ਸ੍ਰੀ ਫ਼ਤਹਿਗੜ੍ਹ ਸਾਹਿਬ/ 4 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ):
ਇੱਕ ਵਿਆਹੁਤਾ ਲੜਕੀ ਦੀ ਸ਼ਿਕਾਇਤ 'ਤੇ ਥਾਣਾ ਬਸੀ ਪਠਾਣਾਂ ਦੀ ਪੁਲਿਸ ਵੱਲੋਂ ਉਸਦੇ ਪਤੀ ਅਤੇ ਸੱਸ ਵਿਰੁੱਧ ਅ/ਧ 498-ਏ,34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਆਹੁਤਾ ਲੜਕੀ ਨੇ ਦੱਸਿਆ ਸੀ ਕਿ ਸਤੰਬਰ 2020 'ਚ ਉਸਦਾ ਵਿਆਹ ਅਮਰਜੀਤ ਸਿੰਘ ਵਾਸੀ ਸੰਤੋਖ ਨਗਰ ਲੁਧਿਆਣਾ ਨਾਲ ਹੋਇਆ ਸੀ ਤੇ ਵਿਆਹ ਸਮੇਂ ਉਸਦੇ ਪੇਕੇ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਦਾਜ-ਦਹੇਜ ਵੀ ਦਿੱਤਾ ਗਿਆ ਤੇ ਉਕਤ ਰਿਸ਼ਤਾ ਕਰਨ ਸਮੇਂ ਉਸਦੇ ਸਹੁਰੇ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਉਨਾਂ ਦਾ ਲੜਕਾ ਆਸਟਰੇਲੀਆ ਤੋਂ ਆਇਆ ਹੈ ਜੋ ਕਿ ਵਿਆਹ ਤੋਂ ਬਾਅਦ ਲੜਕੀ ਨੂੰ ਵੀ ਆਸਟਰੇਲੀਆ ਲੈ ਜਾਵੇਗਾ ਪਰ ਵਿਆਹ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਉੁਸਦਾ ਪਤੀ ਤਾਂ ਆਸਟਰੇਲੀਆ ਤੋਂ ਡਿਪੋਰਟ ਹੋ ਕੇ ਆਇਆ ਹੋਇਆ ਹੈ ਜੋ ਕਿ ਉਸ ਤੋਂ ਆਈਲੈਟਸ ਕਰਵਾ ਕੇ ਵਿਦੇਸ਼ ਜਾਣ ਚਾਹੁੰਦਾ ਹੈ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਪੇਕਿਆਂ ਤੋਂ ਹੋਰ ਦਾਜ-ਦਹੇਜ਼ ਲਿਆ ਕੇ ਦੇਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਜਿਸ ਦੌਰਾਨ ਉਹ ਗਰਭਵਤੀ ਹੋ ਗਈ ਪਰ ਸਹੁਰੇ ਪਰਿਵਾਰ ਵੱਲੋਂ ਸਹੀ ਸਾਂਭ ਸੰਭਾਲ ਨਾ ਕੀਤੇ ਜਾਣ ਕਾਰਨ ਅਤੇ ਲਗਾਤਾਰ ਮਾਨਸਿਕ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਸਦਾ ਗਰਭਪਾਤ ਹੋ ਗਿਆ ਤੇ ਉਸਦੀ ਸੱਸ ਅਤੇ ਸਹੁਰਾ ਉਸਦੇ ਪਤੀ ਨੂੰ ਉਕਸਾ ਕੇ ਉਸਦੀ ਕੁੱਟਮਾਰ ਕਰਵਾਉਂਦੇ ਰਹੇ।ਸ਼ਿਕਾਇਤ ਦੀ ਪੜਤਾਲ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ ਜਿਨਾਂ ਦੀ ਪੜਤਾਲੀਆ ਰਿਪੋਰਟ ਦੇ ਆਧਾਰ 'ਤੇ ਥਾਣਾ ਬਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਮਨਦੀਪ ਸਿੰਘ ਵੱਲੋਂ ਸ਼ਿਕਾਇਤਕਰਤਾ ਦੇ ਪਤੀ ਅਮਰਜੀਤ ਸਿੰਘ ਅਤੇ ਸੱਸ ਦਲਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰਵਾ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।