ਜਲਦ ਆ ਧਮਕੀ ਗਰਮੀ ਦੇ ਮਾਰੇ ਕਿਸਾਨਾਂ ਦੀ ਬਾਂਹ ਫੜਣ ਲਈ ਅਗਾਂਹ ਆਵੇ ਸਰਕਾਰ
ਮਹਿੰਗਾਈ ਦੇ ਹੋਰ ਵੱਧਣ ਦੇ ਹੀ ਆਸਾਰ ਨਜ਼ਰ ਆ ਰਹੇ ਹਨ ਅਤੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਮੋਦੀ ਸਰਕਾਰ ਆਮ ਭਾਰਤੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦੇਵੇਗੀ। ਘਰੇਲੂ ਸਿਲੰਡਰ ਦੀ ਕੀਮਤ ’ਚ ਇਕ ਦਮ 50 ਰੁਪਏ ਦਾ ਵਾਧਾ ਕਰਨਾ ਦਰਸਾਉਂਦਾ ਹੈ ਕਿ ਜਦੋਂ ਆਮ ਲੋਕਾਂ ’ਤੇ ਵਿੱਤੀ ਬੋਝ ਸੁਟਣਾ ਹੁੰਦਾ ਹੈ ਤਾਂ ਮੋਦੀ ਸਰਕਾਰ ਪੂਰੀ ਬੇਕਿਰਕੀ ਤੋਂ ਕੰਮ ਲੈਂਦੀ ਹੈ। ਕਾਰੋਬਾਰੀ ਸਿਲੰਡਰ ਦੀ ਕੀਮਤ ’ਚ 350 ਰੁਪਏ ਤੇ 50 ਪੈਸੇ ਦਾ ਵਾਧਾ ਕੀਤਾ ਗਿਆ । ਕੀਮਤ ਦੇ ਇਸ ਵਾਧੇ ਦਾ ਵਿੱਤੀ ਬੋਝ ਵੀ ਆਮ ਖ਼ਪਤਕਾਰ ’ਤੇ ਪੈਣਾ ਹੈ ਕਿਉਂਕਿ ਕਾਰੋਬਾਰੀਆਂ ਨੇ ਆਪਣੇ ਵਧੇ ਖ਼ਰਚ ਨੂੰ ਅਗਾਂਹ ਗ੍ਰਾਹਕ ’ਤੇ ਹੀ ਸੁਟਣਾ ਹੁੰਦਾ ਹੈ। ਕਾਰੋਬਾਰੀ ਸਿਲੰਡਰ ਦੀ ਕੀਮਤ ’ਚ ਵਾਧਾ ਇਸ ਸਾਲ ’ਚ ਹੀ ਦੂਜੀ ਵਾਰ ਕੀਤਾ ਗਿਆ ਹੈ। ਤਾਜ਼ਾ ਵਾਧੇ ਨਾਲ ਦਿੱਲੀ ’ਚ ਕਾਰੋਬਾਰੀ ਸਿਲੰਡਰ ਦੀ ਕੀਮਤ 21 ਸੌ ਰੁਪਏ ਨੂੰ ਟੱਪ ਗਈ ਹੈ। ਰਸੋਈ ਗੈਸ ਦੀ ਕੀਮਤ ’ਚ ਕੀਤੇ ਇਸ ਵਾਧੇ ਨਾਲ ਤਿਆਰ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੋਣਾ ਨਿਸ਼ਚਿਤ ਹੈ। ਸੋ ਚਾਹ ਦੇ ਇੱਕ ਕੱਪ ਦੀ ਕੀਮਤ ਵੀ ਵੱਧ ਜਾਵੇਗੀ। ਘਰੇਲੂ ਗੈਸ ਸਿਲੰਡਰ ਦੀ ਕੀਮਤ ’ਚ ਜੋ ਵਾਧਾ ਕੀਤਾ ਗਿਆ ਹੈ ਉਸ ਤੋਂ ਲੱਗਦਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਆਮ ਭਾਰਤੀ ਲੋਕ ਸਬਸਿਡੀ ਵਾਲਾ ਘਰੇਲੂ ਗੈਸ ਸਿਲੰਡਰ ਲੈਣਾ ਹੀ ਛੱਡ ਦੇਣ। ਪਰਚਾਰ ਚਾਹੇ ਸਰਕਾਰ ਜਿੰਨਾ ਮਰਜ਼ੀ ਕਰੇ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉੱਜਵਲਾ ਯੋਜਨਾ ਅਧੀਨ ਜਿਨ੍ਹਾਂ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਉਪਲਬੱਧ ਕਰਵਾਇਆ ਜਾਂਦਾ ਸੀ, ਉਨ੍ਹਾਂ ਵਿੱਚੋਂ 10 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਪਿਛਲੇ ਸਾਲ ਇਸ ਯੋਜਨਾ ਅਧੀਨ ਸਿਲੰਡਰ ਨਹੀਂ ਲਿਆ ਅਤੇ ਕੋਈ 12 ਪ੍ਰਤੀਸ਼ਤ ਲੋਕ ਉਹ ਰਹੇ ਜਿਨ੍ਹਾਂ ਨੇ ਪੂਰੇ ਸਾਲ ਦੌਰਾਨ ਸਿਰਫ਼ 1 ਸਿਲੰਡਰ ਹੀ ਲਿਆ ਹੈ। ਪਿਛਲੇ ਸਾਲ ਦੌਰਾਨ ਹੀ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 153 ਰੁਪਏ ਤੋਂ ਵੱਧ ਦਾ ਇਜ਼ਾਫਾ ਹੋਇਆ ਹੈ। ਮੋਦੀ ਸਰਕਾਰ ਨੇ ਰਸੋਈ ਦੀ ਇਸ ਇੱਕ ਸਭ ਤੋਂ ਜ਼ਰੂਰੀ ਵਸਤ ਦੀ ਕੀਮਤ ’ਚ ਵਾਧਾ ਉੁਸ ਸਮੇਂ ਕੀਤਾ ਹੈ ਜਦੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਪਹਿਲਾਂ ਹੀ ਵੱਧ ਰਹੀ ਹੈ ਅਤੇ ਇਸ ਦਾ ਹੋਰ ਵੱਧਣਾ ਨਿਸ਼ਚਿਤ ਹੈ।
ਖ਼ੁਰਾਕੀ ਵਸਤਾਂ ਤੋਂ ਇਲਾਵਾ ਆਮ ਖ਼ਪਤ ਦੀਆਂ ਦੂਸਰੀਆਂ ਵਸਤਾਂ ਤਿਆਰ ਕਰਨ ਵਾਲੀਆਂ ਕੰਪਨੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਕੱਚੇ ਮਾਲ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਨ ਤਿਆਰ ਵਸਤਾਂ ਦੀਆਂ ਕੀਮਤਾਂ ਵਧਾਉਣ ਲਈ ਉਹ ਮਜਬੂਰ ਹਨ। ਕੀਮਤਾਂ ਦਾ ਇਹ ਵਾਧਾ ਮਾਰਚ ਮਹੀਨੇ ਤੋਂ ਹੀ ਸ਼ਰੂ ਹੋ ਸਕਦਾ ਹੈ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ’ਚ ਵਾਧਾ ਹੋਣ ਵਾਲਾ ਹੈ। ਅਗਲੇ ਦਿਨਾਂ ’ਚ ਆਉਣ ਵਾਲੀਆਂ ਪੱਤੇਦਾਰ ਸਬਜ਼ੀਆਂ, ਟਮਾਟਰ ਅਤੇ ਗਰਮੀਆਂ ਦੇ ਲੀਚੀ, ਤਰਬੂਜ਼, ਅੰਬ, ਸੰਗਤਰੇ ਤੇ ਕੇਲੇ ਜਿਹੇ ਫਲਾਂ ਨੂੰ ਖੇਤ ਅਤੇ ਬਾਗ-ਬਗੀਚਿਆਂ ’ਚ ਹੀ ਵਧੇ ਹੋਏ ਤਾਪਮਾਨ ਤੋਂ ਖ਼ਤਰਾ ਪੈਦਾ ਹੋ ਚੁੱਕਾ ਹੈ। ਬੰਗਲਾਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਹੌਰਟੀਕਲਚਰ ਰਿਸਰਚ ਦੇ ਨਿਰਦੇਸ਼ਕ ਅਨੁਸਾਰ ਅੰਦਾਜ਼ਾ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਪੈਦਾ ਕੀਤੇ ਜਾ ਰਹੇ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਨੂੰ ਤਾਪਮਾਨ ਦੇ ਅਚਾਨਕ ਵਾਧੇ ਕਾਰਨ 10 ਤੋਂ 30 ਪ੍ਰਤੀਸ਼ਤ ਨੁਕਸਾਨ ਹੋ ਸਕਦਾ ਹੈ। ਅੰਬ ਦੀ ਫ਼ਸਲ ਤਿਆਰ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਬੂਰ ਪੈਣ ਵਾਲੇ ਦਿਨਾਂ ’ਚ ਗਰਮੀ ਦੇ ਵਾਧੇ ਨੇ ਉਨ੍ਹਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਇਸ ਤਰ੍ਹਾਂ ਦਾ ਪ੍ਰਤੀਕਰਮ ਲੀਚੀ ਤੇ ਕਾਜੂ ਪੈਦਾ ਕਰਨ ਵਾਲੇ ਕਿਸਾਨਾਂ ਦਾ ਵੀ ਹੈ। ਅਸਲ ’ਚ ਅੰਬ, ਲੀਚੀ, ਕੀਨੂੰ ਤੇ ਸੰਗਤਰੇ, ਕੇਲੇ ਆਦਿ ਦੀ ਫ਼ਸਲ ’ਤੇ ਗਰਮੀ ਦੇ ਵਾਧੇ ਅਤੇ ਜਲਦ ਗਰਮ ਮੌਸਮ ਆਉਣ ਦਾ ਮਾੜਾ ਪ੍ਰਭਾਵ ਪੈ ਚੁੱਕਾ ਹੈ। ਮਹਾਰਾਸ਼ਟਰ ’ਚ ਅਲਫਾਂਸੋ ਅੰਬ ਦੀ 40 ਪ੍ਰਤੀਸ਼ਤ ਪੈਦਾਵਾਰ ਪ੍ਰਭਾਵਿਤ ਹੋ ਚੁੱਕੀ ਹੈ। ਵਿਗਿਆਨੀਆਂ ਅਨੁਸਾਰ ਆਮ ਕਰਕੇ ਤਾਪਮਾਨ ’ਚ ਹੋਲੀ ਦੇ ਦਿਨਾਂ ਨੇੜੇ ਹੌਲੀ ਹੌਲੀ ਵਾਧਾ ਹੋਣਾ ਸ਼ੁਰੂ ਹੁੰਦਾ ਹੈ ਪਰ ਇਸ ਵਾਰ ਸਰਦੀਆਂ ਦੇ ਫੌਰਨ ਬਾਅਦ ਤਾਪਮਾਨ ’ਚ ਤੇਜ਼ ਵਾਧਾ ਹੋਣ ਲੱਗਾ ਸੀ। ਪਿੱਛਲਾ ਫਰਵਰੀ ਦਾ ਮਹੀਨਾ ਪਿੱਛਲੇ 122 ਸਾਲ ਦਾ ਦੇਸ਼ ਦਾ ਸਭ ਤੋਂ ਗਰਮ ਫਰਵਰੀ ਦਾ ਮਹੀਨਾ ਦਰਜ ਕੀਤਾ ਗਿਆ ਹੈ। ਗਰਮੀ ਦੇ ਨਾਲ ਨਾਲ ਹੀ ਹੁੰਮਸ ਵੀ ਚੱਲੀ ਹੈ ਜਿਸ ਨੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਤੇ ਉੱਲੀ ਪੈਦਾ ਕਰ ਦਿੱਤੀ ਹੈ।
ਇਸ ਵਰਤਾਰੇ ਨੂੰ ਉਲਟਾਇਆ ਨਹੀਂ ਜਾ ਸਕਦਾ। ਕਿਸਾਨਾਂ ਦਾ ਪਿਆਜ਼ ਤੋਂ ਬਾਅਦ ਹੋਰ ਨੁਕਸਾਨ ਹੁੰਦਾ ਦਿੱਖ ਰਿਹਾ ਹੈ। ਆਲੂ ਦੀ ਫ਼ਸਲ ਦਾ ਇਹੋ ਹਾਲ ਹੋ ਰਿਹਾ ਹੈ। ਨਾਲ ਹੀ ਫਲਾਂ ਸਬਜ਼ੀਆਂ ਨੂੰ ਵਰਤਣ ਵਾਲੇ ਆਮ ਭਾਰਤੀ ਲੋਕਾਂ ’ਤੇ ਵੀ ਇਹ ਵਸਤਾਂ ਮਹਿੰਗੀਆਂ ਹੋਣ ਕਾਰਨ ਵਿੱਤੀ ਬੋਝ ਪਵੇਗਾ, ਪਹਿਲਾਂ ਮੰਡੀ ’ਚ ਟਮਾਟਰ ਦੀ ਬਹੁਤਾਤ ਵੀ ਹੋ ਸਕਦੀ ਹੈ। ਇਹ ਵਰਤਾਰਾ ਵੀ ਕਿਸਾਨ ਮਾਰੂ ਹੈ। ਇਹ ਸਭ ਵਾਪਰਨਾ ਹੁਣ ਤੈਅ ਹੀ ਹੈ। ਇਹ ਸਰਕਾਰ ਤੋਂ ਗੁੱਝਾ ਨਹੀਂ। ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਅਤੇ ਆਮ ਖ਼ਪਤਕਾਰ ’ਤੇ ਵੱਧਣ ਵਾਲੇ ਵਿੱਤੀ ਬੋਝ ਪ੍ਰਤੀ ਸਰਕਾਰ ਨੂੰ ਲੋਕ-ਪੱਖੀ ਤਿਆਰੀ ਕਰਨੀ ਚਾਹੀਦੀ ਸੀ। ਪਰ ਜਿਸ ਤਰ੍ਹਾਂ ਸਿਲੰਡਰਾਂ ਦੀ ਕੀਮਤ ਵੱਡਾ ਵਾਧਾ ਕੀਤਾ ਗਿਆ ਹੈ, ਉਸ ਤੋਂ ਤਾਂ ਇਹੋ ਲੱਗਦਾ ਹੈ ਕਿ ਸਰਕਾਰ ਆਮ ਭਾਰਤੀਆਂ ਲਈ ਬੇਰਹਿਮ ਹੀ ਬਣੀ ਰਹੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਿਲਸਿਲੇ ’ਚ ਮੌਸਮ ਵਿਗਿਆਨੀਆਂ ਨਾਲ ਇੱਕ ਮੀਟਿੰਗ ਕਰਕੇ ਜ਼ਿੰਮੇਵਾਰੀ ਨਿਪਟਾ ਦਿੱਤੀ ਹੈ । ਸਰਕਾਰ ਨੂੰ ਜਲਦ ਆ ਧਮਕੀ ਗਰਮੀ ਦੇ ਮਾਰੇ ਕਿਸਾਨਾਂ ਦੀ ਬਾਂਹ ਬੜਣ ਲਈ ਅਗਾਂਹ ਆਉਣਾ ਚਾਹੀਦਾ ਹੈ।