ਜਸਬੀਰ ਸਿੰਘ ਦੁੱਗਲ/ ਰਵਿੰਦਰ ਚੌਹਾਨ
ਕੁਰੂਕਸ਼ੇਤਰ/ਯਮੁਨਾਨਗਰ, 9 ਮਾਰਚ:
ਪਿਛਲੇ 6 ਦਿਨਾਂ ਤੋਂ ਚਲ ਰਹੇ ਹੋਲਾ-ਮਹੱਲਾ ਸਮਾਗਮ ਦੇ ਆਖਰੀ ਦਿਨ ਤੱਕ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ਾਂ ਤੋਂ ਪੁੱਜੀਆਂ ਸੰਗਤਾਂ ਡੇਰਾ ਸੰਤ ਨਿਸ਼ਚਲ ਸਿੰਘ ਥੜਾ ਸਾਹਿਬ ਜੌੜੀਆਂ ਵਿਖੇ ਨਤਮਸਤਕ ਹੋਈਆਂ। ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਹੋਰ ਰਾਜਸੀ ਆਗੂ ਵੀ ਹੋਲਾ-ਮਹੱਲਾ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ। ਮੁੱਖ ਮੰਤਰੀ ਮਨੋਹਰ ਲਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੁਚੱਜੇ ਢੰਗ ਨਾਲ ਸੰਭਾਲ ਲਿਆ ਹੈ ਅਤੇ ਹੁਣ ਕਮੇਟੀ ਨੂੰ ਸਰਕਾਰ ਤੋਂ ਜੋ ਵੀ ਸਹਿਯੋਗ ਦੀ ਲੋੜ ਹੋਵੇਗੀ, ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਜੇਕਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੀ ਵਿਦਿਅਕ ਅਦਾਰਿਆਂ ਅਤੇ ਹਸਪਤਾਲਾਂ ਦੇ ਨਿਰਮਾਣ ਸਮੇਤ ਸਰਕਾਰ ਤੋਂ ਕਿਸੇ ਹੋਰ ਸਹਿਯੋਗ ਦੀ ਲੋੜ ਪੈਂਦੀ ਹੈ, ਤਾਂ ਉਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ, ਤਾਂ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਉਨ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਸਮਾਮਗ ਵਿੱਚ ਪਹੁੰਚਣ 'ਤੇ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਗੁਰੂ ਦੇ ਸੱਚੇ ਸੇਵਕ ਹਨ ਅਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੰਭਲਾ ਮਾਰਨਾ ਚਾਹੀਦਾ ਹੈ। ਮਹੰਤ ਕਰਮਜੀਤ ਸਿੰਘ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਆਏ ਰਾਜ਼ਸੀ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ। ਇਸ ਮੌਕੇ ਗੁਰਮਤਿ ਸਮਾਗਮ 'ਚ ਪੁੱਜੀ ਸੰਗਤ ਨੂੰ ਉਚੇਚੇ ਤੌਰ 'ਤੇ ਪੁੱਜੀਆਂ ਸ਼ਖ਼ਸੀਅਤਾਂ, ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਸਜੇ ਸਮਾਗਮ ਦੌਰਾਨ ਕੀਰਤਨ ਦਰਬਾਰ 'ਚ ਭਾਈ ਹਰਵਿੰਦਰਪਾਲ ਸਿੰਘ, ਭਾਈ ਅਮਨਦੀਪ ਸਿੰਘ ਮਾਤਾ ਕੌਲਾਂ, ਭਾਈ ਗੁਰਸ਼ਰਨ ਸਿੰਘ ਲੁਧਿਆਣਾ, ਸੰਤ ਗੁਲਾਬ ਸਿੰਘ ਚਮਕੌਰ ਸਾਹਿਬ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਬੰਗਲਾਂ ਸਾਹਿਬ, ਭਾਈ ਅਮਰਜੀਤ ਸਿੰਘ ਤਾਨ, ਭਾਈ ਅਰਵਿੰਦ ਸਿੰਘ ਨਿਰਗੁਣ, ਸੰਤ ਸੁਰਿੰਦਰ ਸਿੰਘ ਮਿੱਠਾ ਟਿਵਾਨਾ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਅਮਰਜੀਤ ਸਿੰਘ ਪਟਿਆਲਾ, ਭਾਈ ਸਰਬਜੀਤ ਸਿੰਘ ਨੂਰਪੁਰੀ, ਭਾਈ ਬਲਬੀਰ ਸਿੰਘ ਚੰਡੀਗੜ੍ਹ, ਭਾਈ ਮੋਹਕਮ ਸਿੰਘ, ਉੱਘੇ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਾਬਾਦ ਮਾਰਕੰਡਾ ਅਤੇ ਭਾਈ ਸਰਬਜੀਤ ਸਿੰਘ ਨੂਰਪੁਰੀ ਸਮੇਤ ਹੋਰ ਜੱਥਿਆਂ ਨੇ ਵੀ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸੰਗਤ ਨੂੰ ਸੰਬੋਧਨ ਕਰਦਿਆਂ ਹਰਿਆਣਾ ਗੁਰਦੁਆਰਾ ਮੈਨੇਜ਼ਮੈਟ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਸਿੱਖਿਆ ਮੰਤਰੀ ਕੰਵਰ ਪਾਲ, ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਮਦਨ ਚੌਹਾਨ, ਰਾਜੇਸ਼ ਸਪਰਾ, ਚੜ੍ਹਦੀਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਭਾਜਪਾ ਆਗੂ ਰਾਮੇਸ਼ਵਰ ਚੌਹਾਨ , ਦਿੱਲੀ ਹਾਈ ਕੋਰਟ ਦੇ ਜਸਟਿਸ ਤਲਵੰਤ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਟ ਕਮੇਟੀ ਦੇ ਮੈਂਬਰ ਸਹਿਬਾਨ, ਮਨੋਰੰਜਨ ਸਿੰਘ ਸਾਹਨੀ, ਮਹੰਤ ਚਮਕੌਰ ਸਿੰਘ, ਮਹੰਤ ਪ੍ਰਿਤਪਾਲ ਸਿੰਘ ਹੁਸਿਆਰਪੁਰ, ਮਹੰਤ ਮਹਿੰਦਰ ਸਿੰਘ ਦਿੱਲੀ, ਸੰਤ ਜੋਗਾ ਸਿੰਘ ਕਰਨਾਲ, ਸੰਤ ਰਣਜੀਤ ਸਿੰਘ, ਸੰਤ ਕੁਲਦੀਪ ਸਿੰਘ, ਪ੍ਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਧਾਰਮਿਕ ਅਤੇ ਰਾਜਨੀਤਕ ਸਖਸ਼ੀਅਤਾ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਰਹੀ। ਸਾਰੇ ਸਮਾਗਮਾਂ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਇਕਬਾਲ ਸਿੰਘ ਨੇ ਬਾਖੂਬੀ ਨਿਭਾਈ। ਆਖ਼ੀਰ ਵਿੱਚ ਮਹੰਤ ਕਰਮਜੀਤ ਸਿੰਘ ਨੇ ਸਮਾਗਮ 'ਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਸਾਰੇ ਸਮਾਗਮ ਸਮੂਹ ਇਲਾਕੇ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਭਰਪੂਰ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ।