90-91 ਦੇ ਦਹਾਕੇ ਦਾ ਸੰਗੀਤਕ ਦੌਰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਉਹ ਦੌਰ ਹੈ। ਜਿਸ ਨੇ ਅਨੇਕਾਂ ਹੀ ਸੁਪਰ ਪ੍ਰਸਿੱਧ ਕਲਾਕਾਰ ਪੈਦਾ ਕੀਤੇ।ਇਨ੍ਹਾਂ ਵਿਚੋਂ ਇੱਕ ਨਾਂ ਹੈ ਰਣਜੀਤ ਮਣੀ।ਰਣਜੀਤ ਮਣੀ ਪੰਜਾਬੀ ਗਾਇਕੀ ਦਾ ਉਹ ਚਮਕਦਾ ਹੋਇਆ ਸਿਤਾਰਾ ਹੈ ਜਿਸ ਨੇ ਆਪਣੀ ਕੋਇਲ ਵਰਗੀ ਮਿੱਠੀ ਤੇ ਚਹਿਕਦੀ ਆਵਾਜ਼ ਦੇ ਨਾਲ ਪਹਿਲੇ ਹੱਲੇ ਹੀ ਆਪਣੇ ਨਾ ਦੀ ਪ੍ਰਸਿੱਧੀ ਹਾਸਿਲ ਕੀਤੀ।ਮੋਗੇ ਜ਼ਿਲ੍ਹੇ ਦੇ ਪਿੰਡ ਚੁਪਕੀਤੀ ਦੇ ਰਹਿਣ ਵਾਲੇ ਸਵਰਗੀਏ ਪਿਤਾ ਸ੍ਰੀ ਤਾਰਾ ਸਿੰਘ ਦੇ ਘਰ ਮਾਤਾ ਸ੍ਰੀਮਤੀ ਭਗਵਾਨ ਕੌਰ ਦੀ ਕੁੱਖੋਂ ਜਨਮੇ ਰਣਜੀਤ ਮਣੀ ਨੇ ਉੱਚ ਵਿੱਦਿਆ ਦੀ ਪ੍ਰਾਪਤੀ ਕਰਦੇ ਸਮੇਂ ਜਨਾਬ ਮੁੰਹਮਦ ਸਦੀਕ,ਸ੍ਰੀ ਕੁਲਦੀਪ ਮਾਣਕ,ਸੁਰਿੰਦਰ ਛਿੰਦਾ,ਗੁਰਦਾਸ ਮਾਨ,ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ ਅਤੇ ਅਮਰ ਸਿੰਘ ਚਮਕੀਲਾ ਵਰਗੇ ਸਿਰਮੌਰ ਕਲਾਕਾਰਾਂ ਦੇ ਮਘਦੇ ਹੋਏ ਸੰਗੀਤਕ ਦੌਰ ਨੂੰ ਵੇਖਿਆ।ਗਾਇਕੀ ਤੋਂ ਪ੍ਰਭਾਵਿਤ ਹੋ ਉਨ੍ਹਾਂ ਸਵ: ਅਮਰ ਸਿੰਘ ਚਮਕੀਲੇ ਜੀ ਨੂੰ ਬਤੌਰ ਉਸਤਾਦ ਧਾਰ ਕੇ ਉਨ੍ਹਾਂ ਕੋਲੋਂ ਸੰਗੀਤ ਦੀਆਂ ਬਰੀਕੀਆਂ“ ਨੂੰ ਸਿਖਿਆ ਤੇ ਸ੍ਰੀ ਕੁਲਦੀਪ ਮਾਣਕ ਜੀ ਦੇ ਦਫ਼ਤਰ ਵਿੱਚ ਬੁਕਿੰਗ ਕਲਰਕ ਵਜੋਂ ਕੁਝ ਸਮਾਂ ਕੰਮ ਵੀ ਕੀਤਾ।1990 ਦੇ ਕਰੀਬ ਮੇਵਾ ਸਿੰਘ ਨੌਰਥ ਦੇ ਲਿਖੇ ਗੀਤ """ ਯਾਰ ਹੁਣ ਰੱਬ ਹੋ ਗਿਆ '''' ਨਾਂ ਦੇ ਟਾਈਟਲ ਥੱਲੇ ਆਈ ਐਲਬਮ ਰਾਹੀਂ ਰਣਜੀਤ ਮਣੀ ਨੇ ਆਪਣੀ ਗਾਇਕੀ ਦਾ ਆਗਾਜ਼ ਕੀਤਾ।ਉਸ ਤੋਂ ਉਪਰੰਤ ਉਸ ਨੇ ਵੰਝਲੀ ਯਾਰ ਦੀ ਨਾਂ ਦੀ ਕੈਸਟ ਰਾਹੀਂ ਆਪਣੇ ਨਾਂ ਦੀ ਖੂਸਬੂ ਦੂਰ ਦਰਾੜੇ ਖਿਡਾਉਣੀ ਅਰੰਭੀ। 94-95 ਦੇ ਦਹਾਕੇ ਵਿੱਚ ਪੰਜਾਬੀ ਦੇ ਸਿਰਮੌਰ ਗੀਤਕਾਰ ਬਚਨ ਬੇਦਿਲ ਦੀ ਪ੍ਰਭਾਵਸ਼ਾਲੀ ਸ਼ਬਦਾਵਲੀ ਨਾਲ ਭਰਪੂਰ ਆਈ ਕੈਸਟ ਸੁਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਰਾਹੀਂ ਰਣਜੀਤ ਮਣੀ ਨੇ ਆਪਣੇ ਨਾਂ ਦਾ ਅਜਿਹਾ ਪਾਸਪੋਰਟ ਬਣਿਆ ਕਿ ਦਿਨਾਂ ਵਿਚ ਹੀ ਉਸਨੇ ਦੇਸ਼ਾਂ ਵਿਦੇਸ਼ਾਂ ਵਿਚ ਆਪਣੇ ਦੀ ਸੈਰ ਕਰਵਾਈ। ਉਸ ਤੋਂ ਉਪਰੰਤ ਸਾਲ 1996-97 ਦੇ ਵਿੱਚ ਆਈ ਕੈਸਟ ਤੇਰੇ ਵਿਆਹ ਦਾ ਕਾਰਡ ਵਿਚਲੇ ਗੀਤ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜਾ ਕੱਟਿਉ ਨਾ ਕਾਲਜ ਚੋਂ ਨਾਂ ਵਰਗੇ ਹੋਰ ਸੁਪਰਹਿੱਟ ਗੀਤਾਂ ਨੇ ਰਣਜੀਤ ਮਣੀ ਦੇ ਨਾਂ ਦੀ ਅਜਿਹੀ ਪਹਿਚਾਣ ਬਣਾਈ ਕਿ ਗਾਇਕੀ ਦੇ ਇਤਿਹਾਸ ਵਿੱਚ ਰਣਜੀਤ ਮਣੀ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਹਰਫ ਬਣ ਗਿਆ।ਉਸ ਤੋਂ ਬਾਅਦ ਰਣਜੀਤ ਮਣੀ ਨੇ ਇੱਕ ਤੋਂ ਇੱਕ ਸੁਪਰਹਿੱਟ ਕੈਸਟਾਂ ਸੰਗੀਤ ਦੀ ਝੋਲੀ ਪਾਈਆਂ ਜਿਵੇਂ ਕਿ:- ਕੱਠੇ ਕਾਲਜ ਪੜ੍ਹਦੇ,ਆਸ਼ਕਾਂ ਦੀ ਹੜਤਾਲ, ਕਾਲਜਾਂ ਦੇ ਮੁੰਡੇ, ਪਿਆਰ ਭਰੀ ਮੁਲਾਕਾਤ, ਜਵਾਨੀ ਦੀਆਂ ਮੁਬਾਰਕਾਂ, ਮਿੱਠੀ ਜਿਹੀ ਯਾਦ, ਸੁਨੱਖੀ ਕੁੜੀ,ਦੋ ਗੱਲਾਂ ਪਿਆਰ ਦੀਆਂ, ਸਾਰਿਆਂ ਤੋਂ ਸੋਹਣੀ, ਸੱਜਣਾ ਪਿਆਰ ਜ਼ਰੂਰੀ ਐ,ਮੇਰੀ ਬੇਵਫਾ ਮਾਸ਼ੂਕ, ਟੁੱਟੇ ਦਿਲ, ਚੂੜੇ ਵਾਲੀ ਬਾਂਹ, ਉਹ ਛਮ ਛਮ ਰੋ ਪਈ,ਕੰਨਟੀਨ, ਕੁੜੀ ਪੰਜਾਬਣ ਵਰਗੀਆਂ ਕੁਝ ਧਾਰਮਿਕ ਕੈਸਟਾਂ ਜਿਨ੍ਹਾਂ ਵਿੱਚ,ਬਦਲਾ ਹਰਮਿੰਦਰ ਸਾਹਬ ਦਾ,ਪੰਥ ਦੀ ਸ਼ਾਨ,ਸਿੱਖੀ ਦਾ ਸਕੂਲ,ਸਿੱਖ ਕੌਮ ਸ਼ੇਰਾਂ ਦੀ ਅਤੇ ਭਗਤ ਰਵਿਦਾਸ ਜੀ ਮਹਿਮਾ ਨੂੰ ਸਮਰਪਿਤ ਗੱਡੀ ਕਾਂਸੀ ਚੱਲੀ ਆਦਿ ਵਰਗੀਆਂ ਕੁਝ ਹੋਰ ਕੈਸਟਾਂ। ਸਰੋਤਿਆਂ ਨੂੰ ਬੇਸਬਰੀ ਨਾਲ ਰਣਜੀਤ ਮਣੀ ਦੀ ਆਉਣ ਵਾਲੀ ਕੈਸਟ ਦਾ ਇੰਤਜ਼ਾਰ ਮੈਂ ਅੱਖੀਂ ਵੇਖਿਆ ਹੈ।ਰਣਜੀਤ ਮਣੀ ਸ਼ਬਦ ਆਪਣੇ ਆਪ ਚ ਬਹੁਤ ਬੜੇ ਅਰਥ ਦੀ ਮਹੱਤਤਾ ਸਮੋਈ ਬੈਠਾ ਹੈ ਜਿਵੇਂ ਕਿ ਰਣਜੀਤ ਸ਼ਬਦ ਦਾ ਅਰਥ ਹੈ:-ਰਣ ਨੂੰ ਜਿੱਤਣ ਵਾਲਾ ਜਾ ਹਰ-ਮੈਦਾਨ ਫ਼ਹਿਤੇ ਇਸ ਤਰ੍ਹਾਂ ਮਣੀ ਸ਼ਬਦ ਦਾ ਅਰਥ ਹੈ ਕੀਮਤੀ ਨਾਗੀਨਾਂ। ਰਣਜੀਤ ਮਣੀ ਨੇ ਆਪਣੇ ਨਾਂ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਹੋਇਆ ਗਾਇਕੀ ਦੇ ਮੈਦਾਨ ਵਿੱਚ ਅਜਿਹੀ ਫਹਿਤੇ ਕੀਤੀ ਕਿ ਥੋੜੇ ਹੀ ਦਿਨਾਂ ਵਿੱਚ ਰਣਜੀਤ ਮਣੀ ਦੇ ਨਾਂ ਦੀ ਉਸ ਸਮੇਂ ਦੇ ਪ੍ਰਚਲਿਤ ਕਲਾਕਾਰਾਂ ਵਿੱਚ ਕੀਮਤ ਪੈਣ ਲੱਗੀ। ਰਣਜੀਤ ਮਣੀ ਨੇ ਆਪਣੇ ਗਾਇਕੀ ਦੇ ਲੰਮੇ ਸਫ਼ਰ ਵਿਚ ਜਿੱਥੇ ਬੇਸ਼ੁਮਾਰ ਸੰਗੀਤਕਾਰ ਸੁਰਿੰਦਰ ਬਚਨ,ਮਦਨ ਸ਼ੌਕੀ, ਸੁਰਿੰਦਰ ਸੋਢੀ, ਕੇ.ਬੀ.