ਜਸਬੀਰ ਸਿੰਘ ਦੁੱਗਲ/ ਰਵਿੰਦਰ ਚੌਹਾਨ
ਕੁਰੂਕਸ਼ੇਤਰ/ਯਮੁਨਾਨਗਰ, 7 ਮਾਰਚ:
ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੌੜੀਆਂ ਵਿਖੇ ਚੱਲ ਰਹੇ ਹੋਲਾ-ਮਹੱਲਾ ਸਮਾਗਮ 'ਚ ਸੰਗਤਾਂ ਦੂਰ-ਦੁਰਾਡੇ ਤੋਂ ਪੁੱਜ ਰਹੀਆਂ ਹਨ। ਚਲ ਰਹੇ ਗੁਰਬਾਣੀ ਪ੍ਰਵਾਹ 'ਚ ਉਚੇਚੇ ਤੌਰ 'ਤੇ ਪੰਥ ਦੀਆਂ ਸਿਰਮੌਰ ਸਖ਼ਸ਼ੀਅਤਾਂ, ਸੰਤ ਮਹਾਂਪੁਰਸ਼, ਪੰਥ ਦੇ ਉੱਘੇ ਕੀਰਤਨੀ ਜਥੇ ਅਤੇ ਪ੍ਰਚਾਰਕ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ। ਸਜੇ ਦੀਵਾਨ ਵਿਚ ਭਾਈ ਜੋਗਿੰਦਰ ਸਿੰਘ ਮਾਡਲ ਕਾਲੋਨੀ, ਯਮੁਨਾਨਗਰ ਜਗਾਧਰੀ ਕੀਰਤਨ ਸਭਾ, ਗੁਰੂ ਨਾਨਕ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ, ਸੰਤ ਗੁਰਮੀਤ ਸਿੰਘ ਕਰਨਾਲ, ਭਾਈ ਹਰਵਿੰਦਰਪਾਲ ਸਿੰਘ, ਭਾਈ ਅਮਨਦੀਪ ਸਿੰਘ ਮਾਤਾ ਕੌਲਾਂ, ਭਾਈ ਗੁਰਸ਼ਰਨ ਸਿੰਘ ਲੁਧਿਆਣਾ, ਸੰਤ ਗੁਲਾਬ ਸਿੰਘ ਚਮਕੌਰ ਸਾਹਿਬ, ਭਾਈ ਅਮਰਜੀਤ ਸਿੰਘ ਤਾਨ, ਭਾਈ ਅਰਵਿੰਦ ਸਿੰਘ ਨਿਰਗੁਣ ਪਟਨਾ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਅਮਰਜੀਤ ਸਿੰਘ ਪਟਿਆਲਾ, ਭਾਈ ਸਰਬਜੀਤ ਸਿੰਘ ਨੂਰਪੁਰੀ, ਭਾਈ ਬਲਬੀਰ ਸਿੰਘ ਚੰਡੀਗੜ੍ਹ, ਭਾਈ ਮੋਹਕਮ ਸਿੰਘ, ਮਹੰਤ ਚਮਕੌਰ ਸਿੰਘ, ਭਾਈ ਸਤਵਿੰਦਰ ਸਿੰਘ ਨੂਰ ਢਾਡੀ ਜਥਾ, ਕੀਰਤਨੀ ਜੱਥੇ ਅਤੇ ਉੱਘੇ ਕਥਾਵਾਚਕ ਗਿਆਨੀ ਸਹਿਬ ਸਿੰਘ ਸ਼ਾਹਾਬਾਦ ਮਾਰਕੰਡਾ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਸੰਤ ਜੋਗਾ ਸਿੰਘ ਕਰਨਾਲ, ਮਹੰਤ ਚਮਕੌਰ ਸਿੰਘ ਪਟਿਆਲਾ, ਸੰਤ ਸੋਹਨ ਸਿੰਘ ਜੱਬੀ ਵਾਲੇ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮਨੇਜਮੇਂਟ ਕਮੇਟੀ ਦੇ ਪ੍ਰਧਾਨ, ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਅਤੇ ਡੇਰਾ ਸੰਤ ਨਿਸ਼ਚਲ ਸਿੰਘ ਸੰਤਪੁਰਾ ਯਮੁਨਾਨਗਰ ਮੁੱਖ ਪ੍ਰਬੰਧਕ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਹੋਲੇ ਮਹੱਲੇ ਦਾ ਨਵਾਂ ਸਰੂਪ ਦੇ ਕੇ ਸਿੱਖ ਕੌਮ 'ਚ ਨਿਵੇਕਲੀ ਮਿਸ਼ਾਲ ਪੈਦਾ ਕੀਤੀ ਆਤੇ ਖਾਲਸਾ ਫੌਜ ਨੂੰ ਜੰਗੀ ਖੇਡਾਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਇਹ ਸਮਾਗਮ 8 ਮਾਰਚ ਦੇਰ ਰਾਤ ਤੱਕ ਚੱਲਣਗੇ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਸੂਬੇ ਭਰ ਤੋਂ ਪਤਵੰਤੇ ਸੱਜਣ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਹੀ ਸਵੇਰੇ 9 ਵਜੇ ਮਹਾਨ ਅੰਮਿ੍ਤ ਸੰਚਾਰ ਹੋਵੇਗਾ। ਸਟੇਜ ਸਕੱਤਰ ਦੀ ਸੇਵਾ ਭਾਈ ਇਕਬਾਲ ਸਿੰਘ ਖਾਲਸਾ ਨੇ ਨਿਭਾਈ। ਉਨ੍ਹਾਂ ਦੱਸਿਆ ਕਿ 9 ਮਾਰਚ ਨੂੰ ਸਵੇਰੇ 8 ਵਜੇ ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ ਤੋਂ ਗੁਰੂ ਮਾਨਿਓ ਗ੍ਰੰਥ ਸੰਦੇਸ ਯਾਤਰਾ (ਨਗਰ ਕੀਰਤਨ) ਅਰੰਭ ਹੋ ਕੇ ਸ਼ਾਮ ਨੂੰ ਪਾਉਂਟਾ ਸਾਹਿਬ ਪੁੱਜੇਗਾ।