ਆਮ ਰੇਲਾਂ 'ਚ ਸਫ਼ਰ ਕਰਨ ਬਦਲੇ ਐਕਸਪ੍ਰੈਸ ਗੱਡੀਆਂ ਦੇ ਵਸੂਲੇ ਜਾ ਰਹੇ ਭਾੜੇ ਤੁਰੰਤ ਵਾਪਸ ਲਏ ਜਾਣ
ਲੁਧਿਆਣਾ, 16 ਮਾਰਚ (ਦਸਬ): ਇਥੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀਵਾਈਐਫਆਈ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਨਾਗੀ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਸੁਖਵੀਰ ਸਿੰਘ ਢੰਡਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ ਹੈ, ਜਿਸ ਵਿੱਚ ਡੀਵਾਈਐਫਆਈ ਦੇ ਕੌਮੀ ਜਨਰਲ ਸਕੱਤਰ ਸਾਥੀ ਹਿੰਮਘਨਰਾਜ ਭੱਟਾਚਾਰੀਆ ਉਚੇਚੇ ਤੌਰ 'ਤੇ ਪਹੁੰਚੇ ਤੇ ਮੀਟਿੰਗ ਨੂੰ ਸੰਬੋਧਨ ਕੀਤਾ । ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਜਥੇਬੰਦੀ ਦੇ ਪ੍ਰੋਗਰਾਮ ਅਤੇ ਮੰਗਾਂ ਬਾਰੇ ਨੌਜਵਾਨਾਂ ਨੂੰ ਦੱਸਿਆ ਜਾਵੇ।? ਯੂਨਿਟ ਪੱਧਰ 'ਤੇ ਜਥੇਬੰਦੀ ਮਜ਼ਬੂਤ ਕਰਕੇ ਵਿੱਦਿਆ ਅਤੇ ਰੁਜ਼ਗਾਰ ਦੀਆਂ ਮੰਗਾਂ 'ਤੇ ਕੰਮ ਕਰਨ ਦੇ ਨਾਲ-ਨਾਲ ਉਸਾਰੂ ਸੱਭਿਆਚਾਰਕ ਪ੍ਰੋਗਰਾਮਾਂ, ਖੇਡ ਟੂਰਨਾਮੈਂਟਾਂ, ਖੂਨਦਾਨ ਕੈਂਪਾਂ, ਮੈਡੀਕਲ ਕੈਂਪਾਂ, ਵਾਤਾਵਰਣ ਦੀ ਸੰਭਾਲ ਅਤੇ ਹੋਰ ਰਚਨਾਤਮਿਕ ਕੰਮਾਂ ਵਿੱਚ ਜਥੇਬੰਦੀ ਦੀ ਭੂਮਿਕਾ ਨਿਭਾਈ ਜਾਵੇ ?। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਡੀਵਾਈਐਫਆਈ ਦੇ ਵਾਧੇ ਦੀਆਂ ਪ੍ਰਬੱਲ ਸੰਭਾਵਨਾਵਾਂ ਮੌਜੂਦ ਹਨ ਇਸ ਲਈ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜ ਕੇ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ।
ਜਥੇਬੰਦੀ ਦੀ ਮਜ਼ਬੂਤੀ ਲਈ ਜਥੇਬੰਦਕ ਫੈਸਲੇ ਲੈਂਦੇ ਹੋਏ ਸਾਥੀ ਸਨੀ ਸਿੰਘ ਮਾਹੂੰਵਾਲ ਅਤੇ ਸਾਥੀ ਕਮਲਜੀਤ ਸਿੰਘ ਫਿਲੌਰ ਨੂੰ ਸੂਬਾ ਕਮੇਟੀ ਦਾ ਮੈਂਬਰ ਲਿਆ ਗਿਆ ਹੈ।