ਆਈ ਡਾਈਲ ਸਾਫਟਵੇਅਰ ਰਾਹੀਂ ਯੂਕੇ, ਯੂਐੱਸਏ ਸਮੇਤ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਡੀਪਾਰਟਮੈਂਟ ਆਫ ਵਰਕ ਐਂਡ ਪੈਨਸ਼ਨ ਦੇ ਮੁਲਾਜ਼ਮ ਦੱਸ ਕੇ ਉਨ੍ਹਾਂ ਨਾਲ ਫਰਾਡ ਕਰਦੇ ਹਨ ਅਤੇ ਇਸ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਫੋਨ ਕਾਲਾਂ ਹੈਕ ਕਰਕੇ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਮੋਟੀਆਂ ਰਕਮਾਂ ਕਢਵਾ ਕੇ ਧੋਖਾਧੜੀ ਕਰਦੇ ਹਨ। ਇਹ ਮੁਲਜ਼ਮ ਵੱਖ ਵੱਖ ਰਾਜਾਂ ਤੋਂ ਹਨ ਤੇ ਤਰਨ ਤਾਰਨ ਦੇ ਹੋਟਲ ਵਿਚ ਗੈਰ ਕਾਨੂੰਨੀ ਕਾਰੋਬਾਰ ਕਰ ਰਹੇ ਹਨ ।ਜਿਸ ਦੇ ਚੱਲਦਿਆਂ ਉਨ੍ਹਾਂ ਤੁਰੰਤ ਛਾਪੇਮਾਰੀ ਕਰਕੇ ਮੌਕੇ ਤੋਂ 7 ਸੀਪੀਯੂ, 20 ਮੋਬਾਈਲ ਅਤੇ ਵਾਈ ਫਾਈ ਡਿਵਾਈਸ ਬਰਾਮਦ ਕਰ ਲਏ।ਜਦੋਂਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਸ਼ੂ ਚੰਦਰ, ਅਰਜਨ ਸਿੰਘ, ਜਨੋਜ,ਕੁਲਦੀਪ ਕੁਮਾਰ, ਉਮਰਾ ਸ਼ੇਖ਼,ਸ਼ਮੀਰ ਅਲੀ, ਸੋਨੂੰ ਜੈਸਵਾਲ, ਉੱਜਵਲ ਚੌਹਾਨ, ਅਫਜ਼ ਲਾਲ, ਇਸ਼ਾਨ ਓਬਰਾਏ, ਸੁਖਦੀਪ ਸਿੰਘ, ਐਕਸ ਪਾਂਡੇ, ਰਜਤ ਸੋਬਤੀ, ਸੋਨੂੰ, ਨਵੀਨ, ਮਲਕੀਤ ਸਿੰਘ ਸਮੇਤ 40 ਦੇ ਕਰੀਬ ਲੋਕਾਂ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸੁਰਾਗ਼ ਲਗਾਇਆ ਜਾ ਰਿਹਾ ਹੈ ਕਿ ਆਖ਼ਰ ਇਸ ਗਿਰੋਹ ਵਿਚ ਹੋਰ ਕੌਣ ਕੌਣ ਸ਼ਾਮਲ ਹੈ ਅਤੇ ਗਿਰੋਹ ਦਾ ਮੁੱਖ ਸਰਗਣਾ ਕੌਣ ਹੈ।