ਸਮਾਜ ਦੇ ਵਿਕਾਸ ’ਚ ਔਰਤਾਂ ਅਤੇ ਮਰਦਾਂ ਦਾ ਬਰਾਬਰ ਦਾ ਯੋਗਦਾਨ ਰਿਹਾ ਹੈ। ਅਕਸਰ ਮਰਦਾਂ ਦੇ ਯੋਗਦਾਨ ਦੀ ਚਰਚਾ ਹੁੰਦੀ ਹੈ, ਪਰ ਔਰਤਾਂ ਵੱਲੋਂ ਕੀਤੇ ਗਏ ਸਮਾਜਕ ਕੰਮਾਂ ਦੀ ਓਨੀ ਚਰਚਾ ਨਹੀਂ ਕੀਤੀ ਜਾਂਦੀ। ਦੋ ਅਜਿਹੀਆਂ ਮਹਾਨ ਔਰਤਾਂ ਹੋਈਆਂ ਹਨ ਜਿਨ੍ਹਾਂ ਦੇ ਜੀਵਨ ਅਤੇ ਕੰਮ ਬਾਰੇ ਜਾਣਾਂਗੇ ਜਿਨ੍ਹਾਂ ਨੇ ਅੱਜ ਤੋਂ ਕਰੀਬ ਪੌਣੇ ਦੋ ਸਾਲ ਪਹਿਲਾਂ, ਔਰਤ ਅਤੇ ਦਲਿਤਾਂ ਲਈ ਸਿੱਖਿਆ ਦੇ ਖੇਤਰ ’ਚ ਕੰਮ ਕੀਤਾ ਸੀ। ਇਹ ਸਨ ਆਪਣੇ ਸਮੇਂ ਦੀਆਂ ਕ੍ਰਾਂਤੀਕਾਰੀ ਔਰਤਾਂ ਫਾਤਿਮਾ ਸ਼ੇਖ ਅਤੇ ਸਾਵਿਤਰੀ ਬਾਈ ਫੁਲੇ ਸਨ। ਦੋਨਾਂ ਨੇ ਮਿਲ ਕੇ , ਸਿੱਖਿਆ ਅਤੇ ਸਮਾਜ ਸੁਧਾਰ ਲਈ ਖੁੱਲ੍ਹ ਕੇ ਕੰਮ ਕੀਤਾ। ਸਾਵਿਤਰੀ ਬਾਈ ਫੁਲੇ ਦੇ ਯੋਗਦਾਨ ਨਾਲ ਤਾਂ ਅਸੀਂ ਕਾਫੀ ਹੱਦ ਤੱਕ ਵਾਕਫ਼ ਹਾਂ। ਪਰ ਫਾਤਿਮਾ ਸ਼ੇਖ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਪਰ ਸਾਵਿਤਰੀ ਬਾਈ ਫੁਲੇ ਦੀਆਂ ਚਿੱਠੀਆਂ ਤੋਂ ਸਾਨੂੰ ਫਾਤਿਮਾ ਸ਼ੇਖ ਦੀ ਜਾਣਕਾਰੀ ਮਿਲਦੀ ਹੈ।
ਸਾਵਿਤਰੀ ਬਾਈ ਫੁਲੇ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ ਨਾਯਗਾਂਵ ’ਚ ਹੋਇਆ ਸੀ। 1840 ’ਚ ਸਾਵਿਤਰੀ ਬਾਈ ਦਾ ਵਿਆਹ, ਜੋਤਿਬਾ ਫੁਲੇ ਨਾਲ ਹੋਇਆ, ਜੋਤਿਬਾ ਆਪਣੀ ਮਾਸੀ ਦੀ ਧੀ ਸਗੁਨਾ ਬਾਈ ਕੋਲ ਰਹਿੰਦੇ ਸਨ। ਵਿਆਹ ਤੋਂ ਬਾਅਦ ਜੋਤਿਬਾ ਫੁਲੇ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਖ਼ੁਦ ਆਪਣੀ ਪੜ੍ਹਾਈ ਕਰਨ ਦੇ ਨਾਲ ਨਾਲ ਜੋਤਿਬਾ ਘਰ ’ਚ ਸਾਵਿਤਰੀ ਬਾਈ ਨੂੰ ਵੀ ਪੜ੍ਹਾਉਣ ਲੱਗੇ। ਬੜੀ ਛੇਤੀ ਹੀ ਸਾਵਿਤਰੀ ਬਾਈ ਫੁਲੇ ਨੇ ਮਰਾਠੀ ਅਤੇ ਅੰਗ੍ਰੇਜ਼ੀ ਬੜੀ ਚੰਗੀ ਤਰ੍ਹਾਂ ਪੜ੍ਹਣੀ ਅਤੇ ਲਿਖਣੀ ਸਿੱਖ ਲਈ। ਇਸ ਤੋਂ ਬਾਦਅ ਸਾਵਿਤਰੀ ਬਾਈ ਫੁਲੇ ਨੇ ਸਕੂਲੀ ਸਿੱਖਿਆ ਦੀ ਪਰੀਖਿਆ ਪਾਸ ਕਰ ਲਈ। ਸਾਵਿਤਰੀ ਬਾਈ ਪੜ੍ਹਾਈ ਦੀ ਕੀਮਤ ਜਾਣ ਚੁੱਕੀ ਸੀ ਸਾਵਿਤਰੀ ਬਾਈ ਅਤੇ ਜੋਤਿਬਾ ਫੁਲੇ ਚਾਹੁੰਦੇ ਸਨ ਕਿ ਉਨ੍ਹਾਂ ਦੀ ਤਰ੍ਹਾਂ ਸਮਾਜ ਦੇ ਪੱਛੜੇ ਵਰਗ ਦੀਆਂ ਔਰਤਾਂ ਨੂੰ ਪੜ੍ਹਣ ਲਿਖਣ ਦਾ ਮੌਕਾ ਮਿਲੇ। ਉਸ ਸਮੇਂ ਦਲਿਤ ਅਤੇ ਪੱਛੜੇ ਵਰਗ ਦੇ ਲੋਕਾਂ ਲਈ ਪੜ੍ਹਾਈ ਦੀ ਕੋਈ ਵਿਵਸਥਾ ਨਹੀਂ ਸੀ।
ਜੋਤਿਬਾ ਅਤੇ ਸਾਵਿਤਰੀ ਬਾਈ ਨੇ ਆਪਣੇ ਮਨ ’ਚ ਕੁੜੀਆਂ ਲਈ ਵਿਦਿਆਲਾ ਖੋਲ੍ਹਣ ਦਾ ਨਿਸ਼ਚਾ ਕਰ ਲਿਆ। ਪਰ ਸਮੱਸਿਆ ਇਹ ਸੀ ਕਿ ਕੁੜੀਆਂ ਨੂੰ ਪੜ੍ਹਾਉਣ ਲਈ ਮਹਿਲਾ ਅਧਿਆਪਕ ਕਿੱਥੋਂ ਲਿਆਂਦੀਆਂ ਜਾਣ? ਜਿੱਥੇ ਚਾਹ ਉਥੇ ਰਾਹ ਜ਼ਰੂਰ ਨਿਕਲ ਆਉਂਦਾ ਹੈ। ਇਸ ਮਹਾਨ ਕਾਰਜ ਦੀ ਜ਼ਿੰਮੇਵਾਰੀ ਸਾਵਿਤਰੀ ਬਾਈ ਫੁਲੇ ਨੇ ਖ਼ੁਦ ਸੰਭਾਲੀ। ਉਨ੍ਹਾਂ ਨੇ ਮਿਸ਼ਨਰੀ ਕਾਲਜ ਤੋਂ ਟੀਚਰ ਟ੍ਰੇਨਿੰਗ ਦਾ ਕੋਰਸ ਪੂਰਾ ਕੀਤਾ। ਹੁਣ ਉਹ ਇੱਕ ਸਿੱਖਿਅਤ ਅਧਿਆਪਕਾ ਬਣ ਗਈ। ਇਸ ਤਰ੍ਹਾਂ ਜੋਤੀਬਾ ਅਤੇ ਸਾਵਿਤਰੀ ਬਾਈ ਨੇ ਪੂਨਾ ’ਚ ਸਨ 1948 ’ਚ ਪਹਿਲੇ ਮਹਿਲਾ ਵਿਦਿਆਲੇ ਦੀ ਨੀਂਹ ਰੱਖੀ। ਮਹਿਲਾਵਾਂ ਲਈ ਵਿਦਿਆਲਾ ਚਲਾਉਣਾ ਕੋਈ ਸੌਖਾ ਕੰਮ ਨਹੀਂ ਸੀ। ਸ਼ੁਰੂਆਤ ਵਿੱਚ ਮਾਪੇ ਆਪਣੀਆਂ ਬੱਚੀਆਂ ਨੂੰ ਸਕੂਲ ’ਚ ਪੜ੍ਹਨ ਲਈ ਭੇਜਨ ਲਈ ਤਿਆਰ ਨਹੀਂ ਸਨ। ਲੋਕ ਕੁੜੀਆਂ ਨੂੰ ਪੜ੍ਹਾਉਣ ਦੇ ਪੱਖ ’ਚ ਹੀ ਨਹੀਂ ਸਨ। ਅਣਜਾਣੇ ’ਚ ਉਨ੍ਹਾਂ ਨੇ ਇਹ ਧਾਰਨਾ ਬਣਾ ਲਈ ਸੀ ਕਿ ਜੇ ਕੁੜੀਆਂ ਨੂੰ ਪੜ੍ਹਾ ਦਿੱਤਾ ਗਿਆ ਤਾਂ ਉਨ੍ਹਾਂ ਦੀਆਂ ਸੱਤ ਕੁਲਾਂ ਨਰਕ ਦੀਆਂ ਹਿੱਸੇਦਾਰ ਬਣ ਜਾਣਗੀਆਂ। ਅਜਿਹੇ ਹਾਲਾਤਾਂ ’ਚ ਲੋਕਾਂ ਨੂੰ ਸਮਝਾਉਣਾ ਬੜਾ ਔਖਾ ਸੀ।
ਇਸ ਦੇ ਬਾਵਜੂਦ ਸਾਵਿਤਰੀ ਬਾਈ ਨੇ ਹਿੰਮਤ ਨਹੀਂ ਹਾਰੀ। ਇਹ ਲੋਕਾਂ ਦੇ ਘਰ-ਘਰ ਜਾਂਦੀ ਅਤੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਂਦੀ । ਸਿੱਖਿਆ ਦਾ ਮਹੱਤਵ ਦਸਦੀ। ਉਨ੍ਹਾਂ ਦੇ ਇਸ ਕਾਰਜ ਤੋਂ ਪੇਰਿਤ ਹੋ ਕੇ ਪੂਨਾ ਦੀ ਇਕ ਹੋਰ ਬਹਾਦੁਰ ਮਹਿਲਾ ਅਧਿਆਪਕਾ , ਫਾਤਿਮਾ ਸ਼ੇਖ, ਸਾਹਮਣੇ ਆਈ। ਫਾਤਿਮਾ ਸ਼ੇਖ ਦੇ ਨਾਲ ਆ ਜਾਣ ਨਾਲ, ਸਾਵਿਤਰੀ ਬਾਈ ਦਾ ਹੌਂਸਲਾ ਹੋਰ ਬੁਲੰਦ ਹੋ ਗਿਆ। ਫਾਤਿਮਾ ਸ਼ੇਖ ਦਾ ਸੰਬੰਧ ਇੱਕ ਸਾਧਾਰਨ ਮੁਸਲਿਮ ਪਰਵਾਰ ਨਾਲ ਸੀ। ਉਨ੍ਹਾਂ ਦਾ ਜਨਮ 9 ਜਨਵਰੀ 1831 ਨੂੰ ਹੋਇਆ ਸੀ। ਆਪਣੀ ਬਿਰਾਦਰੀ ਦੀ ਉਹ ਪਹਿਲੀ ਪੜ੍ਹੀ-ਲਿਖੀ ਔਰਤ ਸੀ। ਫਾਤਿਮਾ ਸ਼ੇਖ ਆਪਣੇ ਵੱਡੇ ਭਰਾ ਉਸਮਾਨ ਸ਼ੇਖ ਨਾਲ ਪੂਨੇ ’ਚ ਰਹਿੰਦੀ ਸੀ। ਉਸਮਾਨ ਸ਼ੇਖ, ਮਹਾਤਮਾ ਫੁਲੇ ਦੇ ਬਚਪਨ ਦੇ ਯਾਰ ਸਨ। ਮਹਾਤਮਾ ਫੁਲੇ ਦੀ ਤਰ੍ਹਾਂ ਉਹ ਵੀ ਖੁਲ੍ਹੇ ਵਿਚਾਰਾਂ ਦੇ ਸਨ। ਉਨ੍ਹਾਂ ਦੇ ਯਤਨਾ ਸਦਕਾ, ਫਾਤਿਮਾ ਵੀ ਪੜ੍ਹ-ਲਿਖ ਸਕੀ ਸੀ। ਫਾਤਿਮਾ ਸ਼ੇਖ ਦੇ ਨਾਲ ਜੁੜ ਜਾਣ ਕਾਰਨ ਕੁੜੀਆਂ ਦੇ ਸਕੂਲ ’ਚ ਜਾਨ ਆ ਗਈ।
