ਪੰਜਾਬ ਦੀ ਧਰਤੀ ਦਾ 19ਵੀਂ ਸਦੀ ਦਾ ਮਹਾਨ ਨਾਇਕ ਜੱਟ ਜਿਉਣਾ ਮੌੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜ ਦਾ ਜੰਮਪਲ ਸੀ। ਮੌੜ ਪਿੰਡ ਵਿੱਚ ਵਸਦੀਆਂ ਦੋ ਪੱਤੀਆਂ ਵਿੱਚੋਂ ਜਾਨੀ ਪੱਤੀ ਨਾਲ ਸਬੰਧਿਤ ਖੜਗ ਸਿੰਘ ਦਾ ਇੱਕ ਨਿੱਕਾ ਜਿਹਾ ਪਰਿਵਾਰ ਜੀਵਨ ਗੁਜ਼ਰ ਕਰਦਾ ਆ ਰਿਹਾ ਸੀ। ਖੜਗ ਸਿੰਘ ਅਤੇ ਉਸ ਦੇ ਦੋਵੇਂ ਪੁੱਤਰ ਆਪਣੇ ਹਿੱਸੇ ਆਉਂਦੀ ਜ਼ਮੀਨ ਤੇ ਖੇਤੀ ਕਰਦੇ ਕੁਝ ਜ਼ਮੀਨ ਸਰਦਾਰ ਵਾਸਦੇਵ ਤੋਂ ਵਟਾਈ ਤੇ ਲੈ ਕੇ ਖੇਤੀ ਕਰਦੇ ।ਫਸਲ ਬਹੁਤੀ ਚੰਗੀ ਨਾ ਹੋਣ ਕਾਰਨ ਖੜਗ ਸਿੰਘ ਸਰਦਾਰ ਵਾਸਦੇਵ ਨੂੰ ਵਟਾਈ ਦੀ ਫਸਲ ਨਾ ਦੇ ਸਕਿਆ। ਸਰਦਾਰ ਵਾਸਦੇਵ ਨਾਭੇ ਰਿਆਸਤ ਤੱਕ ਪਹੁੰਚ ਰੱਖਣ ਕਰਕੇ ਕਈ ਲੱਠਮਾਰ ਰੱਖਦਾ। ਉਹ ਪਿੰਡ ਦੇ ਲੋਕਾਂ ਉਪਰ ਆਪਣਾ ਦਬਦਬਾ ਬਣਾ ਕੇ ਰਖਦਾ। ਫਸਲ ਦੀ ਵਟਾਈ ਨਾ ਮਿਲਣ ਕਾਰਨ ਵਾਸਦੇਵ ਸਰਦਾਰ ਨੇ ਖੜਗ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਵੀ ਚੰਗਾ ਵਰਤਾਓ ਨਾ ਕੀਤਾ ਜੋ ਕਿਸ਼ਨੇ ਮੌੜ ਨੂੰ ਸਹਿਣ ਕਰਨਾ ਔਖਾ ਹੋ ਗਿਆ। ਵਾਸਦੇਵ ਸਰਦਾਰ ਨੇ ਇੱਕ ਵਾਰ ਖੇਤੋਂ ਸਾਗ ਤੋੜਦੀ ਸੰਤੀ (ਜਿਊਣੇ ਮੌੜ ਦੀ ਮਾਂ) ਨੂੰ ਵੀ ਮੰਦਾ ਬੋਲਿਆ । ਖੇਤਂੋ ਬਾਹਰ ਕੱਢ ਦਿੱਤਾ। ਕਿਸ਼ਨੇ ਮੋੜ ਤੋਂ ਇਹ ਸਭ ਸਹਿਣ ਨਾ ਹੋਇਆ। ਕਿਸ਼ਨਾ ਵਾਸਦੇਵ ਨਾਲ ਘਿ੍ਰਣਾ ਕਰਨ ਲੱਗਿਆ। ਵਾਸਦੇਵ ਸਰਦਾਰ ਦੇ ਤਸ਼ੱਦਦ ਲਗਾਤਾਰ ਪਿੰਡ ਵਾਲਿਆਂ ਉਪਰ ਵਧਦੇ ਜਾ ਰਹੇ ਸਨ। ਵਾਸਦੇਵ ਸਰਦਾਰ ਕਿਸ਼ਨੇ ਮੌੜ ਨਾਲ ਕੁਝ ਜ਼ਿਆਦਾ ਹੀ ਖਹਿਬਾਜ਼ੀ ਕਰਨ ਲੱਗ ਪਿਆ।
ਮਨ ਹੀ ਮਨ ਵਸਦੇਵ ਸਰਦਾਰ ਵੱਲੋਂ ਕੀਤੀ ਬੇਇਜਤੀ ਦਾ ਦੁੱਖ ਵੀ ਮਹਿਸੂਸ ਕਰਦਾ । ਕੁਝ ਸਮੇਂ ਪਿੱਛੇ ਕਿਸ਼ਨੇ ਮੌੜ ਨੇ ਜੈਮਲ ਨਾਲ ਰਲ ਕੇ ਵਾਸਦੇਵ ਨੂੰ ਸਬਕ ਸਿਖਾਉਣ ਦੀ ਗੱਲ ਧਾਰ ਲਈ ਪਰ ਚੰਗੀ ਕਿਸਮਤ ਵਾਸਦੇਵ ਸਰਦਾਰ ਆਪਣੀ ਹਵੇਲੀ ਨਾ ਮਿਲਿਆ। ਵਾਸਦੇਵ ਸਰਦਾਰ ਨੂੰ ਕਿਸ਼ਨਾ ਮੌੜ ਅਪਣੀ ਬੇਇਜਤੀ ਦਾ ਬਦਲਾ ਲੈਣ ਦਾ ਅਹਿਸਾਸ ਕਰਾਉਣ ਲਈ ਉਸ ਦਿਨ ਸਰਦਾਰਨੀ ਦੇ ਕੰਨਾਂ ਦੀਆਂ ਡੰਡੀਆਂ ਪੱਟ ਕੇ ਲੈ ਗਿਆ। ਵਾਸਦੇਵ ਸਰਦਾਰ ਨੂੰ ਜਦੋਂ ਸਰਦਾਰਨੀ ਦੀਆਂ ਡੰਡੀਆਂ ਬਾਰੇ ਪਤਾ ਲੱਗਾ । ਵਾਸਦੇਵ ਸਰਦਾਰ ਅੱਗ ਭਬੂਲਾ ਹੋ ਉਠਿਆ। ਕਿਸ਼ਨੇ ਮੋੜ ਨੇ ਮੌਕਾ ਤਾੜਦੇ ਹੋਏ ਵਾਸਦੇਵ ਨੂੰ ਪਾਰ ਬੁਲਾ ਦਿੱਤਾ। ਕਿਸ਼ਨਾ ਮੌੜ ਅਤੇ ਜੈਮਲ ਵਾਸਦੇਵ ਦੇ ਕਤਲ ਪਿੱਛੋਂ ਵੀ ਸ਼ਾਹੂਕਾਰਾਂ ਜਿੰਮੀਦਾਰਾਂ ਵੱਡੇ ਧਨਾਢਾਂ ’ਤੇ ਕਾਰਵਾਈਆਂ ਪਾਉਂਦੇ ਰਹੇ।ਟੂੰਮਾਂ ਗਹਿਣੇ ਪੈਸਾ ਜੋ ਵੀ ਮਾਲ ਹੁੰਦਾ ਕਿਸ਼ਨਾ ਮੌੜ ਜੈਮਲ ਕੋਲ ਆਪਣੀ ਅਮਾਨਤ ਰੱਖ ਦਿੰਦਾ। ਇਕ ਦਿਨ ਕਿਸ਼ਨੇ ਮੌੜ ਦੇ ਮਨ ਵਿੱਚ ਖਿਆਲ ਆਇਆ ਕਿ ਆਪਣੇ ਹਿੱਸੇ ਦੇ ਗਹਿਣੇ ਟੂੰਮਾਂ ਪੈਸਿਆਂ ਨਾਲ ਕਿਉਂ ਨਾ ਪਿੰਡ ਦੋ-ਚਾਰ ਕਿੱਲੇ ਜ਼ਮੀਨ ਖਰੀਦ ਲਈ ਜਾਵੇ। ਜਿਊਣਾ ਤਾਂ ਮੌਜ਼ਾ ਮਾਣੂ। ਕਿਸ਼ਨੇ ਮੌੜ ਨੇ ਜੈਮਲ ਤੋਂ ਆਪਣੇ ਹਿੱਸੇ ਦੇ ਟੂੰਮਾਂ ਗਹਿਣਿਆਂ ਦੀ ਮੰਗ ਕੀਤੀ। ਜੈਮਲ ਸਾਫ ਮੁਕਰ ਗਿਆ। ਕਿਸ਼ਨੇ ਮੌੜ ਨੂੰ ਬਹੁਤ ਦੁੱਖ ਹੋਇਆ। ਕਿਸ਼ਨੇ ਮੌੜ ਨੇ ਕੁਝ ਦਿਨ ਵਿੱਚ ਹੀ ਜੈਮਲ ਨੂੰ ਪਾਰ ਬੁਲਾ ਦਿੱਤਾ।
ਘਰ ਛੱਡਣ ਤੋਂ ਬਾਅਦ ਜਿਉਣੇ ਮੌੜ ਨੇ ਚਨਾਗਰੇ ਦੇ ਚਤਰੇ ਨੂੰ ਮਿਲਣ ਦਾ ਮਨ ਬਣਾ ਲਿਆ। ਚਨਾਗਰੇ ਦੇ ਚਤਰੇ ਨਾਲ ਮਿਲ ਕੇ ਹੀ ਆਪਣਾ ਗ੍ਰੋਹ ਤਿਆਰ ਕੀਤਾ। ਜਿਊਣੇ ਮੌੜ ਦੇ ਗ੍ਰੋਹ ਵੱਲੋਂ ਪਿੰਡਾਂ ਦੇ ਧਨਾਢਾਂ ਸਾਹੂਕਾਰਾਂ ਜਿੰਮੀਦਾਰਾਂ ਤੋਂ ਕੀਤੀ ਲੁੱਟ ਵਹੀ ਖਾਤਿਆਂ ਬੇ- ਨਾਮਿਆਂ ਵਿੱਚ ਕਰਜ਼ਈ ਕੀਤੇ ਲੋਕਾਂ ਨੂੰ ਮੁਕਤ ਕਰਾਉਣ ਬਾਰੇ ਕਾਰਵਾਈਆਂ ਪਾਉਣੀਆਂ ਸ਼ੁਰੂ ਹੋ ਗਈਆਂ। ਗਰੀਬ ਬੇ-ਸਹਾਰੇ ਲੋਕਾਂ ਦੀ ਮਦਦ ਕਰਨ ਅਤੇ ਕਿਸੇ ਵੀ ਧੀ ਭੈਣ ਨੂੰ ਗੁੰਡੇ ਬਦਮਾਸਾਂ ਕੋਲੋ ਤੰਗ ਕਰਨ, ਦਾਜ ਦੀ ਮੰਗ ਕਾਰਨ ਘਰ ਬੈਠੀਆਂ ਕੁੜੀਆਂ ਨੂੰ ਉਨ੍ਹਾਂ ਦੇ ਸਹੁਰੇ ਘਰ ਤੋਰਨ ਜਿਹੇ ਨੇਕ ਕੰਮਾਂ ਕਰਕੇ ਜਿਉਣੇ ਮੌੜ ਦਾ ਨਾਮ ਕੁਝ ਸਮੇਂ ਵਿੱਚ ਹੀ ਪੂਰਾ ਮਸ਼ਹੂਰ ਹੋ ਗਿਆ।
ਪੁਲਿਸ ਵੱਲੋਂ ਅੰਗਰੇਜ਼ ਫਿਰੰਗੀ ਦੀ ਮੌਤ ਅਤੇ ਗ੍ਰੋਹ ਦੀ ਦਹਿਸ਼ਤ ਕਰਕੇ ਜਿਉਣੇ ਦੀ ਭਾਲ ਪੂਰੇ ਜੋਰ ਤੇ ਸੀ।ਜਿਉਣਾ ਇਸ ਸਮੇਂ ਲੋਕਾਂ ਦਾ ਚਹੇਤਾ ਵੀ ਬਹੁਤ ਹੋ ਗਿਆ ਸੀ।ਇਹਨਾਂ ਦਿਨਾਂ ਵਿੱਚ ਹੀ ਸੰਗਰੂਰ ਹਲਕੇ ਦੇ ਫਲੇੜਾ ਪਿੰਡ ਦਾ ਬੰਦਾ ਘੁੰਮਣ ਸਿੰਘ ਭੰਗੂ ਵੀ ਕਾਲੇ ਪਾਣੀ ਦੀ ਸਜਾ ਕੱਟ ਕੇ ਆਇਆ ਸੀ।ਘੁੰਮਣ ਸਿੰਘ ਦੇ ਪਿੰਡ ਆਉਣ ਸਮੇਂ ਕਿਸ਼ਨੇ ਮੌੜ ਨੇ ਅਹਿਮਦ ਡੋਗਰ ਵਲੋਂ ਕੀਤੀ ਗਦਾਰੀ ਦੀ ਸਾਰੀ ਕਹਾਣੀ ਇਕ ਚਿੱਠੀ ਵਿੱਚ ਲਿਖ ਕੇ ਭੇਜੀ ਸੀ। ਘੁੰਮਣ ਸਿੰਘ ਨੂੰ ਹਦਾਇਤ ਵੀ ਕੀਤੀ ਸੀ ਕਿ ਜੇਕਰ ਉਸ ਦਾ ਭਰਾ ਜਿਉਣਾ ਨਾ ਮਿਲੇ ਤਾਂ ਇਸ ਚਿੱਠੀ ਨੂੰ ਪਾੜ ਦੇਵੇ, ਜਿਉਣੇ ਤੋਂ ਬਿਨਾਂ ਇਹ ਚਿੱਠੀ ਕਿਸੇ ਨੂੰ ਨਾ ਦੇਵੇ।ਘੁੰਮਣ ਸਿੰਘ ਇਹ ਚਿੱਠੀ ਪਿੰਡ ਮੌੜ ਜਿਉਣੇ ਨੂੰ ਦੇਣ ਆਇਆ ਪਰ ਜਿਉਣਾ ਪਿੰਡ ਨਾ ਮਿਲਣ ਕਾਰਨ ਘੁੰਮਣ ਸਿੰਘ ਚਿੱਠੀ ਆਪਣੇ ਨਾਲ ਹੀ ਵਾਪਿਸ ਲੈ ਗਿਆ। ਪਿੰਡ ਦੇ ਗੋਖੇ ਰਾਹੀਂ ਜਿਉਣੇ ਨੂੰ ਇਸ ਚਿੱਠੀ ਦੀ ਜਾਣਕਾਰੀ ਮਿਲੀ। ਚਿੱਠੀ ਬਾਰੇ ਪਤਾ ਲੱਗਣ ਤੇ ਜਿਉਣਾ ਖੁਦ ਘੁੰਮਣ ਪਾਸ ਚਿੱਠੀ ਲੈਣ ਗਿਆ। ਪਰ ਘੁੰਮਣ ਨਾ ਮਿਲਿਆ। ਜਿਉਣਾ ਘੁੰਮਣ ਨੂੰ ਮਿਲਣ ਦੀ ਤਾਂਘ ਵਿੱਚ ਸੀ। ਆਖਰ ਕੁਝ ਦਿਨਾਂ ਪਿੱਛੋ ਜਿਊਣਾ ਘੁੰਮਣ ਨੂੰ ਮਿਲਿਆ ਤਾਂ ਘੁੰਮਣ ਨੇ ਕਿਸਨੇ ਨਾਲ ਹੋਈ ਗਦਾਰੀ ਬਾਰੇ ਗੱਲਾਂ ਕੀਤੀਆਂ। ਅਹਿਮਦ ਡੋਗਰ ਵੱਲੋਂ ਕੀਤੀ ਗਦਾਰੀ ਬਾਰੇ ਸੁਣ ਜਿਉਣੇ ਦਾ ਖੂਨ ਖੋਲਣ ਲੱਗ ਪਿਆ।ਜਿਉਣੇ ਨੂੰ ਆਪਣੇ ਆਪ ਨੂੰ ਕਾਬੂ ਰੱਖਣਾ ਔਖਾ ਹੋ ਗਿਆ । ਜਿਊਣਾ ਹਰ ਸਮੇਂ ਡੋਗਰ ਵੱਲੋਂ ਕੀਤੀ ਗਦਾਰੀ ਦਾ ਬਦਲਾ ਲੈਣ ਬਾਰੇ ਸੋਚਣ ਲੱਗਾ।ਇਹ ਗੱਲ ਹੁਣ ਜਿਉਣੇ ਨੂੰ ਸੌਣ ਨਹੀਂ ਸੀ ਦਿੰਦੀ। ਜਿਉਣਾ ਹਰ ਸਮੇਂ ਉਦਾਸਿਆ ਜਿਹਾ ਰਹਿਣ ਲੱਗਾ। ਜਿਉਣੇ ਵੱਲੋਂ ਆਪਣੇ ਗ੍ਰੋਹ ਨਾਲ ਗੱਲ ਸਾਂਝੀ ਕਰਨ ਤੇ ਸਾਰੇ ਹੀ ਅਹਿਮਦ ਡੋਗਰ ਤੋਂ ਬਦਲਾ ਲੈਣ ਲਈ ਅੱਗ ਭਬੂਲਾ ਹੋ ਉਠੇ।
