ਚੰਡੀਗੜ੍ਹ/ਤਰਨਤਾਰਨ, 14 ਨਵੰਬਰ
ਆਮ ਆਦਮੀ ਪਾਰਟੀ (ਆਪ) ਨੇ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣ ਵਿੱਚ ਇਤਿਹਾਸਕ ਅਤੇ ਇੱਕ ਪਾਸੜ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਕੰਮ-ਅਧਾਰਤ ਰਾਜਨੀਤੀ, ਸਾਫ਼-ਸੁਥਰੇ ਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਅਗਵਾਈ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12,000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ X 'ਤੇ ਕਿਹਾ, “ਤਰਨਤਾਰਨ ਜਿਮਨੀ ਚੋਣ ਵਿੱਚ ਸ਼ਾਨਦਾਰ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ-ਅਧਾਰਤ ਰਾਜਨੀਤੀ ਦਾ ਸਮਰਥਨ ਕਰਦਾ ਹੈ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ, ਪਾਰਟੀ ਹਰ ਜਗ੍ਹਾ ਜਿੱਤ ਦਾ ਝੰਡਾ ਬੁਲੰਦ ਕਰ ਰਹੀ ਹੈ।”
ਉਨ੍ਹਾਂ ਅੱਗੇ ਕਿਹਾ, “ਪੰਜਾਬ ਨੇ ਇੱਕ ਵਾਰ ਫਿਰ 'ਆਪ' 'ਤੇ ਭਰੋਸਾ ਕੀਤਾ ਹੈ। ਇਹ ਲੋਕਾਂ ਅਤੇ ਹਰ ਮਿਹਨਤੀ ਵਲੰਟੀਅਰ ਦੀ ਜਿੱਤ ਹੈ। ਮੁਹਿੰਮ ਦੌਰਾਨ ਤਰਨਤਾਰਨ ਦੇ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।” ਮੁੱਖ ਮੰਤਰੀ ਮਾਨ ਨੇ ਤਰਨਤਾਰਨ ਦੇ ਹਰ ਵੋਟਰ ਨੂੰ ਇਸ ਨਿਰਣਾਇਕ ਫਤਵੇ ਲਈ ਵਧਾਈ ਦਿੱਤੀ।