ਇਸ ਦੇ ਨਾਲ ਹੀ ਪਹਿਲਾਂ ਚੁਣੀ ਹੋਈ ਸੂਬਾ ਕਮੇਟੀ ਵਿੱਚ ਅਹੁਦੇਦਾਰਾਂ ਦੀਆਂ ਚਾਰ ਖਾਲੀ ਸੀਟਾਂ ਲਈ ਸਾਥੀ ਰਜਿੰਦਰ ਸਿੰਘ ਰੋਪੜ ਅਤੇ ਸਾਥੀ ਸੁਖਦੀਪ ਸਿੰਘ ਗਰੇਵਾਲ ਜੁਆਇੰਟ ਸਕੱਤਰ ਤੇ ਸਾਥੀ ਰਣਯੋਧਵੀਰ ਸਿੰਘ ਬੁਤਾਲਾ ਤੇ ਸਾਥੀ ਬਲਸ਼ਰਨਪ੍ਰੀਤ ਸਿੰਘ ਬੜੈਚ ਨੂੰ ਸੂਬਾ ਮੀਤ ਪ੍ਰਧਾਨ ਚੁਣਿਆ ਗਿਆ ਹੈ। ਜਥੇਬੰਦੀ ਨੇ ਫੈਸਲਾ ਕੀਤਾ ਕਿ ਮਈ ਦੇ ਪਹਿਲੇ ਹਫ਼ਤੇ ਤੋਂ ਜੂਨ ਮਹੀਨੇ ਤੱਕ ਯੂਨਿਟ, ਤਹਿਸੀਲ ਅਤੇ ਜ਼ਿਲ੍ਹਾ ਕਮੇਟੀਆਂ ਦੀਆਂ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ।
23 ਮਾਰਚ ਨੂੰ ਹੁਸ਼ਿਆਰਪੁਰ ਰੈਲੀ ਵਿੱਚ ਹਜ਼ਾਰਾਂ ਨੌਜਵਾਨਾਂ ਸਣੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਕੇਂਦਰ ਸਰਕਾਰ ਕੋਲੋਂ ਮਜ਼ਦੂਰਾਂ-ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਆਈਟੀਯੂ ਵੱਲੋਂ 5 ਅਪ੍ਰੈਲ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਪੂਰੀ ਤਾਕਤ ਨਾਲ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ ।
14 ਅਪ੍ਰੈਲ ਨੂੰ ਭਾਰਤ ਦੇ ਸੰਵਿਧਾਨ ਨਿਰਮਾਤਾ, ਭਾਰਤ ਰਤਨ ਤੇ ਬਰਾਬਰਤਾ ਦੇ ਅਲੰਬਰਦਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਵੀ ਮਨਾਇਆ ਜਾਵੇਗਾ।
ਇੱਕ ਹੋਰ ਮਤਾ ਪਾਸ ਕਰਦੇ ਹੋਏ ਰੇਲਵੇ ਵਿਭਾਗ ਵੱਲੋਂ ਲਾਕਡਾਊਨ ਸਮੇਂ ਵਧਾਏ ਹੋਏ ਭਾੜੇ ਅੱਜ ਵੀ ਜਾਰੀ ਰੱਖ ਕੇ ਮੁਸਾਫ਼ਰਾਂ ਦੀ ਕੀਤੀ ਜਾ ਰਹੀ ਲੁੱਟ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਆਮ ਗੱਡੀਆਂ ਵਿੱਚ ਸਫ਼ਰ ਕਰਨ ਬਦਲੇ ਐਕਸਪ੍ਰੈਸ ਗੱਡੀਆਂ ਵਾਲੇ ਵਸੂਲ ਕੀਤੇ ਜਾ ਰਹੇ ਰੇਲ ਭਾੜੇ ਤੁਰੰਤ ਆਮ ਭਾੜੇ ਵਿੱਚ ਬਦਲੇ ਜਾਣ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਰੇਲ ਵਿਭਾਗ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਖ਼ਜ਼ਾਨਚੀ ਸੋਨੂੰ ਗੁਪਤਾ ਤੋਂ ਇਲਾਵਾ ਨਵੇਂ ਚੁਣੇ ਗਏ ਆਹੁਦੇਦਾਰਾਂ ਸਣੇ ਸੂਬਾ ਕਮੇਟੀ ਮੈਂਬਰਾ ਪਰਮਜੀਤ ਸਿੰਘ ਰੌੜੀ, ਸੋਨੂੰ ਪਾਸਵਾਨ ਤੇ ਸੁਖਚੈਨ ਸਿੰਘ ਅਮਲੋਹ ਨੇ ਆਪਣੇ ਵਿਚਾਰ ਪੇਸ਼ ਕੀਤੇ।