ਜਿਉਣੇ ਦੇ ਗ੍ਰੋਹ ਵਲੋਂ ਅਹਿਮਦ ਡੋਗਰ ਦੀ ਹਵੇਲੀ ਵਿੱਚ ਤਿੰਨ ਚਾਰ ਲੱਠਮਾਰਾਂ ਨੂੰ ਪਾਰ ਬੁਲਾ ਦਿੱਤਾ।ਇਹ ਜਿਉਣੇ ਵੱਲੋਂ ਡੋਗਰ ਨੂੰ ਸੁਚੇਤ ਕੀਤਾ ਗਿਆ ਸੀ। ਅਹਿਮਦ ਡੋਗਰ ਨੂੰ ਬਦਲੇ ਲਈ ਲਲਕਾਰਿਆ ਗਿਆ ਸੀ।ਅਹਿਮਦ ਡੋਗਰ ਵੱਲੋਂ ਇਸ ਗੱਲ ਦੀਆਂ ਇਤਲਾਹਾਂ ਚੌਕੀਆਂ ਥਾਣਿਆਂ ਵਿੱਚ ਕੀਤੀਆਂ ਗਈਆਂ। ਅਹਿਮਦ ਡੋਗਰ ਪੂਰੀ ਤਰ੍ਹਾਂ ਡਰ ਗਿਆ ਸੀ।ਕੁਝ ਦਿਨਾਂ ਪਿੱਛੋਂ ਹੀ ਜਿਊਣੇ ਮੌੜ ਦੇ ਗ੍ਰੋਹ ਨੇ ਹਰਿਆਊ ਡਸਕੇ ਵੱਲ ਅਹਿਮਦ ਡੋਗਰ ਦੇ ਇਲਾਕੇ ਵਿੱਚ ਦੈੜਾ ਵੱਲ ਡੇਰਾ ਜਾ ਲਾਇਆ। ਜਿਉਣੇ ਵੱਲੋਂ ਇਕ ਬੱਕਰੀਆਂ ਚਾਰਨ ਵਾਲੇ ਆਜੜੀ ਰਾਹੀਂ ਸੁਨੇਹਾ ਭੇਜਿਆ ਗਿਆ ਕਿ ਬਾਹਰ ਦੈੜਾ ਵੱਲ ਜਿਉਣਾ ਅਹਿਮਦ ਡੋਗਰ ਦਾ ਇੰਤਜਾਰ ਕਰ ਰਿਹਾ ਹੈ। ਆ ਕੇ ਟਾਕਰਾ ਕਰੇ। ਹੰਕਾਰਿਆ ਭੂਸਰਿਆ ਅਹਿਮਦ ਡੋਗਰ ਪਲ ਵਿੱਚ ਹੀ ਤਿਆਰ ਹੋ ਗਿਆ।ਡੋਗਰ ਆਪਣੇ ਲੱਠਮਾਰਾਂ ਨੂੰ ਨਾਲ ਲੈ ਕੇ ਦੈੜਾ ਵੱਲ ਹੋ ਗਿਆ। ਕੁਝ ਲੱਠਮਾਰ ਤਾਂ ਰਸਤੇ ਵਿੱਚੋਂ ਹੀ ਡੋਗਰ ਦਾ ਸਾਥ ਛੱਡ ਕੇ ਭੱਜ ਨਿਕਲੇ। ਜਦੋਂ ਡੋਗਰ ਦੈੜਾ ਵੱਲ ਜਿਉਣੇ ਮੌੜ ਕੋਲ ਪਹੁੰਚਿਆ ।ਦੋ ਤਿੰਨ ਲੱਠਮਾਰ ਹੀ ਡੋਗਰ ਨਾਲ ਸਨ। ਚਤਰੇ ਨੇ ਦਾਅ ਖੇਡਦਿਆਂ ਚੰਨਣ ਤੇ ਦੋਲੇ ਨੂੰ ਡੋਗਰ ਦੀ ਹਵੇਲੀ ਵੱਲ ਭੇਜ ਦਿੱਤਾ।