ਪੁਲਿਸ ਵੱਲੋਂ ਵਿਗਿਆਨਿਕ ਢੰਗ ਨਾਲ ਕੀਤੀ ਜਾ ਰਹੀ ਮਾਮਲੇ ਦੀ ਤਫਤੀਸ਼: ਐਸ.ਪੀ. ਯਾਦਵ
ਸ੍ਰੀ ਫ਼ਤਹਿਗੜ੍ਹ ਸਾਹਿਬ/ 29 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਮੰਡੀ ਗੋਬਿੰਦਗੜ੍ਹ ਵਿਖੇ ਨਾਮਾਲੂਮ ਵਿਅਕਤੀਆਂ ਵੱਲੋਂ ਬੀਤੀ ਰਾਤ ਇੱਕ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ।ਮਿ੍ਰਤਕ ਦੀ ਪਹਿਚਾਣ ਪ੍ਰਮੋਦ ਕੁਮਾਰ(33) ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਮੂਲ ਵਾਸੀ ਬਿਹਾਰ ਵਜੋਂ ਹੋਈ ਹੈ।ਮਿ੍ਰਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪ੍ਰਮੋਦ ਕੁਮਾਰ ਮੰਡੀ ਗੋਬਿੰਦਗੜ੍ਹ ਦੀ ਮੁਗਲਮਾਜਰਾ ਰੋਡ 'ਤੇ ਸਥਿਤ ਇੱਕ ਫਰਨੇਸ ਮਿੱਲ 'ਚ ਕੰਮ ਕਰਦਾ ਸੀ ਜਿਸ ਨੇ ਬੀਤੀ ਰਾਤ ਡਿਊਟੀ ਖਤਮ ਹੋਣ ਉਪਰੰਤ ਘਰ ਫੋਨ ਕਰਕੇ ਦੱਸਿਆ ਕਿ ਉਹ ਕਿਸੇ ਵਿਅਕਤੀ ਨੂੰ ਅੰਬੇਮਾਜਰਾ ਵਿਖੇ ਛੱਡ ਕੇ ਘਰ ਆ ਰਿਹਾ ਹੈ ਪਰ ਕੁਝ ਸਮਾਂ ਬਾਅਦ ਉਨਾਂ ਨੂੰ ਪਤਾ ਲੱਗਿਆ ਕਿ ਕਿਸੇ ਨੇ ਪ੍ਰਮੋਦ ਕੁਮਾਰ ਦਾ ਕਤਲ ਕਰ ਦਿੱਤਾ ਹੈ ਜਿਸ ਦੀ ਲਾਸ਼ ਜੀ.ਟੀ. ਰੋਡ ਦੇ ਨਾਲੋਂ ਲੰਘਦੀ ਸਰਵਿਸ ਰੋਡ 'ਤੇ ਪਈ ਹੈ ਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਪ੍ਰਮੋਦ ਕੁਮਾਰ ਲਹੂ ਲੁਹਾਣ ਹੋਇਆ ਪਿਆ ਸੀ ਜਿਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਨਿਸ਼ਾਨ ਸਨ ਤੇ ਉਸਦੀ ਮੌਤ ਹੋ ਚੁੱਕੀ ਸੀ।ਉਨਾਂ ਦੱਸਿਆ ਕਿ ਪ੍ਰਮੋਦ ਕੁਮਾਰ ਦੀ ਜੇਬ ਵਿੱਚ ਪਏ ਪੈਸੇ ਅਤੇ ਮੋਬਾਈਲ ਵਗੈਰਾ ਸਮਾਨ ਕਾਤਲਾਂ ਵੱਲੋਂ ਛੇੜਿਆ ਤੱਕ ਨਹੀਂ ਗਿਆ ਜਿਸ ਨੂੰ ਦੇਖ ਕੇ ਲਗਦਾ ਹੈ ਕਿ ਕਾਤਲਾਂ ਦਾ ਮਕਸਦ ਲੁੱਟ ਦੀ ਬਜਾਏ ਕੁਝ ਹੋਰ ਸੀ।ਸੂਤਰਾਂ ਅਨੁਸਾਰ ਵਾਰਦਾਤ 'ਚ ਵਰਤਿਆ ਗਿਆ ਇੱਕ ਹਥਿਆਰ ਬਰਾਮਦ ਕਰ ਚੁੱਕੀ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਕਾਤਲਾਂ ਦਾ ਸੁਰਾਗ ਲਗਾਉਣ ਲਈ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਫਰੋਲੀ ਜਾ ਰਹੀ ਹੈ।ਐਸ.ਪੀ.(ਇਨਵੈਸਟੀਗੇਸ਼ਨ) ਰਕੇਸ਼ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਵਿਗਿਆਨਿਕ ਢੰਗ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।