ਹੁਣ ਕੁੜੀਆਂ ਦੇ ਸਕੂਲ ਦਾ ਕੰਮ ਬੜੇ ਉਤਸ਼ਾਹ ਨਾਲ ਚੱਲਣ ਲੱਗਾ। ਫਾਤਿਮਾ ਸ਼ੇਖ ਅਤੇ ਸਾਵਿਤਰੀ ਬਾਈ ਸਵੇਰੇ ਛੇਤੀ ਉਠ ਜਾਂਦੀਆਂ। ਪਹਿਲਾਂ ਆਪਣੇ ਘਰ ਦਾ ਕੰਮ ਪੂਰਾ ਕਰਦੀਆਂ, ਇਸ ਤੋਂ ਬਾਅਦ ਪੂਰਾ ਸਮਾਂ ਆਪਣੇ ਸਕੂਲ ਨੂੰ ਹੀ ਦਿੰਦੀਆਂ। ਜੋਤਿਬਾ ਅਤੇ ਉਸਮਾਨ ਸ਼ੇਖ ਦਾ ਸਹਿਯੋਗ ਵੀ ਉਨ੍ਹਾਂ ਨੂੰ ਬਰਾਬਰ ਮਿਲਦਾ ਰਹਿੰਦਾ। ਸ਼ੁਰੂਆਤ ਵਿੱਚ ਵਿਦਿਆਲੇ ’ਚ ਸਿਰਫ਼ ਛੇ ਕੁੜੀਆਂ ਹੀ ਸਨ। ਹੌਲੀ ਹੌਲੀ ਇਹ ਗਿਣਤੀ ਵੱਧਣ ਲੱਗੀ। ਸਾਰਾ ਕੁਝ ਇਕ ਯੋਜਨਾ ਤਹਿਤ ਚੱਲ ਰਿਹਾ ਸੀ। ਪਰ ਸ਼ਹਿਰ ਦੇ ਉੱਚਾ ਰੁਤਬਾ ਰੱਖਣ ਵਾਲਿਆਂ ਨੂੰ, ਕੁੜੀਆਂ ਦਾ ਇਸ ਤਰ੍ਹਾਂ ਪੜ੍ਹਨਾ ਠੀਕ ਨਾ ਲੱਗਾ। ਇਸ ਕਾਰਜ ਨੂੰ ਸ਼ਾਸਤਰ ਵਿਰੋਧੀ ਦੱਸ ਕੇ ਉਨ੍ਹਾਂ ਨੇ ਫੁਲੇ ਪਰਿਵਾਰ ਦਾ ਵਿਰੋਧ ਕੀਤਾ। ਇਸ ਦੇ ਬਾਵਜੂਦ ਸਾਵਿਤਰੀ ਬਾਈ ਆਪਣੇ ਕੰਮ ’ਚ ਲੱਗੀ ਰਹੀ। ਵਿਰੋਧ ਕਰਨ ਵਾਲਿਆਂ ਨੇ ਜੋਤਿਬਾ ਦੇ ਪਿਤਾ ਗੋਵਿੰਦਰਾਵ ’ਤੇ ਦਬਾਅ ਬਣਾਇਆ। ਗੋਵਿੰਦਰਾਵ ਨੂੰ ਸਮਾਜ ’ਚੋਂ ਛੇਕ ਦੇਣ ਦੀ ਧਮਕੀ ਦਿੱਤੀ ਗਈ। ਇਸ ਵਿਰੋਧ ਦੇ ਚਲਦਿਆਂ ਗੋਵਿੰਦਰਾਵ ਨੇ ਜੋਤਿਬਾ ਨੂੰ ਸਕੂਲ ਬੰਦ ਕਰ ਦੇਣ ਜਾਂ ਫਿਰ ਘਰ ਛੱਡ ਦੇਣ ਲਈ ਕਿਹਾ। ਜੋਤਿਬਾ ਅਤੇ ਸਾਵਿਤਰੀ ਬਾਈ ਕਿਸੇ ਵੀ ਸੂਰਤ ’ਚ ਆਪਣਾ ਮਿਸ਼ਨ ਜਾਰੀ ਰੱਖਣਾ ਚਾਹੁੰਦੇ ਸਨ। ਪਿਓ ਦੀ ਗੱਲ ਉਨ੍ਹਾਂ ਨਹੀਂ ਮੰਨੀ ਆਖਰ ’ਚ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਹੀ ਜਾਣਾ ਪਿਆ।
