Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਸੰਪਾਦਕੀ

ਹਾਕਮਾਂ ਦੀ ਸਰਪ੍ਰਸਤੀ ਬਗੈਰ ਅਜਿਹਾ ਵਪਾਰਕ ਢੰਗ ਸੰਭਵ ਨਹੀਂ

June 28, 2020 09:34 PM

ਯੋਗਾ ਗੁਰੂ ਰਾਮਦੇਵ ਦਾ ਉਭਾਰ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਉਭਾਰ ਦੇ ਸਮਾਨਅੰਤਰ ਵਾਪਰਿਆ ਹੈ ਹਾਲਾਂ ਕਿ ਯੋਗਾ ਗੁਰੂ ਆਪਣੀ ਹਮਾਇਤ ਨੂੰ  ਲੋਕਾਂ 'ਚ ਨਿਰਪੱਖ ਦਿਖਾਉਣ ਤੇ ਵਧੇਰੇ ਪ੍ਰਮਾਣਕਾਰੀ ਬਨਾਉਣ ਲਈ ਭਾਰਤੀ ਜਨਤਾ ਪਾਰਟੀ ਤੋਂ ਕੁਛ ਵਿੱਥ ਰਖ ਕੇ ਚਲਣ ਦਾ ਦੰਭ ਭਰਦੇ ਰਹੇ ਹਨ। ਰਾਮਦੇਵ ਯੋਗਾ ਸਿਖਾਉਂਦੇ ਸਿਖਾਉਂਦੇ ਵਪਾਰ ਵਿੱਚ ਆਏ ਹਨ ਕਿਉਂਕਿ ਕਸਰਤ ਦੇ ਇਸ ਰੂਪ ਨਾਲ ਉਨ੍ਹਾਂ ਦੇਸੀ ਦਵਾਈਆਂ ਰਲਾਈਆਂ ਅਤੇ ਅੰਤ ਨੂੰ ਆਪ ਹੀ ਆਯੁਰਵੈਦਿਕ ਦਵਾਈਆਂ ਬਣਾਉਣ ਲੱਗੇ। ਇਸ ਦੇ ਨਾਲ ਹੀ ਘਰਾਂ 'ਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਵੀ ਵੇਚਣ ਲੱਗੇ। ਆਟਾ ਤੇ ਸ਼ਹਿਦ ਵੇਚਦੇ ਵੇਚਦੇ ਉਨ੍ਹਾਂ ਭਾਰਤੀ ਮੰਡੀ 'ਚ ਅਪਣੀ ਜੀਨਸ ਵੀ ਉਤਾਰ ਦਿੱਤੀ, ਜਿਸ ਨੂੰ ਪਹਿਲਾ ਉਹ ਭਾਰਤੀ ਸੰਸਕ੍ਰਿਤੀ 'ਤੇ ਹਮਲਾ ਕਿਹਾ ਕਰਦੇ ਸਨ। ਉਨ੍ਹਾਂ  ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਹਮੇਸ਼ਾ ਸਮਰਥਨ ਰਿਹਾ। ਰਾਜਾਂ ਵਿੱਚ ਬਣੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਰਾਮਦੇਵ ਨੂੰ ਮੁਫ਼ਤ ਜਾਂ ਮੁਫ਼ਤ ਦੇ ਭਾਅ ਹਜ਼ਾਰਾਂ ਏਕੜ ਜ਼ਮੀਨ ਦਿੱਤੀ। ਰਾਮਦੇਵ ਦਾ ਵਪਾਰ ਅੱਜ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੈ। ਇਹ ਵਪਾਰ ਜੂਨ 2011 ਤੋਂ ਲੈ ਕੇ, ਜਦੋਂ ਉਨ੍ਹਾਂ ਦਿੱਲੀ 'ਚ ਯੂਪੀਏ-2 ਦੇ ਖ਼ਿਲਾਫ਼ ਇਕ ਰੋਸ ਧਰਨਾ ਦਿੰਦਿਆਂ ਦਿੱਲੀ ਪੁਲਿਸ  ਦੀ ਆਮਦ 'ਤੇ ਸਲਵਾਰ ਕਮੀਜ਼ ਪਾ  ਕੇ ਬਚ ਨਿਕਲਣ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਹੁਣ ਤੱਕ ਦੇ ਨੌ ਸਾਲਾਂ ਵਿੱਚ ਹੀ ਉਹ ਮੁੱਖ ਤੌਰ 'ਤੇ ਪਸਾਰਿਆ ਗਿਆ ਹੈ। ਰਾਮਦੇਵ ਨੇ ਜਿਨ੍ਹਾਂ ਵਸਤਾਂ ਨੂੰ ਸੰਸਕ੍ਰਿਤੀ ਜਾਂ ਸਿਹਤ ਲਈ ਖ਼ਤਰਨਾਕ ਦੱਸਿਆ, ਉਹੀ ਵਸਤਾਂ ਬਾਅਦ ਵਿੱਚ ਬਣਾਉਣ ਲੱਗੇ। ਮੈਗੀ, ਪਾਸਤਾ, ਪੈਕਟਬੰਦ ਫਾਸਟ ਫੂਡ ਸਭ ਬਾਬਾ ਰਾਮਦੇਵ ਵੇਚ ਰਹੇ ਹਨ।
ਯੋਗਾ ਗੁਰੂ ਰਾਮਦੇਵ ਨੇ ਬਾਰ ਬਾਰ ਝੂਠੇ ਦਾਅਵੇ ਕੀਤੇ ਹਨ। ਮੋਦੀ ਦੀ ਸਰਕਾਰ ਬਣਨ 'ਤੇ  ਪੈਟਰੋਲ 30-40 ਰੁਪਏ ਦਾ ਵਿਕੇਗਾ, ਕਾਲਾ ਧੰਨ ਵਿਦੇਸ਼ਾਂ ਤੋਂ ਸੌ ਦਿਨਾਂ 'ਚ ਵਾਪਸ ਭਾਰਤ ਆਏਗਾ, ਰਸੋਈ ਗੈਸ ਸਿਲੰਡਰ ਦੋ-ਤਿੰਨ ਸੌ ਦਾ ਮਿਲੇਗਾ-ਇਹ ਬਾਬਾ ਜੀ ਦੇ ਸਿਆਸੀ ਵਾਅਦੇ ਤੇ ਦਾਅਵੇ ਸਨ। ਰਾਮਦੇਵ ਨੇ ਪੁੱਤਰ ਪੈਦਾ ਕਰਨ ਦੀ ਦਵਾਈ ਦਾ ਵੀ ਪ੍ਰਚਾਰ ਕੀਤਾ ਅਤੇ ਆਪਣੀ ਬਣਾਈ ਕੈਂਸਰ ਦੀ ਦਵਾਈ ਦਾ ਵੀ ਯੋਗ ਨਾਲ ਤਮਾਮ ਦਾਇਮੀ ਬਿਮਾਰੀਆਂ ਠੀਕ ਹੋਣ ਦਾ ਝੂਠਾ ਪ੍ਰਚਾਰ ਕੀਤਾ। ਪਰ ਹੁਕਮਰਾਨਾਂ ਦੀ ਸਰਪ੍ਰਸਤੀ ਕਾਰਨ ਉਨ੍ਹਾਂ 'ਤੇ ਨਾ ਕੋਈ ਸਵਾਲ ਖੜਾ ਕੀਤਾ ਗਿਆ, ਨਾ ਕੋਈ ਕਾਰਵਾਈ ਹੋਈ।
ਕੋਰੋਨਾ ਵਿਸ਼ਾਣੂ ਦੀ ਫੈਲਾਈ ਮਹਾਮਾਰੀ ਨੂੰ ਰਾਮਦੇਵ ਨੇ ਆਪਣਾ ਵਪਾਰ ਚਮਕਾਉਣ ਦੇ ਮੌਕੇ ਵੱਜੋਂ ਲਿਆ, ਕਿਉਂਕਿ ਉਹ ਜਵਾਬਦੇਹੀ ਤੋਂ ਮੁਕਤ ਹਨ। ਸ਼ੁਰੂਆਤ 'ਚ ਅਪਰੈਲ ਦੇ ਅੰਤ ਤੱਕ ਬਾਬਾ ਰਾਮਦੇਵ ਕਹਿੰਦੇ ਰਹੇ ਹਨ ਕਿ ਨੱਕ 'ਚ ਸਰੋਂ ਦਾ ਤੇਲ ਪਾਉਣ ਨਾਲ ਕੋਰੋਨਾ ਵਿਸ਼ਾਣੂ ਮਰ ਜਾਵੇਗਾ। ਪਰ ਨਾਲ ਹੀ ਦਵਾਈ ਵੇਚਣ ਦੀ ਤਿਆਰੀ ਕਰਦੇ ਰਹੇ। ਦੁਨੀਆ ਭਰ 'ਚ ਵੱਖ ਵੱਖ ਖੇਤਰਾਂ ਦੇ ਵਿਗਿਆਨੀ, ਰਸਾਇਣ ਸ਼ਾਸਤਰੀ ਅਤੇ ਡਾਕਟਰੀ ਖੋਜ ਸੰਸਥਾਵਾਂ ਕੋਰੋਨਾ ਵਿਸ਼ਾਣੂ ਨੂੰ ਖ਼ਤਮ ਕਰਨ ਵਾਲੀ ਦਵਾਈ ਜਾਂ ਟੀਕਾ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਪ੍ਰਸਿੱਧ ਦਵਾ ਕੰਪਨੀਆਂ ਤੇ ਖੋਜ ਸੰਸਥਾਵਾਂ ਵਿਚ ਜਬਰਦਸਤ ਹੋੜ ਮਚੀ ਹੋਈ ਹੈ। ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਕੁਛ ਦਵਾਈਆਂ ਸਫਲਤਾ ਨਾਲ ਵਰਤੀਆਂ ਵੀ ਜਾ ਰਹੀਆਂ ਹਨ। ਵੱਖ ਵੱਖ ਇਲਾਜ ਪ੍ਰਣਾਲੀਆਂ ਅਜ਼ਮਾਈਆਂ ਜਾ ਰਹੀਆਂ ਹਨ। ਪਰ ਹਾਲੇ ਤੱਕ ਕਿਸੇ ਡਾਕਟਰ, ਵਿਗਿਆਨੀ ਜਾਂ ਦਵਾ ਫਰੋਸ਼ ਕੰਪਨੀ ਨੇ ਕੋਈ ਦਾਅਵਾ ਨਹੀਂ ਕੀਤਾ ਹੈ ਕਿ ਦਵਾ ਬਣਨ ਵਾਲੀ ਹੈ ਜਾਂ ਕਿ ਜਲਦ ਬਣਾ ਲਈ ਜਾਵੇਗੀ।
ਪਰ ਨੱਕ 'ਚ ਸਰੋਂ ਦਾ ਤੇਲ ਪਾ ਕੇ ਕੋਰੋਨਾ ਵਿਸ਼ਾਣੂ ਖ਼ਤਮ ਕਰਨ ਵਾਲੇ ਬਾਬਾ ਰਾਮਦੇਵ ਨੇ ਅਚਾਨਕ ''ਕੋਰੋਨਾ-ਕਿਟ'' ਬਾਜਾਰ ਵਿੱਚ ਲੈ ਆਂਦੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਨਾਲ ਕੋਵਿਡ-19 ਦਾ ਇਲਾਜ ਹੁੰਦਾ ਹੈ। ਬਾਬਾ ਜੀ ਨੇ ਸਮਝਿਆ ਕਿ ਪੁੱਤਰ ਜੀਵਕ ਔਸ਼ਧੀ ਦੇ ਪ੍ਰਚਾਰ ਵਾਂਗ, ਇਹ ਪ੍ਰਚਾਰ ਵੀ ਚਲਦਾ ਰਹੇਗਾ ਅਤੇ 'ਕੋਰੋਨਾ ਕਿੱਟ' ਵਿਕਦੀ ਰਹੇਗੀ। ਪਰ ਇਸ ਵਾਰ ਕੋਵਿਡ-19 ਦੇ ਇਲਾਜ ਵੱਲ ਸਾਰੀ ਦੁਨੀਆ ਦਾ ਧਿਆਨ ਹੋਣ ਕਾਰਨ ਆਯੂਸ਼ ਮੰਤਰਾਲਾ ਚੁੱਪ ਨਹੀਂ ਰਹਿ ਸਕਿਆ ਅਤੇ ਬਾਬਾ ਜੀ ਦੀਆਂ ਖੋਜਾਂ ਤੋਂ  ਅੱਕੇ ਲੋਕ ਅਦਾਲਤਾਂ ਦਾ ਬੂਹਾ ਖੜਕਾਉਣ ਲੱਗੇ। ਆਯੂਸ਼ ਮੰਤਰਾਲੇ ਨੇ ਬਾਬਾ ਰਾਮਦੇਵ ਨੂੰ ਕਿਹਾ ਹੈ ਕਿ ਉਹ ਆਪਣੀ ਕੋਰੋਨਾ ਵਿਸ਼ਾਣੂ ਦੀ ਦਵਾਈ ਬਾਰੇ ਪ੍ਰਚਾਰ ਕਰਨਾ ਬੰਦੇ ਕਰੇ। ਰਾਮਦੇਵ ਦੀ ਦਿਵਯਾ ਫਾਰਮੇਸੀ ਨੇ ਸਵਾਸਰੀ, ਗਿਲੋਏ, ਅਸ਼ਵਗੰਧਾ ਅਤੇ ਤੁਲਸੀ ਤੋਂ ਦਵਾ ਤਿਆਰ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਿਸ਼ਾਣੂ ਪੀੜਤਾਂ ਵਿਚੋਂ 50 ਪ੍ਰਤੀਸ਼ਤ ਇਹ ਦਵਾਈ ਲੈਣ ਨਾਲ ਠੀਕ ਹੋ ਗਏ ਅਤੇ ਹਫਤੇ ਵਿੱਚ ਸਾਰੇ ਪੀੜਤ ਠੀਕ ਹੋ ਗਏ। ਲਾਇਸੈਂਸ ਉਤਰਾਖੰਡ ਸਰਕਾਰ ਤੋਂ ਲਿਆ ਗਿਆ ਹੈ ਅਤੇ ਜੈਪੁਰ ਦੇ ਨਿੱਜੀ ਹਸਪਤਾਲ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ,  (ਐਨਆਈਐਮਐਸ) ਵਿੱਚ ਕਲੀਨੀਕਲ ਟਰਾਇਲ ਕੀਤੇ ਗਏ ਸਨ।
ਪਰ ਰਾਜਸਥਾਨ ਦੀ ਸਰਕਾਰ ਕਹਿ ਰਹੀ ਹੈ ਕਿ ਉਸ ਨੂੰ ਕਿਸੇ ਟਰਾਇਲ ਦੀ ਸੂਚਨਾ ਨਹੀਂ ਦਿੱਤੀ ਗਈ ਨਾ ਹੀ ਉਸ ਵੱਲੋਂ ਕਿਸੇ ਟਰਾਇਲ ਲਈ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਕ੍ਰਿਆ ਇਹ ਹੈ ਕਿ ਕਿਸੇ ਦਵਾਈ ਦੀ ਅਜ਼ਮਾਇਸ਼ ਲਈ ਪਹਿਲਾ ਰਾਜ  ਸਰਕਾਰ ਨੂੰ ਦੱਸਿਆ ਜਾਂਦਾ ਹੈ ਜੋ ਆਪਣੀਆਂ ਸੰਬੰਧਿਤ ਕਮੇਟੀਆਂ ਨੂੰ ਮਾਮਲਾ ਭੇਜਦਾ ਹੈ ਜਿਨ੍ਹਾਂ ਦੀ ਪ੍ਰਵਾਨਗੀ ਬਾਅਦ ਕੇਸ ਡਰਗ ਕੰਟਰੌਲਰ ਜਨਰਲ ਆਫ਼ ਇੰਡੀਆ, (ਡੀਸੀਜੀਆਈ) ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਸਆਰ) ਕੋਲ ਜਾਂਦਾ ਹੈ ਜੋ ਪ੍ਰਵਾਨਗੀ ਦਿੰਦੇ ਹਨ। ਪਰ ਇਥੇ ਤਾਂ ਰਾਜਸਥਾਨ ਦੀ ਸਰਕਾਰ ਨੂੰ ਹੀ ਪਤਾ ਨਹੀਂ ਕਿ ਜੈਪੁਰ ਦੇ ਹਸਪਤਾਲ 'ਚ ਕੀ ਵਾਪਰਿਆ ਸੀ। ਉਤਰਾਖੰਡ ਦੀ ਸਰਕਾਰ ਦਾ ਕਹਿਣਾ ਹੈ ਕਿ 'ਕੋਰੋਨਾ-ਕਿੱਟ'  ਬਣਾਉਣ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਲਾਇਸੈਂਸ ਖੰਘ ਅਤੇ ਬੁਖ਼ਾਰ ਦੀ ਦਵਾਈ ਦਾ ਹੀ ਦਿੱਤਾ ਗਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਐਨਆਈਐਮਐਸ, ਜੈਪੁਰ, ਵਿਖੇ ਅਜ਼ਮਾਇਸ਼ ਦੌਰਾਨ ਕੋਰੋਨਾ ਵਿਸ਼ਾਣੂ ਦੀ ਬਿਮਾਰੀ ਦੇ ਹਲਕੇ ਲੱਛਣ ਰੱਖਦੇ ਜਿਨ੍ਹਾਂ ਮਰੀਜ਼ਾਂ ਨੂੰ ਬੁਖਾਰ ਦੀ ਸ਼ਿਕਾਇਤ ਹੋਈ ਤਾਂ ਉਨ੍ਹਾਂ ਨੂੰ ਐਲੋਪੈਥੀ ਦੀ ਦਵਾਈ ਦਿੱਤੀ ਗਈ  ਜੇਕਰ ਲਾਇਸੈਂਸ ਖੰਘ ਤੇ ਬੁਖ਼ਾਰ ਦੀ ਦਵਾਈ ਬਣਾਉਣ ਦਾ ਮਿਲਿਆ ਸੀ ਤਾਂ ਕੋਰੋਨਾ ਦੀ ਕਿੱਟ 'ਤੇ ਬਾਬਾ ਰਾਮਦੇਵ ਨੇ ਕੋਰੋਨਾ ਵਿਸ਼ਾਣੂ ਦੀ ਤਸਵੀਰ ਕਿਉਂ ਛਾਪੀ ਹੈ? ਇਹ 1955 ਦੇ ਡਰਗ ਐਂਡ ਮੈਜਿਕ ਰੈਮਿਡੀਜ਼ (ਇਤਰਾਜ਼ਯੋਗ ਇਸ਼ਤਿਹਾਰਬਾਜ਼ੀ) ਕਾਨੂੰਨ ਅਧੀਨ ਸੰਗੀਨ ਜ਼ੁਰਮ ਹੈ। ਉਤਰਾਖੰਡ, ਰਾਜਸਥਾਨ ਦੀਆਂ ਸਰਕਾਰਾਂ ਅਤੇ ਕੇਂਦਰੀ ਆਯੂਸ਼ ਮੰਤਰਾਲੇ ਨੂੰ ਸਮੁੱਚੇ ਮਾਮਲੇ ਦੀ ਘੋਖ ਕਰਕੇ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਬਾਲਾਕ੍ਰਿਸ਼ਨ ਵਿਰੁੱਧ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