ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 2 ਫਰਵਰੀ (ਸੁਰਿੰਦਰ ਸਿੰਘ ਚੱਠਾ) : ਜਿਸ ਤਰ੍ਹਾਂ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਗਰਾਫ ਬੀਤੇ ਸਮੇਂ ਵਿੱਚ ਬੁਰੀ ਤਰ੍ਹਾਂ ਡਿੱਗਿਆ ਹੋਇਆ ਸੀ ਅਤੇ ਉਸ ਨੂੰ ਉਪਰ ਚੁੱਕਣ ਲਈ ਕਾਂਗਰਸ ਦੇ ਨੇਤਾ ਰਾਹੂਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕਰਕੇ ਕਾਂਗਰਸ ਪਾਰਟੀ ਦੇ ਗਰਾਫ ਨੂੰ ਉੱਚਾ ਚੁੱਕਣ ਦੀ ਸਫਲ ਕੋਸ਼ਿਸ਼ ਕੀਤੀ ਹੈ, ਕੀ ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੀ ਪੰਜਾਬ ਜੋੜੋ ਪੈਦਲ ਯਾਤਰਾ ਕਰਨਾ ਸੰਭਵ ਹੈ? ਰਾਹੂਲ ਗਾਂਧੀ ਵੱਲੋਂ ਸੁਝਾਇਆ ਗਿਆ ਇਹ ਫਾਰਮੂਲਾ ਬੇਹੱਦ ਸਫਲ ਸਾਬਤ ਹੋਇਆ ਹੈ। ਕਿਉਂਕਿ ਦੇਸ਼ ਦੇ ਹਰ ਸੂਬੇ ਵਿੱਚ ਰਾਹੂਲ ਗਾਂਧੀ ਦਾ ਜੋਰਦਾਰ ਸਵਾਗਤ ਹੋਇਆ ਹੈ ਅਤੇ ਸਥਾਨਕ ਲੀਡਰਸ਼ਿਪ ਨੇ ਆਪਣੇ ਮਤਭੇਦ ਭੁਲਾ ਕੇ ਰਾਹੂਲ ਗਾਂਧੀ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਠੀਕ ਸਮਝਿਆ ਹੈ, ਜਿਸ ਨਾਲ ਦੇਸ਼ ਕਾਂਗਰਸ ਦੀ ਹਾਲਤ ਕਾਫੀ ਸੁਧਰੀ ਹੈ। ਕਹਿੰਦੇ ਹਨ ਕਿ ਜੇਕਰ ਕੋਈ ਦੁਸ਼ਮਣ ਵੀ ਚੰਗਾ ਕੰਮ ਕਰੇ ਤਾਂ ਉਸ ਤੋਂ ਸੇਧ ਲੈ ਲੈਣੀ ਚਾਹੀਦੀ ਹੈ। ਇਸ ਕਰਕੇ ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਕਾਫੀ ਹੇਠ ਤੱਕ ਡਿੱਗ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਗਰਾਫ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਵੱਲੋਂ ਅਜਿਹੀ ਹੀ ਯਾਤਰਾ ਪੰਜਾਬ ਜੋੜੋ ਯਾਤਰਾ ਦੇ ਨਾਮ ਤੇ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ 117 ਹਲਕਿਆਂ ਵਿੱਚ ਠੰਡੀ ਪੈ ਚੁੱਕੀ ਅਕਾਲੀ ਲੀਡਰਸ਼ਿਪ ਨੂੰ ਤਰੋਤਾਜਾ ਕੀਤਾ ਜਾ ਸਕੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੀ ਜੋ ਸਿਆਸੀ ਹਾਲਤ ਮੌਜੂਦਾ ਸਮੇਂ ਹੈ, ਉਹ ਬੀਤੇ 74 ਸਾਲਾਂ ਵਿੱਚ ਕਦੇ ਵੀ ਨਹੀਂ ਰਹੀ। ਪੰਜਾਬ ਦੀ ਪ੍ਰਮੁੱਖ ਸਿਆਸੀ ਪਾਰਟੀ ਹੋਣ ਦੇ ਬਾਵਜੂਦ ਅਤੇ ਪਾਰਟੀ ਵਿੱਚ ਧੜੇਬੰਦੀ ਨਾ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਵਿਧਾਨ ਸਭਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਨਾਮਾਤਰ ਵਿਧਾਇਕ ਪਹੁੰਚੇ ਹਨ, ਉਸ ਨੂੰ ਦੇਖਦਿਆ ਇਹ ਉਪਰਾਲਾ ਕਰਨਾ ਅਤੀ ਜਰੂਰੀ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਪੱਕਾ ਹੈ ਅਤੇ ਬੂਥ ਲੇਵਲ ਤੱਕ ਸ੍ਰੋਮਣੀ ਅਕਾਲੀ ਦਲ ਕੋਲ ਵਰਕਰ ਮੌਜੂਦ ਹਨ ਪਰ ਕਿਤੇ ਨਾ ਕਿਤੇ ਕੋਈ ਘਾਟ ਜਰੂਰ ਰਹੀ ਹੈ, ਜਿਸ ਨੂੰ ਦੂਰ ਕਰਨਾ ਮੌਜੂਦਾ ਸਮੇਂ ਵਿੱਚ ਬੇਹੱਦ ਜਰੂਰੀ ਹੈ। ਇਹ ਤਾ ਹੀ ਹੋ ਸਕਦਾ ਹੈ ਕਿ ਪਾਰਟੀ ਪ੍ਰਧਾਨ ਖੁੱਲਾ ਸਮਾਂ ਲੈ ਕੇ ਪਾਰਟੀ ਵਰਕਰਾਂ ਅਤੇ ਆਹੁੱਦੇਦਾਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਅਤੇ ਉਹਨਾਂ ਦੇ ਆਪਸੀ ਮਨ ਮੁਟਾਵ ਨੂੰ ਦੂਰ ਕਰਕੇ ਇੱਕ ਸਿਹਤਮੰਦ ਕਾਡਰ ਤਿਆਰ ਕਰਨ। ਤਾਂ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਪਾਜੀਟਿਵ ਰਿਜਲਟ ਮਿਲ ਸਕਣ ਦੀ ਉਮੀਦ ਕੀਤੀ ਜਾ ਸਕਦੀ ਹੈ। ਉਮੀਦ ਕਰਦੇ ਹਾਂ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਰੂਰ ਧਿਆਨ ਦੇਣਗੇ।