Tuesday, July 07, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਸੰਪਾਦਕੀ

ਦੇਸ਼ ਵਾਸੀਆਂ ਨੂੰ ਅਸਲ ਸਵਾਲ ਦਾ ਜਵਾਬ ਨਹੀਂ ਮਿਲਿਆ

June 29, 2020 09:08 PM

ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਕਾਰਨ ਅੱਜ-ਕੱਲ੍ਹ ਤਣਾਅ ਬਹੁਤ ਵਧਿਆ ਹੋਇਆ ਹੈ। ਗਲਵਾਨ ਵਾਦੀ ਦੀ ਅਸਲ ਨਿਯੰਤਰਣ ਰੇਖਾ 'ਤੇ ਪੰਦਰਾਂ ਜੂਨ ਦੀ ਰਾਤ ਨੂੰ ਹੋਈ ਖੂਨੀ ਝੜਪ ਵਿਚ ਭਾਰਤ ਦੇ ਵੀਹ ਜਵਾਨ ਮਾਰੇ ਗਏ ਸਨ ਜੋ ਕਿ ਇਸ ਖੇਤਰ ਵਿਚ ਪੰਤਾਲੀ ਸਾਲ ਬਾਅਦ ਵਾਪਰੀ ਜਾਨਾਂ ਲੈਣ ਵਾਲੀ ਝੜਪ ਸੀ। ਭਾਰਤ ਵਿਚ ਅਜਿਹੀ ਮੰਦਭਾਗੀ ਘਟਨਾ ਦਾ ਪ੍ਰਤੀਕਰਮ ਹੋਣਾ ਸੁਭਾਵਿਕ ਸੀ। ਦੇਸ਼ ਵਿਚ ਖਾਸ ਤੌਰ 'ਤੇ ਬਣਾਏ ਗਏ ਜੰਗਜੂ ਮਾਹੌਲ ਅਤੇ ਸਰਕਾਰੀ ਸਰਪ੍ਰਸਤੀ ਵਾਲੇ ਸਵਦੇਸ਼ੀ ਜਾਗਰਣ ਮੰਚ ਦੀ ਸਰਗਰਮੀ ਕਾਰਨ ਚੀਨੀ ਸਾਮਾਨ ਦੇ ਵਿਰੋਧ ਦਾ ਵੀ ਇਕ ਮੁਹਾਜ਼ ਖੋਲ੍ਹਿਆ ਗਿਆ ਹੈ, ਜਦੋਂਕਿ ਕੇਂਦਰ ਦੀ ਮੋਦੀ ਸਰਕਾਰ ਚੀਨੀ ਸਾਮਾਨ ਨੂੰ ਭਾਰਤ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਕਈ ਢੰਗ ਤਰੀਕੇ ਰੱਖਦੀ ਹੈ।
 ਬਹਰਹਾਲ, ਸਰਕਾਰ ਦਾ ਇਸ ਖੂਨੀ ਝੜਪ ਪ੍ਰਤੀ ਪ੍ਰਤੀਕਰਮ ਦੋ ਦਿਨ ਬਾਅਦ ਆਇਆ। ਸਰਬ ਪਾਰਟੀ ਮੀਟਿੰਗ ਰੱਖਣ 'ਤੇ ਮੋਦੀ ਸਰਕਾਰ ਮਜਬੂਰ ਹੋਈ ਪਰ ਇਸ ਵਿਚ ਦਿਖਾਈ ਗਈ ਇਕਮੁਠਤਾ ਮੀਟਿੰਗ ਬਾਅਦ ਪ੍ਰਧਾਨ ਮੰਤਰੀ ਵਲੋਂ ਦਿੱਤੇ ਬਿਆਨ ਨੇ ਨਸ਼ਟ ਕਰ ਦਿੱਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਖਾਸ ਅੰਦਾਜ਼ ਵਿਚ ਸਪੱਸ਼ਟ ਕੀਤਾ ਸੀ ਕਿ ਭਾਰਤ ਦੀ ਸੀਮਾ ਅੰਦਰ ਨਾ ਤਾਂ ਕੋਈ ਆਇਆ ਹੈ ਅਤੇ ਨਾ ਹੀ ਕੋਈ ਆਇਆ ਹੋਇਆ ਹੈ ਅਤੇ ਨਾ ਹੀ ਸਾਡੀ ਕੋਈ ਚੌਕੀ 'ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਬਿਆਨ ਨੇ ਭਾਰੀ ਵਿਵਾਦ ਪੈਦਾ ਕੀਤਾ ਕਿਉਂਕਿ ਇਸ ਤੋਂ ਇਹ ਸਪੱਸ਼ਟ ਨਹੀਂ ਹੋਇਆ ਕਿ ਭਾਰਤੀ ਜਵਾਨਾਂ ਦੀ ਮੌਤ ਕਿਉਂ ਤੇ ਕਿਸ ਸਥਾਨ 'ਤੇ ਹੋਈ। ਇਸ ਬਿਆਨ ਨੂੰ ਚੀਨ ਨੇ ਵੀ ਇਹ ਦਰਸਾਉਣ ਲਈ ਵਰਤਿਆ ਕਿ ਉਸ ਦੁਆਰਾ ਭਾਰਤੀ ਸਰਹੱਦ ਦਾ ਉਲੰਘਣ ਨਹੀਂ ਕੀਤਾ ਗਿਆ ਹੈ।
ਚੀਨ ਦੇ ਭਾਰਤੀ ਪਾਸੇ ਵੱਲ ਕਈ ਕਿਲੋਮੀਟਰ ਅੰਦਰ ਆ ਜਾਣ ਦੀਆਂ ਖ਼ਬਰਾਂ ਚਲਦੀਆਂ ਰਹੀਆਂ ਅਤੇ ਭਾਰਤੀ ਲੋਕਾਂ ਨੇ ਇਸੇ ਦੌਰਾਨ ਇਹ ਵੀ ਮਹਿਸੂਸ ਕੀਤਾ ਕਿ ਮੁਲਕ ਦੇ ਹਾਕਮ ਉਸ ਪ੍ਰਕਾਰ ਦੇ ਗਰਮ ਅਤੇ ਵੱਟ-ਕੱਢ ਬਿਆਨ ਨਹੀਂ ਦੇ ਰਹੇ ਜਿਸ ਕਿਸਮ ਦੇ ਇਹ ਪਾਕਿਸਤਾਨ ਵਿਰੁੱਧ ਦਿੰਦੇ ਰਹੇ ਹਨ। 'ਘੁਸ ਕੇ ਮਾਰੇਂਗੇ' ਅਤੇ 'ਮੂੰਹ ਤੋੜ ਜਵਾਬ ਦੇਂਗੇ' ਜਿਹੇ ਬਿਆਨ ਗਾਇਬ ਰਹਿਣ ਦਾ ਅੰਦਰੋ-ਅੰਦਰੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਹਾਕਮਾਂ ਨੂੰ ਵੀ ਅਫਸੋਸ ਰਿਹਾ ਕਿਉਂਕਿ ਹੁਕਮਰਾਨ ਹੁੰਦੇ ਹੋਏ ਉਹ ਜੋ ਪਿਛਲੇ ਕਈ ਸਾਲਾਂ ਤੋਂ ਦੁਸ਼ਮਣ ਨੂੰ ਟਿੱਚ ਜਾਨਣ ਵਾਲੇ ਵੀਰ ਬਹਾਦੁਰ ਦਾ ਆਪਣਾ ਅਕਸ ਪੇਸ਼ ਕਰ ਰਹੇ ਸਨ। ਉਹ ਅਚਾਨਕ ਨਾ ਕਿ ਅਲੋਪ ਹੋ ਗਿਆ ਸਗੋਂ ਉਸ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਦਿਖਿਆ। ਕੁਝ ਦਿਨ ਅਜਿਹਾ ਹੀ ਚਲਦਾ ਰਿਹਾ। ਫਿਰ ਮੋਦੀ ਸਰਕਾਰ ਦੇ ਮੰਤਰੀ ਵਿਰੋਧੀ ਪਾਰਟੀ ਕਾਂਗਰਸ 'ਤੇ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਚੰਦਾ ਲੈਣ ਦੇ ਦੋਸ਼ ਲਾਉਣ ਲੱਗੇ ਜਦੋਂਕਿ ਸਰਕਾਰ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਚੀਨ ਦੀ ਫੌਜ ਭਾਰਤ ਵਿਚ ਦਾਖ਼ਲ ਹੋ ਚੁੱਕੀ ਹੈ ਕਿ ਨਹੀਂ।
ਦੋ ਚਾਰ ਦਿਨ ਤੋਂ ਖ਼ਬਰਾਂ ਆਉਣ ਲੱਗੀਆਂ ਹਨ ਕਿ ਚੀਨ ਦੀਆਂ ਫੌਜੀ ਟੁਕੜੀਆਂ ਤਾਂ ਮਈ ਦੇ ਪਹਿਲੇ ਦਿਨਾਂ ਵਿਚ ਹੀ ਅਸਲ ਨਿਯੰਤਰਣ ਰੇਖਾ ਦੇ ਭਾਰਤੀ ਪਾਸੇ ਵਿਚ ਦਾਖਲ ਹੋ ਚੁੱਕੀਆਂ ਸਨ। ਇਕ ਅਖ਼ਬਾਰ ਨੇ ਪੂਰੀ ਰਿਪੋਰਟ ਛਾਪੀ ਹੈ ਕਿ ਕੇਂਦਰ ਵੱਲੋਂ ਜੰਮੂ ਕਸ਼ਮੀਰ ਦਾ ਰੁਤਬਾ ਬਦਲਣ ਤੇ ਲਦਾਖ ਨੂੰ ਵੱਖਰਾ ਕੇਂਦਰ ਸ਼ਾਸਿਤ ਰਾਜ ਬਣਾਉਣ ਤੋਂ ਬਾਅਦ ਪਿਛਲੇ ਸਤੰਬਰ ਮਹੀਨੇ ਹੀ ਲੱਦਾਖ ਦੀ ਅਸਲ ਨਿਯੰਤਰਣ ਰੇਖਾ 'ਤੇ ਚੀਨ ਤੇ ਭਾਰਤੀ ਫੌਜੀਆਂ 'ਚ ਟਕਰਾਅ ਹੋ ਗਿਆ ਸੀ ਜਿਸ 'ਚ ਗਿਆਰਾਂ ਭਾਰਤੀ ਜਵਾਨ ਜ਼ਖ਼ਮੀ ਹੋਏ ਸਨ। ਇਨ੍ਹਾਂ ਖ਼ਬਰਾਂ ਦੀ ਵੀ ਸਰਕਾਰ ਵਲੋਂ ਨਾ ਪੁਸ਼ਟੀ ਹੋਈ ਅਤੇ ਨਾ ਹੀ ਨਿਖ਼ੇਧੀ।
ਤਿੰਨ-ਚਾਰ ਦਿਨ ਪਹਿਲਾਂ ਤੋਂ ਮੋਦੀ ਸਰਕਾਰ ਨੇ ਇਸ ਸੰਬੰਧੀ ਨੀਤੀ ਬਦਲੀ ਲੱਗਦੀ ਹੈ। ਇਸ ਦੇ ਅਧੀਨ ਹੀ ਚੀਨ ਦੇ ਭਾਰਤੀ ਰਾਜਦੂਤ ਨੇ ਪਿਛਲੇ ਸ਼ੁੱਕਰਵਾਰ ਕੁਝ ਸਖ਼ਤ ਬਿਆਨ ਰਾਹੀਂ ਚੇਤਾਵਨੀ ਦਿੱਤੀ ਹੈ ਕਿ ਤਾਕਤ ਦੀ ਵਰਤੋਂ ਨਾਲ ਯਥਾ ਸਥਿਤੀ ਨੂੰ ਬਦਲਣ ਦੇ ਯਤਨ ਸਰਹੱਦੀ ਇਲਾਕਿਆਂ 'ਚ ਅਮਨ ਦੇ ਮਾਹੌਲ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਣਗੇ ਸਗੋਂ ਵਿਸ਼ਾਲਤਰ ਆਪਸੀ ਸੰਬੰਧਾਂ 'ਚ 'ਹਿਲਜੁਲ ਤੇ ਨਤੀਜੇ' ਵੀ ਪੈਦਾ ਕਰਨਗੇ। ਬਿਆਨ 'ਚ ਪੂਰਬੀ ਲੱਦਾਖ਼ 'ਚ ਚੀਨ ਨੂੰ ਆਪਣੀਆਂ ਸਰਗਰਮੀਆਂ ਰੋਕਣ ਲਈ ਵੀ ਕਿਹਾ ਗਿਆ।
ਇਸ ਤੋਂ ਠੀਕ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਬਿਆਨ ਆਇਆ ਜਿਸ 'ਚ ਹਾਲਾਤ ਨੂੰ ਸਪੱਸ਼ਟ ਕਰਨ ਦੀ ਥਾਂ ਬਹੁਤਾ ਜ਼ੋਰ ਆਪਣਾ ਵੀਰ ਬਹਾਦਰ ਦਾ ਆਪਣਾ ਅਕਸ ਸੰਭਾਲਣ 'ਤੇ ਦਿੱਤਾ ਗਿਆ ਹੈ। 'ਮਨ ਕੀ ਬਾਤ' ਦੇ ਆਪਣੇ 66ਵੇਂ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਚੀਨ ਦਾ ਨਾਂ ਲਏ ਬਗੈਰ ਕਿਹਾ ਹੈ ਕਿ 'ਲਦਾਖ 'ਚ ਭਾਰਤ ਦੀ ਜ਼ਮੀਨ 'ਤੇ ਅੱਖ ਉਠਾ ਕੇ ਦੇਖਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਵਾਨਾਂ ਦੀ ਸ਼ਹਾਦਤ, ਕੋਰੋਨਾ ਵਿਸ਼ਾਣੂ, ਆਤਮ ਨਿਰਭਰ ਭਾਰਤ, ਕਿਸਾਨ, ਲਾਕਡਾਊਨ ਦੀਆਂ ਕਹਾਣੀਆਂ ਤੇ ਵਾਤਾਵਰਣ ਜਿਹੇ ਮੁੱਦਿਆਂ 'ਤੇ ਬੋਲਦਿਆਂ ਇਹ ਵੀ ਕਿਹਾ ਕਿ 'ਭਾਰਤ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਅਤੇ ਅੱਖ 'ਚ ਅੱਖ ਪਾ ਕੇ ਜਵਾਬ ਦੇਣਾ ਵੀ।' ਪਰ ਉਨ੍ਹਾਂ ਨੇ ਇਹ ਸਾਫ਼ ਨਹੀਂ ਕੀਤਾ ਕਿ ਚੀਨ ਭਾਰਤ ਦੀ ਸੀਮਾ ਅੰਦਰ ਆ ਚੁੱਕਾ ਹੈ ਕਿ ਨਹੀਂ। ਸੋ ਭਾਰਤੀਆਂ ਦੀ ਇਸ ਸੰਬੰਧੀ ਬਣੀ ਤੀਖ਼ਣ ਉਤਸੁਕਤਾ ਨੂੰ ਪ੍ਰਧਾਨ ਮੰਤਰੀ ਸ਼ਾਂਤ ਨਹੀਂ ਕਰ ਸਕੇ। ਅਸਲ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