Tuesday, July 07, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਸੰਪਾਦਕੀ

ਪੈਟਰੋਲ-ਡੀਜ਼ਲ ਦੀਆਂ ਵਧਾਈਆਂ ਕੀਮਤਾਂ ਮੰਦੇ ਨਤੀਜੇ ਕੱਢਣ ਲੱਗੀਆਂ

June 28, 2020 09:32 PM

ਬੀਤੇ ਸਤਾਰਾਂ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀ ਰੋਜ਼ਾਨਾ ਵਧਦੀ ਰਹੀ ਕੀਮਤ ਕਾਰਨ ਅੱਜ ਪੈਟਰੋਲ ਪ੍ਰਤੀ ਲੀਟਰ 8 ਰੁਪਏ 50 ਪੈਸੇ ਅਤੇ ਡੀਜ਼ਲ ਪ੍ਰਤੀ ਲੀਟਰ 10 ਰੁਪਏ 48 ਪੈਸੇ ਹੋਰ ਮਹਿੰਗੇ ਹੋ ਗਏ ਹਨ। ਜਦੋਂ ਦਾ ਅਪਰੈਲ 2002 ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਨਿਯੰਤਰਣ ਮੁਕਤ ਕਰਕੇ ਇਨ੍ਹਾਂ ਦੀਆਂ ਕੀਮਤਾਂ ਨੂੰ ਕੌਮਾਂਤਰੀ ਮੰਡੀ ਦੀਆਂ ਕੀਮਤਾਂ ਨਾਲ ਜੋੜਿਆ ਗਿਆ ਹੈ ਕਿਸੇ ਇਕ ਪੰਦਰਵਾੜੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਐਨਾ ਵਾਧਾ ਨਹੀਂ ਹੋਇਆ ਹੈ। ਦੇਸ਼ ਦੇ ਆਮ ਖਪਤਕਾਰ ਲਈ 'ਅੱਛੇ ਦਿਨ' ਲਿਆਉਣ ਲਈ ਮੋਦੀ ਸਰਕਾਰ ਨਵੇਂ ਤੋਂ ਨਵੇਂ ਰਿਕਾਰਡ ਸਥਾਪਤ ਕਰ ਰਹੀ ਹੈ। ਨਿਰੰਤਰ ਵਾਧੇ ਤੋਂ ਪਹਿਲਾਂ ਮੋਦੀ ਸਰਕਾਰ 14 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀ ਪ੍ਰਤੀ ਲੀਟਰ ਕੀਮਤ ਵਿਚ ਤਿੰਨ ਰੁਪਏ ਦਾ ਵਾਧਾ ਕਰ ਚੁੱਕੀ ਹੈ। 5 ਮਈ ਨੂੰ ਨਵਾਂ ਰਿਕਾਰਡ ਸਥਾਪਤ ਕਰਦਿਆਂ ਮੋਦੀ ਸਰਕਾਰ ਨੇ ਪੈਟਰੋਲ ਦੀ ਕੀਮਤ ਵਿਚ ਪ੍ਰਤੀ ਲੀਟਰ 10 ਰੁਪਏ ਦਾ ਵਾਧਾ ਕੀਤਾ ਅਤੇ ਨਾਲ ਹੀ ਡੀਜ਼ਲ ਦੀ ਕੀਮਤ ਵਿਚ ਪ੍ਰਤੀ ਲੀਟਰ 13 ਰੁਪਏ ਦਾ ਵਾਧਾ ਵੀ ਕੀਤਾ ਜਿਸ ਨਾਲ ਮੋਦੀ ਸਰਕਾਰ ਨੂੰ 2 ਲੱਖ ਕਰੋੜ ਰੁਪਏ ਦੀ ਵਾਧੂ ਆਮਦਨ ਹੋਈ। ਸਾਫ਼ ਹੈ ਕਿ ਆਮ ਖਪਤਕਾਰ ਦੀ ਜੇਬ ਵਿਚੋਂ ਇਹ ਪੈਸਾ ਕੱਢਿਆ ਗਿਆ ਹੈ। ਦੂਰ ਨੇੜੇ ਨੌਕਰੀਆਂ 'ਤੇ ਕੰਮ ਕਾਰ ਕਰਨ ਵਾਲੇ ਲੱਖਾਂ ਸਾਧਾਰਣ ਖਪਤਕਾਰਾਂ ਦਾ ਜੀਵਨ ਹੋਰ ਔਖਾ ਬਣਾਇਆ ਹੈ। ਡੀਜ਼ਲ ਦੀ ਕੀਮਤ ਵਿਚ ਹੋਏ ਭਾਰੀ ਵਾਧੇ ਕਾਰਨ ਹੁਣ ਪ੍ਰਤੀ ਲੀਟਰ ਡੀਜ਼ਲ ਦੀ ਕੀਮਤ, ਪੈਟਰੋਲ ਦੀ ਪ੍ਰਤੀ ਲੀਟਰ ਕੀਮਤ ਦੇ ਬਰਾਬਰ ਹੀ ਆ ਗਈ ਹੈ। ਅੱਜ ਪੈਟਰੋਲ ਪ੍ਰਤੀ ਲੀਟਰ 79 ਰੁਪਏ 76 ਪੈਸੇ ਅਤੇ ਡੀਜ਼ਲ ਪ੍ਰਤੀ ਲੀਟਰ 79 ਰੁਪਏ 88 ਪੈਸੇ ਦਾ ਵਿੱਕ ਰਿਹਾ ਹੈ। ਇਹ ਦੇਸ਼ ਦੀ ਰਾਜਧਾਨੀ ਦਿੱਲੀ, ਦੀਆਂ ਦਰਾਂ ਹਨ। ਜਦੋਂ ਦਾ ਭਾਰਤ 'ਚ 1889 ਵਿਚ ਆਸਾਮ ਵਿਚ ਤੇਲ ਲੱਭਿਆ ਹੈ, ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਪਹਿਲੀ ਵਾਰ ਵਧੀ ਹੈ। ਇਹ ਪਿਛਲੇ ਬੁੱਧਵਾਰ, ਯਾਨੀ 24 ਜੂਨ, ਸਿਰਫ ਡੀਜ਼ਲ ਦੀ ਕੀਮਤ 'ਚ ਲਗਾਤਾਰ ਅਠਾਰਵੇਂ ਦਿਨ ਕੀਤੇ ਵਾਧੇ ਦਾ ਕਮਾਲ ਹੈ। ਇਸ ਦਿਨ ਪੈਟਰੋਲ ਦੀ ਕੀਮਤ 'ਚ ਕੋਈ ਵਾਧਾ ਨਹੀਂ ਕੀਤਾ ਗਿਆ। ਕਿਸਾਨਾਂ ਲਈ 'ਅੱਛੇ ਦਿਨ' ਲਿਆਉਣ ਲਈ ਮੋਦੀ ਸਰਕਾਰ ਨੇ ਫਸਲਾਂ ਬੀਜਣ ਦੇ ਇਨ੍ਹਾਂ ਦਿਨਾਂ 'ਚ ਡੀਜ਼ਲ ਲਗਭਗ 80 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ।
   ਪਹਿਲਾਂ ਪੰਦਰਾ ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਲੇਖਾ ਜੋਖਾ ਕੀਤਾ ਜਾਂਦਾ ਸੀ ਅਤੇ ਕੀਮਤਾਂ ਘਟਾਈਆਂ-ਵਧਾਈਆਂ ਜਾਂਦੀਆਂ ਸਨ। ਪਰ ਕੋਵਿਡ-19 ਦੀ ਸੰਸਾਰ ਭਰ 'ਚ ਪਈ ਮਾਰ ਕਾਰਨ ਤੇਲ ਦੀਆਂ ਕੌਮਾਂਤਰੀ ਮੰਡੀ ਵਿਚ ਡਿੱਗੀਆਂ ਕੀਮਤਾਂ ਕਰਕੇ ਭਾਰਤ ਦੀਆਂ ਤੇਲ ਕੰਪਨੀਆਂ, ਕੀਮਤਾਂ ਨੀਵੀਆਂ ਕੌਮਾਂਤਰੀ ਕੀਮਤਾਂ ਨਾਲ ਸੂਤ ਸਿਰ ਬਿਠਾਉਂਦੀਆਂ ਰਹੀਆਂ ਅਤੇ 82 ਦਿਨ ਚੁੱਪ ਰਹੀਆਂ। ਹੁਣ 7 ਜੂਨ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਹਰ ਰੋਜ਼ ਮਹਿੰਗਾ ਕੀਤਾ ਜਾ ਰਿਹਾ ਹੈ।
    ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਮਾੜਾ ਪ੍ਰਭਾਵ ਹੁਣ ਆਮ ਜੀਵਨ ਦੇ ਹਰੇਕ ਖੇਤਰ 'ਤੇ ਪੈਣ ਲੱਗਾ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ, ਨਾਮ ਦੀ ਟਰੱਕ ਯੂਨੀਅਨ, ਜੋ 90 ਲੱਖ ਤੋਂ ਵਧ ਟਰੱਕ ਮਾਲਕਾਂ ਦੀ ਹੈ, ਢੋਹਾ-ਢੁਹਾਈ ਲਈ ਆਪਣਾ ਭਾੜਾ 25 ਪ੍ਰਤੀਸ਼ਤ ਤੱਕ ਵਧਾਉਣ ਵਾਲੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਖਰਚਾ ਬਹੁਤ ਵਧ ਗਿਆ ਹੈ। ਕੋਵਿਡ-19 ਮਹਾਮਾਰੀ ਕਾਰਨ ਡਰਾਇਵਰ ਨੂੰ ਵੀ ਖਾਸ ਸਹੂਲਤ ਦੇਣੀ ਪੈਂਦੀ ਹੈ ਜਦੋਂ ਕਿ ਸੈਨੇਟਾਇਜ਼ਰ ਵਗੈਰਾ ਨਾਲ ਵੀ ਖਰਚਾ ਵਧ ਗਿਆ ਹੈ। ਟੋਲ ਪਹਿਲਾਂ ਨਾਲੋਂ ਜ਼ਿਆਦਾ ਦੇਣਾ ਪੈ ਰਿਹਾ ਹੈ ਅਤੇ ਬੀਮਾ ਵੀ ਮਹਿੰਗਾ ਹੋ ਗਿਆ ਹੈ। ਢੋਹਾ-ਢੁਹਾਈ ਦੇ ਖ਼ਰਚੇ ਦੇ ਵਾਧੇ ਕਾਰਨ ਸਬਜ਼ੀ, ਕਰਿਆਨੇ ਦੇ ਸਾਮਾਨ ਅਤੇ ਦੂਸਰੀਆਂ ਜ਼ਰੂਰੀ ਚੀਜ਼ਾਂ ਅਤੇ ਦੁੱਧ, ਮੀਟ, ਮੱਛੀ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਕੇ ਰਹੇਗਾ। ਇਸ ਦੇ ਨਾਲ ਹੀ ਕਿਸਾਨਾਂ ਦੀ ਕੁਲ ਲਾਗਤ ਵਿਚ ਵੀ ਵੱਡਾ ਵਾਧਾ ਹੋਇਆ ਹੈ।
ਲੱਗਦਾ ਹੈ ਕਿ ਮੋਦੀ ਸਰਕਾਰ ਨੇ ਲੋਕਾਂ ਦੀਆਂ ਤਕਲੀਫ਼ਾਂ ਵਧਾਉਣ ਦਾ ਫੈਸਲਾ ਕੀਤਾ ਹੋਇਆ ਹੈ। ਇਹ ਸਰਕਾਰ ਤੋਂ ਲੁਕਿਆ ਨਹੀਂ ਹੁੰਦਾ ਕਿ ਪੈਟਰੋਲ-ਡੀਜ਼ਲ ਦੀ ਕੀਮਤ ਦਾ ਵਾਧਾ ਆਮ ਲੋਕਾਂ 'ਤੇ ਕਿੰਨਾ ਮਾੜਾ ਅਸਰ ਪਾਉਂਦਾ ਹੈ। ਦੇਸ਼ 'ਚ ਮਹਿੰਗਾਈ ਪਹਿਲਾਂ ਹੀ ਲੋਕਾਂ ਦੇ ਵੱਟ ਕੱਢ ਰਹੀ ਹੈ ਅਤੇ ਉਪਰੋਂ ਬੇਰੁਜ਼ਗਾਰੀ ਨਵੇਂ ਰਿਕਾਰਡ ਬਣਾ ਰਹੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਮੋਦੀ ਸਰਕਾਰ ਨੂੰ ਭਾਰਤੀ ਨਾਗਰਿਕਾਂ ਦਾ ਜੀਵਨ ਸੁਖਾਲਾ ਬਣਾਉਣ ਦੇ ਹੰਭਲੇ ਮਾਰਨੇ ਚਾਹੀਦੇ ਸਨ ਪਰ ਇਹ ਕੋਵਿਡ-19 ਦੀ ਆੜ ਵਿਚ ਭਾਰਤ ਦੇ ਲੋਕਾਂ ਦੀ ਲੁਟ ਵਧਾਉਣ ਵਿਚ ਜੁਟੀ ਹੋਈ ਹੈ। ਇਹ ਲੋਕਾਂ ਦੀਆਂ ਸਮੱਸਿਆਵਾਂ ਤੇ ਤਕਲੀਫ਼ਾਂ ਤੋਂ ਬੇਪ੍ਰਵਾਹ ਸਰਕਾਰ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