ਸ੍ਰੀ ਫ਼ਤਹਿਗੜ੍ਹ ਸਾਹਿਬ, 4 ਮਈ (ਰਵਿੰਦਰ ਸਿੰਘ ਢੀਂਡਸਾ) : ਮੰਡੀ ਗੋਬਿੰਦਗੜ੍ਹ ਵਿਖੇ ਅਤੇ ਪਿੰਡ ਮੁੱਢੜੀਆਂ ਨਜ਼ਦੀਕ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਸਥਾਨੀ ਕਲੋਨੀ ਖੰਨਾ ਦੇ ਵਸਨੀਕ ਰੋਹਿਤ ਅਤੇ ਉਸਦਾ ਮਾਮਾ ਵਿਜੈ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੰਨਾ ਤੋਂ ਮੰਡੀ ਗੋਬਿੰਦਗੜ੍ਹ ਨੂੰ ਜਾ ਰਹੇ ਸਨ ਤਾਂ ਜੀ.ਪੀ.ਐਸ. ਸਕੂਲ ਮੰਡੀ ਗੋਬਿੰਦਗੜ੍ਹ ਨਜ਼ਦੀਕ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਇੱਕ ਚਿੱਟੇ ਰੰਗ ਦੀ ਮਰੂਤੀ ਕਾਰ ਨੇ ਉਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਵਿਜੈ ਦੀ ਮੌਤ ਹੋ ਗਈ।ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਕਾਰ ਦੇ ਨਾਮਾਲੂਮ ਚਾਲਕ ਵਿਰੁੱਧ ਅ/ਧ 279,304ਏ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।ਇੱਕ ਵੱਖਰੇ ਮਾਮਲੇ 'ਚ ਮਲਕੀਤ ਸਿੰਘ ਵਾਸੀ ਪਿੰਡ ਤਿੰਬਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਭੱਦਲਥੂਹਾ ਤੋਂ ਮੁੱਢੜੀਆਂ ਵੱਲ ਨੂੰ ਜਾ ਰਿਹਾ ਸੀ ਤਾਂ ਮੁੱਢੜੀਆਂ ਦੇ ਸ਼ਰਾਬ ਠੇਕੇ ਨਜ਼ਦੀਕ ਵੈਗਨਾਰ ਕਾਰ ਨੰਬਰ ਐਚ.ਆਰ.26ਕੇ-6777 ਦੇ ਚਾਲਕ ਨੇ ਅਣਗਹਿਲੀ ਨਾਲ ਕਾਰ ਚਲਾਉਂਦੇ ਹੋਏ ਉਸਦੇ ਅੱਗੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਉਕਤ ਵਿਅਕਤੀ ਦੀ ਹਸਪਤਾਲ ਪੁੱਜ ਕੇ ਮੌਤ ਹੋ ਗਈ।ਵੈਗਨਾਰ ਕਾਰ ਦੇ ਨਾਮਾਲੂਮ ਚਾਲਕ ਵਿਰੁੱਧ ਅ/ਧ 279,304ਏ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਅਮਲੋਹ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।