ਜਸਬੀਰ ਸਿੰਘ ਦੁੱਗਲ/ ਹਿਮਸ਼ਿਖਾ ਲਾਂਬਾ
ਕੁਰੂਕਸ਼ੇਤਰ 9, ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਧਰਮ ਪ੍ਰਚਾਰ ਦੇ ਹਰਿਆਣਾ ਮਿਸ਼ਨ ਦੇ ਦਫ਼ਤਰ ਵਿਚ ਸੂਬੇ ਵਿਚ ਸੇਵਾਵਾਂ ਦੇ ਰਹੇ ਪ੍ਰਚਾਰਕਾਂ, ਢਾਡੀਆਂ ਅਤੇ ਕਵੀਸ਼ਰਾਂ ਦੀ ਇਕੱਤਰਤਾ ਤੇਜਿੰਦਰਪਾਲ ਸਿੰਘ ਢਿੱਲੋਂ ਮੈਂਬਰ ਧਰਮ ਪ੍ਰਚਾਰ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਸੰਬੋਧਨ ਕਰਦਿਆਂ ਤੇਜਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਮਿਸ਼ਨ ਦਾ ਨਵਾਂ ਦਫ਼ਤਰ ਕੋਠੀ ਨੰ: 28, ਸੈਕਟਰ-3 ਕੁਰੂਕਸ਼ੇਤਰ ਵਿਚ ਖੋਲ ਦਿੱਤਾ ਗਿਆ ਹੈ। ਜਿਥੇ ਸਾਰੇ ਹਰਿਆਣੇ ਵਿੱਚ ਸਿੱਖੀ ਪ੍ਰਚਾਰ-ਪ੍ਰਸਾਰ ਦੀਆਂ ਸੇਵਾਵਾਂ ਪਹਿਲਾਂ ਵਾਂਗ ਨਿਭਾਈਆਂ ਜਾਣਗੀਆਂ। ਅੱਜ ਇਸ ਸੰਬੰਧੀ ਸਟਾਫ਼ ਦੇ ਸੰਮਤੀ ਫਾਰਮ ਭਰਵਾਏ ਗਏ ਅਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ ਐਸਜੀਪੀਸੀ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਸਮਾਗਮ ਕਰਵਾਏ ਜਾਣਗੇ ਅਤੇ ਅੰਮ੍ਰਿਤ-ਸੰਚਾਰ ਦੀ ਲਹਿਰ ਆਰੰਭ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਲਿਟਰੇਚਰ ਘਰ-ਘਰ ਤੀਕ ਪਹੁੰਚਾਇਆ ਜਾਵੇਗਾ ਅਤੇ ਸਿੱਖਾਂ ਦੀ ਨੁਮਾਇੰਦਾ ਅਤੇ ਸਿਰਮੌਰ ਜਥੇਬੰਦੀ ਵੱਲੋਂ ਉਲੀਕੇ ਹਰ ਪ੍ਰੋਗਰਾਮ ਨਾਲ ਹਰਿਆਣੇ ਦੇ ਸਿੱਖਾਂ ਨੂੰ ਜੋੜਿਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਪਰਮਜੀਤ ਸਿੰਘ ਦੁਨੀਆਂ ਮਾਜਰਾ, ਰਜਿੰਦਰ ਸਿੰਘ ਸੋਢੀ, ਰਘਬੀਰ ਸਿੰਘ ਖਾਲਸਾ ਢਾਡੀ ਜਥਾ, ਗੁਰਮੀਤ ਸਿੰਘ ਕਵੀਸ਼ਰ, ਰਣਜੀਤ ਸਿੰਘ, ਇੰਦਰਪਾਲ ਸਿੰਘ, ਬਚਿੱਤਰ ਸਿੰਘ, ਗੁਰਕੀਰਤ ਸਿੰਘ, ਗੁਰਪਾਲ ਸਿੰਘ, ਨਵਜੋਤ ਸਿੰਘ (ਸਾਰੇ ਪ੍ਰਚਾਰਕ) ਬੂਟਾ ਸਿੰਘ ਫਿਲਮ ਓਪਰੇਟਰ, ਬਹਾਦਰ ਸਿੰਘ ਡਰਾਈਵਰ, ਮਲਿਕ ਸਿੰਘ ਡਰਾਈਵਰ, ਜਸਬੀਰ ਸਿੰਘ ਰਿਕਾਰਡ ਕੀਪਰ, ਬਿੰਦਰਪਾਲ ਸਿੰਘ ਡਾਟਾ ਐਂਟਰੀ ਓਪਰੇਟਰ, ਮਲਕੀਅਤ ਸਿੰਘ ਸੇਵਾਦਾਰ, ਗੁਰਲਾਲ ਸਿੰਘ ਹੈਲਪਰ ਮੌਜੂਦ ਰਹੇ।