ਸਿੰਘ ਅਤੇ ਜੇ ਗੁਰੀ ਵਰਗਿਆਂ ਦੀਆਂ ਸੰਗੀਤਕ ਧੁੰਨਾਂ ਵਿੱਚ ਆਪਣੀ ਆਵਾਜ਼ ਨੂੰ ਰਿਕਾਰਡ ਕਰਵਾਇਆ ਉੱਥੇ ਹੀ ਉਸਨੇ ਦੇਵ ਥਰੀਕੇ, ਮੇਵਾ ਸਿੰਘ ਨੌਰਥ,ਬਚਨ ਬੇਦਿਲ, ਬਲਬੀਰ ਬੋਪਾਰਾਏ, ਅਲਬੇਲ ਬਰਾੜ,ਰਾਣਾ ਵੈਂਡਲ ਵਾਲਾ,ਸੇਵਾ ਸਿੰਘ ਨੌਰਥ, ਭੱਟੀ ਭੜੀਵਾਲਾ,ਬੰਤ ਰਾਮਪੁਰੇ ਵਾਲਾ,ਸਮਸ਼ੇਰ ਸੰਧੂ, ਬੂਟਾ ਭਾਈ ਰੂਪਾਂ,ਗੁੱਡੂ ਸਿਧਵਾਂ ਵਾਲਾ ਅਤੇ ਉੱਭਰੀਆਂ ਰਹੀਆਂ ਕੁਝ ਹੋਰ ਨਵੀਆਂ ਕਲਮਾਂ ਜੱਗੀ ਸੰਘੇੜਾ ਅਤੇ ਮਨਦੀਪ ਘਣੀਵਾਲ ਦੇ ਗੀਤ ਗਾਉਣ ਦਾ ਮਾਣ ਹਾਸਿਲ ਕੀਤਾ। ਰਣਜੀਤ ਮਣੀ ਨੇ ਪੰਜਾਬੀ ਫਿਲਮਾਂ ਵਿੱਚ ਪਲੇਅਬੇਕ ਸਿੰਗਰ ਵਜੋਂ ਆਪਣੀ ਗਾਇਕੀ ਦਾ ਗਾਇਨ ਕੀਤਾ,ਫਿਲਮ ਤਬਾਹੀ ਵਿੱਚ ਉਸ ਵਲੋਂ ਖੁੱਲ੍ਹੇ ਆਖੜੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਰੱਬ ਦੀਆਂ ਰੁੱਖਾਂ, ਰਹਿਮਤਾਂ, ਧੀ ਰਾਣੀ, ਜੰਗ ਦਾ ਮੈਦਾਨ ਅਤੇ ਬਲੈਕ ਐਂਡ ਵਾਈਟ ਵਰਗੀਆਂ ਕੁਝ ਪੰਜਾਬੀ ਫਿਲਮਾਂ ਵਿੱਚ ਬਤੌਰ ਐਕਟਰ ਅਭਿਨੈ ਕੀਤਾ।ਰਣਜੀਤ ਮਣੀ ਨੇ ਕੈਸਟਾਂ ਵਾਲੇ ਯੁੱਗ ਤੋਂ ਲੈ ਕੇ ਅੱਜ ਸਿੰਗਲ ਟਰੈਕ ਦੇ ਜ਼ਮਾਨੇ ਵਿੱਚ ਆਪਣੀ ਗਾਇਕੀ ਨੂੰ ਬਰਕਰਾਰ ਰੱਖਿਆ ਹੋਇਆ ਹੈ ਇਸ ਦੀ ਮਿਸਾਲ ਪਿੱਛੇ ਜਿਹੇ ਜੱਗੀ ਸੰਘੜੇ ਦੀ ਕਲਮ ਦੇ ਰਚੇ ਗੀਤ 98 ਵਾਲੇ ਨੁੰ ਨੂੰ ਮਿਲੀ ਪ੍ਰਸਿੱਧੀ ਰਣਜੀਤ ਮਣੀ ਦੀ ਦਮਦਾਰ ਆਵਾਜ਼ ਦੀ ਗਵਾਹੀ ਭਰਦੀ ਹੈ।ਪ੍ਰਮਾਤਮਾ ਕਰੇ ਪੰਜਾਬੀ ਗਾਇਕੀ ਦਾ ਇਹ ਚਮਕਦਾ ਸਿਤਾਰਾ ਇਸ ਤਰ੍ਹਾਂ ਹੀ ਸੱਭਿਆਚਾਰ ਦੇ ਵਿਹੜੇ ਆਪਣੇ ਨਾਂ ਦੀ ਚਮਕ ਵਿਖੇਰਦਾ ਰਹੇ।
ਸਰੂਪ ਸਿੰਘ, ਚੌਧਰੀ ਮਾਜਰਾ(ਨਾਭਾ)
99886-27880