ਚੰਡੀਗੜ੍ਹ, 30 ਜੂਨ (ਏਜੰਸੀ) : ਪੰਜਾਬ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਸਭਤੋਂ ਵੱਧ ਮੌਤਾਂ ਹੋਈਆਂ ਹਨ। ਅੱਜ ਫਿਰ ਕੋਰੋਨਾ ਅੱਗੇ ਇੱਕ 60 ਸਾਲਾ ਵਿਅਕਤੀ ਦਮ ਤੋੜ ਗਿਆ ਹੈ। ਫਰੈਂਚ ਕਾਲੋਨੀ ਵਾਸੀ ਨਿਦੋਸ਼ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਗੁਰੂ ਨਾਨਕ ਹਸਪਤਾਲ ਵਿੱਚ ਦਾਖਿਲ ਸੀ। ਉਹ ਸ਼ੂਗਰ ਸਮੇਤ ਹੋਰਨਾਂ ਬਿਮਾਰੀਆਂ ਦਾ ਸ਼ਿਕਾਰ ਸੀ। ਜਦੋਂ ਉਸਦੇ ਹਸਪਤਾਲ ਵੱਲੋਂ ਕੋਰੋਨਾ ਸੰਬੰਧੀ ਟੈਸਟ ਲਏ ਗਏ ਤਾਂ ਉਹ ਪਾਜ਼ੀਟਿਵ ਪਾਇਆ ਗਿਆ। ਉਹ ਇਸ ਸਮੇਂ ਵੈਂਟੀਲੇਟਰ 'ਤੇ ਸੀ। ਮੰਗਲਵਾਰ ਨੂੰ ਹਾਲਤ ਗੰਭੀਰ ਹੋਣ ਕਾਰਨ ਉਹ ਦਮ ਤੋੜ ਗਿਆ। ਸਰਕਾਰੀ ਰਿਪੋਰਟ ਅਨੁਸਾਰ ਹੁਣ ਤੱਕ ਜਿਲ੍ਹੇ 'ਚ 904 ਕੇਸ ਪਾਜ਼ੀਟਿਵ ਪਾਏ ਗਏ ਹਨ। 143 ਐਕਟਿਵ ਕੇਸ ਹਨ। 722 ਹੁਣ ਤੱਕ ਛੁੱਟੀ ਲੈ ਕੇ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। 42 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।