ਪਰ ਪੁਣੇ ਸ਼ਹਿਰ ’ਚ ਉਹਨਾਂ ਨੂੰ ਕੋਈ ਸਹਾਰਾ ਦੇਣ ਲਈ ਤਿਆਰ ਨਹੀਂ ਸੀ। ਸਾਵਿਤਰੀ ਬਾਈ ਨੂੰ ਘਰ ਨਾਲੋਂ ਵੱਧ ਚਿੰਤਾ ਕੁੜੀਆਂ ਦੀ ਪੜ੍ਹਾਈ ਦੀ ਸਤਾ ਰਹੀ ਸੀ। ਦੂਜੇ ਪਾਸੇ ਧਨਾਢ ਵਰਗ, ਜੋ ਕੁੜੀਆਂ ਦੀ ਪੜ੍ਹਾਈ ਖ਼ਿਲਾਫ਼ ਸੀ, ਨੇ ਜੋਤਿਬਾ ਅਤੇ ਸਾਵਿਤਰੀ ਬਾਈ ਫੁਲੇ ਦਾ ਸਮਾਜਿਕ ਬਹਿਸ਼ਕਾਰ ਕਰ ਦਿੱਤਾ ਸੀ। ਸਮਾਜਿਕ ਬਹਿਸ਼ਕਾਰ ਦੇ ਡਰ ਤੋਂ ਕੋਈ ਉਨ੍ਹਾਂ ਦੀ ਮਦਦ ਲਈ ਵੀ ਅੱਗੇ ਨਹੀਂ ਆਇਆ। ਫੁਲੇ ਪਰਿਵਾਰ ਨੂੰ ਧਰਮ ਵਿਰੋਧੀ ਐਲਾਨ ਦਿੱਤਾ ਗਿਆ । ਅਜਿਹੀ ਮੁਸੀਬਤ ਦੀ ਘੜੀ ’ਚ ਮਹਾਤਮਾ ਫੁਲੇ ਦਾ ਬਚਪਨ ਦਾ ਯਾਰ ਉਸਮਾਨ ਸ਼ੇਖ ਫਰਿਸ਼ਤਾ ਬਣ ਕੇ ਸਾਹਮਣੇ ਆਇਆ। ਉਸਮਾਨ ਸ਼ੇਖ ਨੇ ਆਪਣਾ ਨਿੱਜੀ ਵਾੜਾ ਫੁਲੇ ਪਰਿਵਾਰ ਲਈ ਖੋਲ੍ਹ ਦਿੱਤਾ। ਸ਼ੇਖ ਪਰਿਵਾਰ ਨੇ ਜੋਤਿਬਾ ਫੁਲੇ ਪਰਿਵਾਰ ਨੂੰ ਸਹਾਰਾ ਹੀ ਨਹੀਂ ਦਿੱਤਾ ਸਗੋਂ ਆਪਣੇ ਘਰ ਦਾ ਇੱਕ ਹੋਰ ਹਿੱਸਾ ਸਕੂਲ ਚਲਾਉਣ ਲਈ ਦੇ ਦਿੱਤਾ। ਇਸ ਤਰ੍ਹਾਂ ਕੁੜੀਆਂ ਦਾ ਵਿਦਿਆਲਾ ਹੁਣ ਫਾਤਿਮਾ ਸ਼ੇਖ ਦੇ ਘਰ ਤੋਂ ਹੀ ਚਲਨ ਲੱਗਾ। ਉਸਮਾਨ ਸ਼ੇਖ ਅਤੇ ਫਾਤਿਮਾ ਨੂੰ ਵੀ ਆਪਣੇ ਸਮਾਜ ਦਾ ਵਿਰੋਧ ਝੱਲਣਾ ਪੈ ਰਿਹਾ ਸੀ।
ਸਾਵਿਤਰੀ ਬਾਈ ਦੀ ਤਰ੍ਹਾਂ ਫਾਤਿਮਾ ਨੂੰ ਵੀ ਬੁਰਾ-ਭਲਾ ਕਿਹਾ ਜਾਂਦਾ। ਉਨ੍ਹਾਂ ’ਤੇ ਤਾਨੇ ਕੱਸੇ ਜਾਂਦੇ ਤੇ ਗਾਲਾਂ ਵੀ ਦਿੱਤੀਆਂ ਜਾਂਦੀਆਂ। ਉਨ੍ਹਾਂ ’ਤੇ ਚਿੱਕੜ, ਗੋਹਾ ਆਦਿ ਸੁੱਟਿਆ ਜਾਂਦਾ ਜਿਸ ਨਾਲ ਉਨ੍ਹਾਂ ਦੇ ਕੱਪੜੇ ਗੰਦੇ ਹੋ ਜਾਂਦੇ। ਦੋਨਾਂ ਔਰਤਾਂ ਚੁੱਪ ਚਾਪ ਇਹ ਜੁਲਮ ਸਹਿੰਦੀਆਂ ਰਹੀਆਂ। ਫਾਤਿਮਾ ਸ਼ੇਖ ਅਤੇ ਸਾਵਿਤਰੀ ਬਾਈ ਦੋਨੋਂ ਹੀ ਬੜੀਆਂ ਨਿਡਰ ਤੇ ਬਹਾਦੁਰ ਔਰਤਾਂ ਸਨ। ਦੋਨਾਂ ਨੇ ਹਾਰ ਨਹੀਂ ਮੰਨੀ । ਉਹ ਦੁੱਗਣੀ ਮਿਹਨਤ ਨਾਲ ਕੁੜੀਆਂ ਨੂੰ ਪੜ੍ਹਾਉਣ ਦੇ ਮਿਸ਼ਨ ’ਚ ਲੱਗੀਆਂ ਰਹੀਆਂ। ਉਨ੍ਹਾਂ ਨੇ 1850 ’ਚ ‘ਦ ਨੇਟਿਵ ਫਿਮੇਲ ਸਕੂਲ, ਪੁਣੇ’ ਨਾਂ ਦੀ ਸੰਸਥਾ ਬਣਾਈ। ਇਸ ਤਰ੍ਹਾਂ ਇਸ ਸੰਸਥਾ ਤਹਿਤ ਪੁਣੇ ਸ਼ਹਿਰ ਦੇ ਨੇੜੇ ਤੇੜੇ 18 ਵਿਦਿਆਲੇ ਖੋਲ੍ਹੇ। ਉਸ ਜ਼ਮਾਨੇ ’ਚ ਔਰਤਾਂ ਦੀ ਤਰ੍ਹਾਂ ਹੀ ਦਲਿਤ ਬੱਚਿਆਂ ਲਈ ਪੜ੍ਹਾਈ ਦੀ ਕੋਈ ਵਿਵਸਥਾ ਨਹੀਂ ਸੀ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ, ਮਹਾਤਮਾ ਫੁਲੇ ਨੇ ‘ਸੁਸਾਇਟੀ ਫਾਰ ਦ ਪਰਮੋਟਿੰਗ ਐਜੂਕੇਸ਼ਨ ਆਫ਼ ਮਹਾਰ ਐਂਡ ਮਾਂਗ’ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਔਰਤਾਂ ਦੇ ਨਾਲ ਨਾਲ ਵਾਂਝੇ ਸਮਾਜ ਦੇ ਬੱਚਿਆਂ ਲਈ ਵੀ ਸਕੂਲ ਦੀ ਸ਼ੁਰੂਆਤ ਹੋ ਗਈ ।
ਫਾਤਿਮਾ ਸ਼ੇਖ ਪਹਿਲੀ ਅਜਿਹੀ ਮੁਸਲਿਮ ਔਰਤ ਬਣੀ ਜਿਨ੍ਹਾਂ ਨੇ ਮੁਸਲਿਮ ਔਰਤਾਂ ਦੇ ਨਾਲ ਨਾਲ ਬਹੁਜਨ ਸਮਾਜ ਦੀ ਸਿੱਖਿਆ ਲਈ ਵੀ ਕੰਮ ਕੀਤਾ। ਸਾਵਿਤਰੀ ਬਾਈ ਦੀਆਂ ਚਿੱਠੀਆਂ ਤੋਂ ਸਾਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ। ਅਸੀਂ ਸਮਝ ਸਕਦੇ ਹਾਂ ਕਿ ਅੱਜ ਤੋਂ ਦੋ ਸੌ ਵਰ੍ਹੇ ਪਹਿਲਾਂ ਕਿਸੇ ਮੁਸਲਿਮ ਔਰਤ ਦਾ ਘਰ ਦੀ ਚਾਰ-ਦਿਵਾਰੀ ਤੋਂ ਬਾਹਰ ਨਿਕਲ ਕੇ ਸਮਾਜ ਸੇਵਾ ਕਰਨਾ, ਕਿੰਨੇ ਹੌਂਸਲੇ ਦਾ ਕੰਮ ਰਿਹਾ ਹੋਵੇਗਾ? ਫਾਤਿਮਾ ਸ਼ੇਖ ਨੇ ਸਾਵਿਤਰੀ ਬਾਈ ਦੇ ਮਿਸ਼ਨ ਨੂੰ ਅੱਗੇ ਹੀ ਨਹੀਂ ਵਧਾਇਆ ਸਗੋਂ ਮੁਸ਼ਕਿਲ ਸਮੇਂ ’ਚ ਉਨ੍ਹਾਂ ਦੇ ਨਾਲ ਖੜੀ ਰਹੀ। ਸਾਵਿਤਰੀ ਬਾਈ ਦੀ ਗ਼ੈਰ-ਹਾਜ਼ਰੀ ’ਚ ਸਕੂਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਫਾਤਿਮਾ ਸ਼ੇਖ ਹੀ ਸੰਭਾਲਦੀ ਸੀ। ਵਿਦਿਆਲਿਆਂ ’ਚ ਵਿਦਿਆਰਥੀਆਂ ਦੀ ਗਿਣਤੀ ਵੱਧਣ ਲੱਗੀ। ਸਿੱਖਿਆ ਹਾਸਲ ਕਰ ਲੈਣ ਬਾਅਦ ਉਨ੍ਹਾਂ ਦੀਆਂ ਵਿਦਿਆਰਥਣਾਂ ਵੀ ਅਧਿਆਪਕਾਵਾਂ ਦੀ ਭੂਮਿਕਾ ਨਿਭਾਉਣ ਲੱਗੀਆਂ। ਅੱਗੇ ਚੱਲ ਕੇ ਸਾਵਿਤਰੀ ਬਾਈ ਨੇ ਆਪਣੀ ਸਮਾਜ ਸੇਵਾ ਦੇ ਖ਼ੇਤਰ ’ਚ ਹੋਰ ਵਾਧਾ ਕੀਤਾ।
ਉਨ੍ਹਾਂ ਦਿਨਾਂ ’ਚ ਬਾਲ-ਵਿਆਹ ਦਾ ਚਲਨ ਆਮ ਸੀ। ਬਹੁਤ ਸਾਰੀਆਂ ਕੁੜੀਆਂ, ਛੋਟੀ ਉਮਰੇ ਹੀ ਵਿਧਵਾ ਹੋ ਜਾਂਦੀਆਂ ਸਨ। ਇਸ ਤੋਂ ਇਲਾਵਾ ਅਜਿਹੀਆਂ ਬਿਨਾਂ ਵਿਆਹੀਆਂ ਮਾਵਾਂ ਵੀ ਸਨ, ਜਿਨ੍ਹਾਂ ਨੂੰ ਸਮਾਜ ਪੂਰੀ ਤਰ੍ਹਾਂ ਨੱਕਾਰ ਦਿੰਦਾ ਸੀ ਅਤੇ ਇਨ੍ਹਾਂ ਪੀੜਤ ਅਣਵਿਆਹੀਆਂ ਮਾਵਾਂ ਕੋਲ ਖ਼ੁਦਕੁਸ਼ੀ ਤੋਂ ਇਲਾਵਾ ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ ਸੀ। ਮਹਾਤਮਾ ਫੁਲੇ ਅਤੇ ਸਾਵਿਤਰੀ ਬਾਈ ਨੇ ਅਜਿਹੀਆਂ ਪੀੜਤ ਔਰਤਾਂ ਲਈ 28 ਜਨਵਰੀ 1853 ਨੂੰ ‘ਬਾਲ ਹੱਤਿਆ ਪ੍ਰਤੀਬੰਧਕ ਘਰ’ ਦੇ ਨਾਂ ’ਤੇ ਇੱਕ ਆਸ਼ਰਮ ਖੋਲ੍ਹਿਆ। ਦੇਸ਼ ’ਚ ਔਰਤਾਂ ਲਈ ਅਜਿਹਾ ਪਹਿਲਾ ਆਸ਼ਰਮ ਸੀ। ਇਸ ਆਸ਼ਰਮ ’ਚ ਔਰਤਾਂ ਨੂੰ ਛੋਟੇ-ਮੋਟੇ ਕੰਮ ਵੀ ਸਿਖਾਏ ਜਾਂਦੇ ਸਨ। ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ। ਵੱਡੇ ਹੋਣ ’ਤੇ ਉਨ੍ਹਾਂ ਨੂੰ ਸਕੂਲ ’ਚ ਦਾਖ਼ਲ ਕਰਵਾਇਆ ਜਾਂਦਾ।