ਚੰਨਣ ਹੋਰਾਂ ਨੂੰ ਡੋਗਰ ਦੀ ਹਵੇਲੀ ਅੱਗੇ ਖੜ੍ਹਨ ਲਈ ਕਿਹਾ।ਕਿਤੇ ਅਹਿਮਦ ਡੋਗਰ ਭੱਜ ਕੇ ਹਵੇਲੀ ਨਾ ਜਾ ਵੜੇ।ਸਾਹਮਣੇ ਘੋੜੀ ਉਪਰ ਜਿਉਣੇ ਨੂੰ ਵੇਖ ਕੇ ਡੋਗਰ ਅੰਦਰੋਂ ਦਹਿਲ ਗਿਆ। ਉਸਨੇ ਮੋਡਿਓ ਬੰਦੂਕ ਲਾਹੀ ਨਿਸ਼ਾਨਾ ਸੇਧਣ ਹੀ ਲੱਗਾ ਸੀ। ਜਿਉਣੇ ਨੇ ਗੋਲੀ ਦਾਗ ਦਿੱਤੀ। ਡੋਗਰ ਦੀ ਘੋੜੀ ਤ੍ਰਭਕੀ, ਹਿਣਕੀ, ਗੋਲੀ ਘੋੜੀ ਦੀਆਂ ਮੂੰਹਰਲੀਆਂ ਟੰਗਾਂ ਵਿੱਚ ਜਾ ਲੱਗੀ। ਘੋੜੀ ਨੇ ਡੋਗਰ ਨੂੰ ਜਮੀਨ ਤੇ ਸੁੱਟ ਦਿੱਤਾ। ਡੋਗਰ ਉਠ ਕੇ ਆਪਣੀ ਹਵੇਲੀ ਵੱਲ ਭੱਜ ਲਿਆ।ਜਿਉਣੇ ਤੇ ਉਸ ਦੇ ਸਾਥੀਆਂ ਨੇ ਵੀ ਘੋੜੀਆਂ ਡੋਗਰ ਦੇ ਪਿੱਛੇ ਹੀ ਲਾ ਲਈਆਂ। ਹਵੇਲੀ ਦੇ ਬੂਹੇ ਅੱਗੇ ਡੋਗਰ ਘੇਰ ਲਿਆ।ਜਿਉਣਾ ਸੂਰਮਾ ਸੀ ਬਿਨਾਂ ਹਥਿਆਰ ਵਾਰ ਨਹੀਂ ਕਰਦਾ ਸੀ।ਜਿਉਣੇ ਨੇ ਡੋਗਰ ਨੂੰ ਪਹਿਲਾਂ ਵਾਰ ਕਰਨ ਲਈ ਕਿਹਾ। ਜਿਉਣੇ ਦੇ ਇਸ਼ਾਰੇ ਤੇ ਚਤਰੇ ਨੇ ਬੰਦੂਕ ਡੋਗਰ ਵੱਲ ਧੱਕ ਦਿੱਤੀ। ਹਰਫਲੇ ਡੋਗਰ ਤੋਂ ਗੋਲੀ ਚੱਲੀ ਜ਼ਰੂਰ ਘਰ ਹਵੇਲੀ ਦੇ ਦਰਵਾਜੇ ਨੂੰ ਜਾ ਲੱਗੀ । ਹੁਣ ਜਿਉਣੇ ਦੀ ਵਾਰੀ ਸੀ ਡੋਗਰ ਹਵੇਲੀ ਵੱਲ ਭੱਜਣ ਦਾ ਯਤਨ ਕਰਨ ਲੱਗਾ।ਜਿਉਣੇ ਨੇ ਭੱਜਦੇ ਡੋਗਰ ਦੇ ਸੱਜੇ ਪੱਟ ਵਿੱਚ ਗੋਲੀ ਦਾਗ ਦਿੱਤੀ। ਡੋਗਰ ਦੀ ਲੇਰ ਨਿਕਲ ਗਈ।ਉਦੋਂ ਹੀ ਇਕ ਹੋਰ ਗੋਲੀ ਚੱਲੀ ਫਿਰ ਇਕ ਹੋਰ ਤੇ ਇਕ ਹੋਰ। ਡੋਗਰ ਠੰਡਾ ਹੋ ਗਿਆ।
