ਸਾਰਿਆਂ ਨੇ ਸੁਣਿਆ ਹੈ ਕਿ ਦੌੜਨਾ ਇੱਕ ਨਸ਼ੇ ਵਾਂਗ ਹੈ, ਇਹ ਆਦੀ ਬਣਾ ਲੈਂਦਾ ਹੈ ਪਰ ਫਿਰ ਵੀ ਅਸੀਂ ਸਾਰੇ ਭੱਜਣ ਤੋਂ ਭੱਜਦੇ ਹਾਂ।
ਕੁਝ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੂੰ ਭੱਜਣ ਤੋਂ ਨਫ਼ਰਤ ਹੈ, ਇਹ ਇੱਕ ਡਰਾਉਣੇ ਸੁਪਨੇ ਵਰਗਾ ਹੈ। ਆਖਰ ਜੋ ਚੀਜ਼ ਸਾਡੇ ਲਈ ਸਭ ਤੋਂ ਜ਼ਰੂਰੀ ਹੈ, ਅਸੀਂ ਉਸੇ ਨੂੰ ਨਫ਼ਰਤ ਕਿਉਂ ਕਰਦੇ ਹਾਂ? ਸਿੱਧਾ ਜਵਾਬ ਇਹ ਹੈ ਕਿ ਅਸੀਂ ''ਕਸਰਤ ਕਰਨ'' ਲਈ ਨਹੀਂ ਬਣੇ। ਮਨੁੱਖੀ ਇਤਿਹਾਸ ਵਿੱਚ ਹਮੇਸ਼ਾ ਹੀ ਇੱਕ ਜਾਂ ਦੂਜੇ ਕਾਰਨ ਕਰਕੇ ਖਾਣੇ ਦੀ ਕਮੀ ਰਹੀ ਹੈ। ਕੋਈ ਸਵੈ-ਇੱਛਾ ਨਾਲ ਕਸਰਤ ਨਹੀਂ ਸੀ ਕਰਦਾ। ਲੋਕਾਂ ਨੂੰ ਖਾਣੇ ਲਈ ਮਿਹਨਤ ਕਰਨੀ ਪੈਂਦੀ ਸੀ ਅਤੇ ਇੱਕ ਵਾਰ ਢਿੱਡ ਭਰ ਕੇ ਖਾਣ ਤੋਂ ਬਾਅਦ ਉਹ ਊਰਜਾ ਬਚਾਉਣ ਲਈ ਅਰਾਮ ਕਰਦੇ ਸਨ। ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਸੀ ਕਿ ਅਗਲਾ ਖਾਣਾ ਕਦੋਂ ਮਿਲੇਗਾ। ਇਸ ਲਈ ਜੇ ਤੁਸੀਂ ਜਿਮ ਜਾਣ ਦੀ ਥਾਂ ਨੈੱਟਫਲਿਕਸ ਦੇਖਣ ਲਈ ਸੋਫ਼ੇ 'ਤੇ ਫੈਲ ਜਾਂਦੇ ਹੋ ਤਾਂ ਤੁਸੀਂ ਕਸੂਰਵਾਰ ਨਹੀਂ ਹੋ।
21ਵੀਂ ਸਦੀ ਵਿੱਚ ਤਕੀਨੀਕੀ ਵਿਕਾਸ ਨੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ। ਭੱਜ-ਦੌੜ ਹੁਣ ਜ਼ਿੰਦਾ ਰਹਿਣ ਲਈ ਜ਼ਰੂਰੀ ਨਹੀਂ ਹੈ। ਜਿੰਨਾ ਨੁਕਸਾਨ ਆਪਣੀ ਸਿਹਤ ਦਾ ਅਸੀਂ ਵਹਿਲੇ ਪਏ ਰਹਿ ਕੇ ਕਰਦੇ ਹਾਂ ਓਨਾ ਨੁਕਸਾਨ ਸ਼ਾਇਦ ਹੀ ਕਿਸੇ ਹੋਰ ਤਰੀਕੇ ਨਾਲ ਹੁੰਦਾ ਹੋਵੇ। ਮੰਨੇ-ਪ੍ਰਮੰਨੇ ਮੈਡੀਕਲ ਜਨਰਲ ਦਿ ਲੈਨਸਿਟ ਵਿੱਚ ਛਪੇ ਇੱਕ ਅਧਿਐਨ ਵਿੱਚ ਵਹਿਲੇ ਪਏ ਰਹਿਣ ਨੂੰ ਕੈਂਸਰ ਸਮੇਤ ਹੋਰ ਕਈ ਬੀਮਾਰੀਆਂ ਨਾਲ ਜੋੜਿਆ ਗਿਆ ਹੈ। ਬਾਲਗਾਂ ਨੂੰ ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦਰਮਿਆਨੀ ਕਸਰਤ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਸ ਵਿੱਚ ਤੇਜ਼ ਤੁਰਨ ਤੋਂ ਲੈ ਕੇ ਹਲਕਾ ਸਾਈਕਲ ਚਲਾਉਣਾ ਅਤੇ ਘਾਹ ਕੱਟਣ ਵਰਗੇ ਕੰਮ ਸ਼ਾਮਲ ਹਨ। ਇਸ ਦੇ ਮੁਕਬਾਲੇ ਜੇ ਤੁਸੀਂ ਫਰਾਟਾ ਕਸਰਤ ਕਰਦੇ ਹੋ ਤਾਂ ਤੁਸੀਂ ਸਿਰਫ਼ ਅੱਧੇ ਸਮੇਂ ਯਾਨਿ ਕਿ 75 ਮਿੰਟ ਨਾਲ ਵੀ ਸਾਰ ਸਕਦੇ ਹੋ।