ਇੱਕ ਦਿਨ ਆਸ਼ਰਮ ’ਚ ਕਾਸ਼ਬਾਈ ਨਾਂ ਦੀ ਇੱਕ ਅਣਵਿਆਹੀ ਗਰਭਵਤੀ ਔਰਤ ਆਈ। ਸਾਵਿਤਰੀ ਬਾਈ ਨੇ ਉਸ ਨੂੰ ਸਹਾਰਾ ਦਿੱਤਾ। ਅੱਗੇ ਚੱਲ ਕੇ ਉਸ ਔਰਤ ਦੇ ਪੁੱਤਰ ਨੂੰ ਹੀ ਸਵਿਤਰੀ ਬਾਈ ਨੇ ਗੋਦ ਲੈ ਲਿਆ। ਇਹ ਬਾਲਕ ਵੱਡਾ ਹੋ ਕੇ ਡਾਕਟਰ ਯਸ਼ਵੰਤ ਅਖਵਾਇਆ। ਸਾਵਿਤਰੀ ਬਾਈ ਨੇ ਯਸ਼ਵੰਤ ਨੂੰ ਪੜ੍ਹਾ ਲਿਖਾ ਕੇ ਇੱਕ ਸਫ਼ਲ ਡਾਕਟਰ ਬਣਾਇਆ। 1896 ਦੀ ਗੱਲ ਹੈ, ਮੁੰਬਈ ਪੁਣੇ ’ਚ ਉਨ੍ਹਾਂ ਦਿਨਾਂ ’ਚ ਪਲੇਗ ਦੀ ਬਿਮਾਰੀ ਫੈਲੀ ਹੋਈ ਸੀ। ਸਾਵਿਤਰੀ ਬਾਈ ਲੋਕਾਂ ਦੀ ਸੇਵਾ ’ਚ ਮਸਤ ਰਹਿੰਦੀ। ਉਸੇ ਦੌਰਾਨ ਉਹ ਪਲੇਗ ਦੀ ਲਪੇਟ ’ਚ ਆ ਗਈ। ਅਤੇ 10 ਮਾਰਚ 1897 ਨੂੰ ਇਸ ਮਹਾਨ ਸਮਾਜ ਸੇਵਕਾ ਨੇ ਇਸ ਫਾਨੀ ਸਮਾਜ ਨੂੰ ਅਲਵਿਦਾ ਕਹਿ ਦਿੱਤੀ।
ਸਾਵਿਤਰੀ ਬਾਈ ਅਤੇ ਫਾਤਿਮਾ ਸ਼ੇਖ ਨੇ ਸੈਂਕੜਿਆਂ ਔਰਤਾਂ ਦੀ ਜ਼ਿੰਦਗੀ ’ਚ ਵਿਦਿਆ ਦਾ ਦੀਵਾ ਬਾਲ ਕੇ ਉਨ੍ਹਾਂ ਦੇ ਜੀਵਨ ਨੂੰ ਰੌਸ਼ਨ ਕੀਤਾ। ਵਿਦਿਆ ਰਾਹੀਂ ਦਲਿਤਾਂ ਅਤੇ ਔਰਤਾਂ ਨੂੰ ਸਵੈ-ਮਾਨ ਨਾਲ ਜੀਉਣ ਦਾ ਰਾਹ ਦੱਸਿਆ। ਅੱਜ ਭਾਰਤ ’ਚ ਔਰਤਾਂ ਤਰੱਕੀ ਦੇ ਰਾਹ ’ਤੇ ਕਦਮ ਦਰ ਕਦਮ ਅੱਗੇ ਵਧ ਰਹੀਆਂ ਹਨ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਜ਼ਾਦ ਹਨ। ਔਰਤਾਂ ਦੀ ਖੁਸ਼ਹਾਲੀ ’ਚ ਮਹਾਤਮਾ ਫੁਲੇ, ਸਾਵਿਤਰੀ ਬਾਈ ਅਤੇ ਫਾਤਿਮਾ ਸ਼ੇਖ ਵਰਗੀਆਂ ਮਹਾਨ ਸਖਸ਼ੀਅਤਾਂ ਦਾ ਸੰਘਰਸ਼ ਅਤੇ ਤਿਆਗ ਲੁਕਿਆ ਹੋਇਆ ਹੈ। ਅਜਿਹੀਆਂ ਲਾਮਿਸਾਲ ਸ਼ਖਸੀਅਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
-ਮੁਖ਼ਤਾਰ ਖ਼ਾਨ