Thursday, March 23, 2023
Thursday, March 23, 2023 ePaper Magazine

ਪੰਜਾਬ

ਸਿਵਲ ਹਸਪਤਾਲ ਨੰਗਲ ’ਚ ਡਾਕਟਰ ਤੇ ਹਮਲਾ, ਝਗੜੇ ’ਚ ਡਾਕਟਰ ਗੰਭੀਰ ਜ਼ਖ਼ਮੀ

March 16, 2023 08:20 PM

ਮਾਮਲਾ ਦਰਜ ਕਰ ਪੁਲਿਸ ਨੇ ਦੋ ਨੂੰ ਲਿਆ ਹਿਰਾਸਤ ‘ਚ


ਨੰਗਲ, 16 ਮਾਰਚ (ਸਤਨਾਮ ਸਿੰਘ) : 15 ਮਾਰਚ ਦਿਨ ਬੁੱਧਵਾਰ ਨੂੰ ਨੰਗਲ ਸਿਵਲ ਹਸਪਤਾਲ ਵਿੱਚ ਡਾਕਟਰ ਨਾਲ ਮਰੀਜ ਅਤੇ ਉਸ ਨਾਲ ਆਏ ਰਿਸ਼ਤੇਦਾਰਾਂ ਦਾ ਵਾਦ ਵਿਵਾਦ ਪੈਦਾ ਹੋ ਗਿਆ। ਤਣਾਅਪੂਰਨ ਮਾਹੌਲ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਗਰਮੋ ਗਰਮੀ ਤੋਂ ਬਾਅਦ ਝਗੜਾ ਵੀ ਹੋਇਆ। ਜਿਸ ਵਿੱਚ ਡਿਊਟੀ ਦੇ ਰਹੇ ਡਾਕਟਰ ਅਮਨ ਕਾਲੀਆ ਦੀ ਅੱਖ ਤੇ ਸੱਟ ਅਤੇ ਹੋਰ ਗੁੱਝੀਆਂ ਸੱਟਾਂ ਲੱਗੀਆਂ। ਦੂਜੀ ਧਿਰ ਦਾ ਮੰਨਣਾ ਹੈ ਕਿ ਡਾਕਟਰ ਨੇ ਪਹਿਲ ਕੀਤੀ ਤੇ ਇਸ ਝਗੜੇ ਦੌਰਾਨ ਸਾਡੇ ਵੀ ਸੱਟਾਂ ਲੱਗੀਆਂ ਹਨ। ਚਰਚਾ ਵਾਲੀ ਗੱਲ ਇਹ ਰਹੀ ਹੈ ਕਿ ਹਸਪਤਾਲ ਤਾਂ ਪਹਿਲਾਂ ਹੀ ਸਹੂਲਤਾਂ ਤੋਂ ਵਾਂਝਾ ਹੈ ਤੇ ਅੱਖਾਂ ਦੇ ਮਾਹਰ ਡਾਕਟਰ ਅਮਨ ਕਾਲੀਆ ਦੀ ਅੱਖ ਤੇ ਜ਼ਿਆਦਾ ਸੱਟ ਲੱਗਣ ਕਰਕੇ ਉਨ੍ਹਾਂ ਨੂੰ ਰੈਫਰ ਸ਼ਬਦ ਦੇ ਨਾਮ ਤੇ ਮਸ਼ਹੂਰ ਸਿਵਲ ਹਸਪਤਾਲ ਨੰਗਲ ‘ਚੋਂ ਪੀਜੀਆਈ ਰੈਫਰ ਕਰਨਾ ਪਿਆ। ਸਵੇਰੇ 9 ਵਜੇ ਸਾਰੇ ਡਾਕਟਰ ਅਤੇ ਸਟਾਫ ਆਪਣਾ ਕੰਮ ਛੱਡ ਕੇ ਦਰੀ ਬਿੱਛਾ ਕੇ ਹਸਪਤਾਲ ਦੇ ਮੂਹਰਲੇ ਦਰਵਾਜੇ ਕੋਲ ਬੈਠ ਗਏ ਤੇ ਮਰੀਜ ਦੁਪਹਿਰ ਤਿੰਨ ਵੱਜੇ ਤੱਕ ਖ਼ੱਜਲ ਹੁੰਦੇ ਨਜ਼ਰ ਆਏ। ਸੀਐੱਮਓ ਪਰਮਿੰਦਰ ਕੁਮਾਰ ਦੇ ਆਉਣ ਮਗਰੋਂ ਡਾਕਟਰਾਂ ਨੇ ਧਰਨਾ ਖਤਮ ਕੀਤਾ।
ਧਰਨੇ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਸਪਤਾਲ ‘ਚ ਮੌਜੂਦ ਡਾਕਟਰਾਂ ਨੇ ਕਿਹਾ ਕਿ ਡਾ. ਅਮਨ ਕਾਲੀਆ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਅਸੀਂ ਉਦੋਂ ਤੱਕ ਧਰਨਾ ਨਹੀਂ ਹਟਾਉਣਾ ਜਦੋਂ ਤੱਕ ਕਥਿਤ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ। ਮਾਹੌਲ ਗਰਮਾਉਂਦਾ ਵੇਖ ਡੀਐੱਸਪੀ ਸਤੀਸ਼ ਕੁਮਾਰ ਅਤੇ ਐਸਐੱਚਓ ਦਾਨਿਸ਼ਵੀਰ ਸਿੰਘ ਪੁਲਿਸ ਪਾਰਟੀ ਸਣੇ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਐਸਐੱਮਓ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਦਰਜ ਕੀਤੀ ਐਫਆਈਆਰ ਦੀ ਕਾਪੀ ਡਾਕਟਰਾਂ ਨੂੰ ਦਿੱਤੀ ਤੇ ਕਿਹਾ ਕਿ ਡਾਕਟਰਾਂ ਦੀ ਮੰਗ ਮੁਤਾਬਿਕ ਦੋ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਖਿਲਾਫ ਧਾਰਾ 353, 186, 34 ਆਈਪੀਸੀ ਅਤੇ ਮੈਡੀਕਲ ਐਕਟ ਦੀ ਧਾਰਾ 3,4 ਅਧੀਨ ਮਾਮਲਾ ਦਰਜ ਕੀਤਾ ਹੈ। ਫਿਰ ਡਾਕਟਰਾਂ ਨੇ ਕਿਹਾ ਕਿ ਪਹਿਲਾਂ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਸਾਡੀ ਸੁੱਰਖਿਆ ਦਾ ਪ੍ਰਬੰਧ ਕੀਤਾ ਜਾਵੇ। ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੋਨੋ ਦੋਸ਼ੀ ਪੁਲਿਸ ਦੀ ਹਿਰਾਸਤ ਵਿੱਚ ਹਨ ਪਰ ਫਿਰ ਵੀ ਡਾਕਟਰ ਆਪਣੀ ਜਿੱਦ ਤੇ ਅੜੇ ਰਹੇ।
ਸਵੇਰੇ 9 ਵਜੇ ਸ਼ੁਰੂ ਤੋਂ ਧਰਨੇ ਤੇ ਬੈਠੇ ਡਾਕਟਰਾਂ ਕੋਲ ਸੀਐੱਮਓ ਪੁੱਜੇ। ਸੀਐੱਮਓ ਨੇ ਪਹਿਲਾਂ ਡਾਕਟਰਾਂ ਕੋਲੋ ਸਾਰੀ ਗੱਲਬਾਤ ਸੁਣੀ ਤੇ ਘਟਨਾ ਤੇ ਨਿੰਦਾ ਜਾਹਰ ਕੀਤੀ। ਉਨ੍ਹਾਂ ਮੌਕੇ ਤੇ ਮੌਜੂਦ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੂੰ ਕਿਹਾ ਕਿ ਪੁਲਿਸ ਸਾਡਾ ਸਾਥ ਦਵੇ ਤੇ ਕਥਿਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰੇ। ਕਿਉਂਕਿ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰੁੱਝੇ ਹੋਏ ਹਾਂ। ਡਾਕਟਰਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਜੇਕਰ ਸਾਡੇ ਤੇ ਹੀ ਹਮਲੇ ਹੋਣ ਲੱਗ ਪਏ ਤਾਂ ਅਸੀਂ ਆਪਣੀਆਂ ਸੇਵਾਵਾਂ ਕਿਵੇਂ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਪੁਲਿਸ ਸੁੱਰਖਿਆ ਸਬੰਧੀ ਅਤੇ ਤੀਜੇ ਕਥਿਤ ਦੋਸ਼ੀ ਤੇ ਕਾਰਵਾਈ ਸਬੰਧੀ ਡੀਸੀ ਰੂਪਨਗਰ ਨੂੰ ਵੀ ਪੱਤਰ ਲਿਖਿਆ ਜਾਵੇਗਾ। ਸੀਐੱਮਓ ਤੇ ਭਰੋਸੇ ਤੋਂ ਬਾਅਦ ਡਾਕਟਰ ਤੇ ਸਟਾਫ ਨੇ ਧਰਨਾ ਖ਼ਤਮ ਕੀਤਾ।
ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੰਦੀਪ ਕੁਮਾਰ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਝਗੜੇ ਦੀ ਪਹਿਲ ਡਾਕਟਰ ਦੁਆਰਾ ਕੀਤੀ ਗਈ ਸੀ। ਬੀਤੀ ਰਾਤ ਮੇਰੇ ਦਿੱਲ ਦੀ ਧੜਕਨ ਤੇਜ ਸੀ ਅਤੇ ਅਸੀਂ ਇਲਾਜ਼ ਕਰਵਾਉਣ ਬੀਤੀ ਰਾਤ ਸਿਵਲ ਹਸਤਪਾਲ ਗਏ ਸੀ। ਮੇਰੀ ਪਰਚੀ ਲਿਖਣ ਵਾਲੇ ਨੇ ਮੈਨੂੰ 5 ਨੰਬਰ ਕਮਰੇ ਵਿੱਚ ਜਾਣ ਲਈ ਕਿਹਾ। ਉਸਨੇ ਪਹਿਲਾਂ ਮੈਨੂੰ ਕਿਹਾ ਕਿ ਤੁਸੀਂ ਸ਼ਰਾਬ ਪੀਤੀ ਹੋਈ ਤੇ ਮੈਂ ਕਿਹਾ ਕਿ ਨਹੀਂ ਸਰ ਮੈਂ ਸ਼ਰਾਬ ਨਹੀਂ ਪੀਤੀ ਤੇ ਨਾ ਹੀ ਕੋਈ ਹੋਰ ਨਸ਼ਾ ਕੀਤਾ ਹੋਇਆ। ਡਾਕਟਰ ਸਾਹਿਬ ਨੇ ਮੈਨੂੰ ਈਸੀਜੀ ਕਰਵਾਉਣ ਲਈ ਭੇਜਿਆ ਤੇ ਫਿਰ ਕਮਰੇ ਆ ਕੇ ਮੁੜ ਮੈਨੂੰ ਸ਼ਰਾਬ ਪੀਣ ਜਾਂ ਕੋਈ ਹੋਰ ਨਸ਼ਾ ਕਰਨ ਦੀ ਗੱਲ ਆਖੀ। ਇੰਨੇ ਨੰੂੰ ਮੇਰੇ ਭਰਾ ਨੇ ਕਿਹਾ ਕਿ ਡਾਕਟਰ ਸਾਹਿਬ ਸਾਨੂੰ ਲਗਦੈ ਸ਼ਰਾਬ ਤੁਸੀਂ ਪੀਤੀ ਹੋਈ। ਡਾਕਟਰ ਨੇ ਇਹ ਸੁਣਦਿਆਂ ਉਸ ਉੁੱਤੇ ਹੱਥ ਚੁੱਕਿਆ। ਮੇਰੇ ਭਰਾ ਨੇ ਕਿਹਾ ਕਿ ਤੁਸੀਂ ਬੇਸ਼ੱਕ ਹੱਥ ਚੁੱਕ ਲਵੋ ਪਰ ਅਸੀਂ ਨੀ ਹੱਥ ਚੁੱਕਦੇ ਕਿਉਂਕਿ ਤੁਸੀਂ ਆਨਡਿਊਟੀ ਹੋ। ਝਗੜੇ ਦੌਰਾਨ ਮੇਰੇ ਵੀ ਸੱਟਾਂ ਲੱਗੀਆਂ ਤੇ ਮੈਨੂੰ ਪਰਿਵਾਰਕ ਮੈਂਬਰਾਂ ਵੱਲੋਂ ਪੀਜੀਆਈ ਦਾਖ਼ਲ ਕਰਵਾਇਆ ਸੀ ਅਤੇ ਮੈਨੂੰ 16 ਮਾਰਚ ਨੂੰ ਸਵੇਰੇ ਛੁੱਟੀ ਹੋਈ। ਸੰਦੀਪ ਕੁਮਾਰ ਨੇ ਕਿਹਾ ਕਿ ਹਸਪਤਾਲ ‘ਚ ਮੌਜੂਦ ਇੱਕ ਹੋਰ ਪਰਿਵਾਰ ਨਾਲ ਡਾਕਟਰ ਵੱਲੋਂ ਬਦਤਮਿਜੀ ਵੀ ਕੀਤੀ ਗਈ ਹੈ। ਉਨ੍ਹਾਂ ਪੁਲਿਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਨੂੰ ਬਣਦਾ ਇਨਸਾਫ ਦਿਵਾਇਆ ਜਾਵੇ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ ਹੋਈ ਸ਼ੁਰੂਆਤ

ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਦਾ ਕੰਮ ਅੱਧ ਵਿਚਾਲੇ ਛੱਡਿਆ

ਵਿਧਾਇਕ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੱਚੀ ਰੂੰ ਚੁੱਕਣ ਲਈ ਜਰੂਰਤਮੰਦਾਂ ਦੀ ਭੀੜ ਉਮੜੀ

ਨੀਵੇਂ ਇਲਾਕਿਆਂ ਵਿਚ ਕਣਕ ਦੀ ਫਸਲ ਵਾਲੇ ਖੇਤਾਂ ਵਿਚੋਂ ਵਾਧੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ : ਡਾ. ਅਮਰੀਕ ਸਿੰਘ

ਲੋਹੇ ਦੀਆਂ ਪਲੇਟਾਂ ਤੇ ਗਾਡਰ ਚੋਰੀ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਸਾਰਗ ਸਮਾਰਟ ਸਕੂਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ 

ਖਾਤੇ 'ਚੋੰ ਧੋਖੇ ਨਾਲ ਰੁਪਏ ਕਢਵਾਉਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