ਸ੍ਰੀ ਫ਼ਤਹਿਗੜ੍ਹ ਸਾਹਿਬ/ 4 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ):
ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਅਫਸਰ ਸਰਹਿੰਦ ਰਮੇਸ਼ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਪਿੰਡ ਜੱਲ੍ਹਾ ਦੇ ਸਰਪੰਚ ਦਵਿੰਦਰ ਸਿੰਘ ਅਤੇ 20 ਦੇ ਕਰੀਬ ਅਣਪਛਾਤਿਆਂ ਵਿਰੁੱਧ ਅ/ਧ 153,186 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਸਰਹਿੰਦ ਰਮੇਸ਼ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਗਾਏ ਗਏ ਕਿ ਬੀਤੀ 30 ਜਨਵਰੀ ਨੂੰ ਪਿੰਡ ਜੱਲ੍ਹਾ ਦੇ ਸਰਪੰਚ ਦਵਿੰਦਰ ਸਿੰਘ ਅਤੇ ਬਲਾਕ ਸਰਹਿੰਦ ਦੇ ਦਫਤਰ 'ਚ ਉਸ ਨਾਲ ਪਹੁੰਚੇ 20 ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਦਫਤਰ 'ਚ ਕਾਫੀ ਹੱਲਾ-ਗੁੱਲਾ ਕੀਤਾ ਗਿਆ ਅਤੇ ਉੱਥੇ ਹੰਗਾਮਾ ਕਰਦੇ ਹੋਏ ਉਕਤ ਵਿਅਕਤੀਆਂ ਵੱਲੋਂ ਸਰਕਾਰੀ ਕੰਮ 'ਚ ਵਿਘਨ ਪਾਇਆ ਗਿਆ।ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਕਤ ਵਿਅਕਤੀਆਂ ਵੱਲੋਂ ਦਫਤਰ 'ਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਦਿਆਂ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।