ਡੋਗਰ ਨੂੰ ਪਾਰ ਬੁਲਾਉਣ ਤੋਂ ਪਹਿਲਾ ਜਿਉਣੇ ਵਲੋਂ ਮਾਤਾ ਨੈਣਾ ਦੇਵੀ ਦੇ ਸੋਨੇ ਦਾ ਛਤਰ ਚੜ੍ਹਾਉਣ ਦੀ ਸੁੱਖ ਸੁੱਖੀ ਸੀ। ਛਤਰ ਚੜਾਉਣ ਵਾਲੀ ਸੁੱਖ ਦਾ ਇਲਮ ਫਿਰੰਗੀ ਸਰਕਾਰ ਨੂੰ ਹੋ ਗਿਆ ਸੀ। ਜਿਉਣੇ ਨੂੰ ਫੜ੍ਹਨ ਲਈ ਫੌਜ ਪੁਲਿਸ ਤੈਨਾਤ ਕਰ ਦਿੱਤੀ ਗਈ।ਭੀੜ ਵਿਚੋਂ ਲੱਗਦੇ ਹੋਏ ਜਿਉਣੇ ਵਲੋਂ ਮਾਤਾ ਨੈਣਾ ਦੇਵੀ ਤੇ ਜਦੋਂ ਛਤਰ ਚੜਾ ਕੇ ਜੈਕਾਰਾ ਲਾਇਆ। ਪੁਲਿਸ ਵਲੋਂ ਜਿਉਣੇ ਨੂੰ ਘੇਰ ਲਿਆ ਗਿਆ। ਜਿਉਂਣੇ ਨੂੰ ਘਿਰਿਆ ਵੇਖ ਕੇ ਚਤਰੇ ਨੇ ਗੋਲੀ ਚਲਾ ਦਿੱਤੀ। ਮੰਦਰ ਦੇ ਅੰਦਰ ਭਗਦੜ ਮੱਚ ਗਈ। ਚਾਰ ਚੁਫੇਰੇ ਚੀਕ ਚਿਹਾੜਾ ਪੈ ਗਿਆ। ਪੁਲਿਸ ਨਾਲ ਮੁਕਾਬਲੇ ਵਿੱਚ ਇਕ ਗੋਲੀ ਚਤਰੇ ਦੇ ਵੱਜੀ। ਚਤਰਾ ਫੜਿਆ ਗਿਆ। ਜਿਉਣਾ ਅਜਿਹੀ ਥਾਂ ਘੇਰਿਆ ਗਿਆ ਜਿੱਥੇ ਪਿੱਛੇ ਇਕ ਖੱਡ ਸੀ ।ਅੱਗੇ ਫੌਜ ਪੁਲਿਸ ।ਜਿਊਣੇ ਨੇ ਖੱਡ ਵੱਲ ਛਾਲ ਮਾਰ ਦਿੱਤੀ। ਡਿੱਗਦੇ ਦੀ ਸੱਜੀ ਲੱਤ ਦਾ ਟੁੱਟ ਗਈ ਪਿੰਡ ਦੇ ਕਿਸੇ ਬੰਦੇ ਨੇ ਵੀ ਜਿਉਣੇ ਦੀ ਸ਼ਨਾਖਤ ਨਾ ਕੀਤੀ। ਸਰਕਾਰ ਨੂੰ ਜਿਉਣੇ ਦੀ ਭੈਣ ਬਿਸ਼ਨੀ ਦਸੌਦਾ ਸਿੰਘ ਵਾਲੇ ਵਿਆਹੀ ਹੋਈ ਹੈ ਬਾਰੇ ਪਤਾ ਲੱਗਾ। ਬਿਸ਼ਨੀ ਨੂੰ ਜਿਉਣੇ ਦੀ ਸ਼ਨਾਖਤ ਲਈ ਪੁਲਿਸ ਵਲੋਂ ਬੁਲਾਇਆ ਗਿਆ।ਬਿਸ਼ਨੀ ਸਰਕਾਰ ਦੀ ਇਸ ਚਾਲ ਤੋਂ ਬੇਖਬਰ ਸੀ।ਬਿਸ਼ਨੀ ਥਾਣੇ ਆਉਂਦਿਆਂ ਹੀ ਧਾਅ ਮਾਰਕੇ ਰੋਣ ਲੱਗੀ। ਜਿਉਂਣ ਦੇ ਚਿੰਬੜ ਗਈ।ਪੁਲਿਸ ਅਧਿਕਾਰੀਆਂ ਦੇ ਚਿਹਰੇ ਚਮਕ ਗਏ।ਜਿਉਣੇ ਦੀ ਸ਼ਨਾਖਤ ਹੋ ਚੁੱਕੀ ਸੀ। ਸੰਗਰੂਰ ਦੀ ਕਚਹਿਰੀ ਵਿਚ ਜਿਉਣੇ ਉਪਰ ਸੰਗੀਨ ਜੁਰਮ ਲੱਗਣ ਦੇ ਮੁਕੱਦਮੇ ਚੱਲਣ ਦੀਆਂ ਖਬਰਾਂ ਸੁਣਦੀਆਂ ਰਹੀਆਂ। ਫਿਰ ਇਕ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਜਿਉਣੇ ਨੂੰ ਫਾਂਸੀ ਦਾ ਹੁਕਮ ਹੋਇਆ। 1893 ਵਿੱਚ ਜਿਉਣੇ ਨੂੰ ਹਿਸਾਰ ਦੀ ਜੇਲ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ।ਉਸ ਦਿਨ ਮੌੜ ਪਿੰਡ ਦੇ ਘਰਾਂ ਦੇ ਚੁੱਲਿਆਂ ਵਿੱਚ ਅੱਗ ਨਾ ਬਲੀ। ਪੰਜਾਬ ਦੇ ਮਾਲਵੇ ਇਲਾਕੇ ਦਾ ਨਾਇਕ ਜਿਉਣਾ ਮੌੜ ਸਦਾ ਲਈ ਅਮਰ ਹੋ ਗਿਆ। ਸੰਗਰੂਰ ਤੋਂ ਪਾਤੜ੍ਹਾ ਜੀ.ਟੀ. ਰੋਡ N8-71 (ਹੁਣ ਨਿਉਂ N8-52) ਤੇ ਸਥਿਤ ਪਿੰਡ ਮੌੜਾਂ ਵਿਖੇ ਜਿਉਣੇ ਮੌੜ ਦਾ ਬੁੱਤ ਗੁਰਦੁਆਰਾ ਗੜਬਾਸਰ ਛਾਉਣੀ ਕੋਲ ਲਗਾਇਆ ਗਿਆ ਹੈ।ਜਿੱਥੇ ਹਰ ਸਾਲ ਫਰਬਰੀ ਮਹੀਨੇ ਵਿੱਚ ਨਾਇਕ ਜਿਉਣੇ ਮੌੜ ਦੀ ਯਾਦ ਵਿੱਚ ਮੇਲਾ ਲੱਗਦਾ ਹੈ।
ਸੂਰਮੇ ਮਾਂ ਦੀ ਕੁੱਖ ਨੂੰ ਦਾਗ ਨਾ ਲਾਉਂਦੇ ਨੇ। ਸੱਥਾਂ ਵਿੱਚ ਲੋਕ ਮੌੜ ਦੀਆਂ ਬਾਤਾਂ ਬਹਿ ਪਾਉਂਦੇ ਨੇ।
ਤੁਰ ਗਿਆ ਕਰ ਪੈੜਾ ਜੱਗ ਤੇ ਲੋਕੀ ਦੇਵ ਕਹਿੰਦੇ ਨੇ।
ਮੜਿ੍ਹਆ ਤੇ ਦੀਵੇ ਲਗਦੇ ਲੋਕੀ ਨਾਂਉ ਲੈਂਦੇ ਨੇ। ਦਾਨੀ ਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ।
-ਮੋਬਾ: 94649-17901
ਗੁਰਜਿੰਦਰ ਸਿੰਘ