Saturday, April 20, 2024  

ਲੇਖ

ਯੇਤੀ (ਹਿਮ ਮਾਨਵ) ਬਾਰੇ ਦਾਅਵੇ ਥੋਥੇ ਤੇ ਗ਼ੈਰ-ਵਿਗਿਆਨਕ

June 01, 2023

ਪਿਛਲੇ ਸਾਲ ਅਮਰੀਕੀ ਪਰਬਤਾਰੋਹੀਆਂ ਦੇ ਇਕ ਦਲ ਨੇ ਇੱਕ ਬਿਆਨ ਜਾਰੀ ਕਰ ਕੇ ਸਦੀਆਂ ਤੋਂ ਚਲਦੀ ਆ ਰਹੀ ਇਸ ਬਹਿਸ ਨੂੰ ਦੁਬਾਰਾ ਹਵਾ ਦੇ ਦਿੱਤੀ ਹੈ ਕਿ ਯੇਤੀ ਦੀ ਕੋਈ ਹੋਂਦ ਹੈ ਜਾਂ ਨਹੀਂ? ਉਹਨਾਂ ਨੇ ਦਾਅਵਾ ਕੀਤਾ ਕਿ ਨੇਪਾਲ ਵਿੱਚ ਸਥਿੱਤ ਮਾਊਂਟ ਮਕਾਲੂ (ਹਿਮਾਲੀਆ ਪਰਬਤ) ਸਰ ਕਰਨ ਸਮੇਂ ਉਹਨਾਂ ਨੇ 9 ਅਪਰੈਲ ਨੂੰ ਚੋਟੀ ਦੇ ਨਜ਼ਦੀਕਯੇਤੀ ਦੇ ਪੈਰਾਂ ਦੇ ਨਿਸ਼ਾਨ ਵੇਖੇ ਹਨ ਜੋ 32 ਇੰਚ ਲੰਬੇ ਅਤੇ 15 ਇੰਚ ਚੌੜੇ ਹਨ। ਉਸ ਦਲ ਨੇ ਉਸ ਦੀਆਂ ਫੋਟੋਆਂ ਵੀ ਅਖਬਾਰਾਂ ਲਈ ਜਾਰੀ ਕੀਤੀਆਂ ਸਨ। ਖੈਰ ਜੀਵ ਵਿਗਿਆਨੀ ਅਜੇ ਇਸ ਮਾਮਲੇ ਦੀ ਘੋਖ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਅਜਿਹੇ ਦਾਅਵੇ ਕੀਤੇ ਗਏ ਸਨ ਪਰ ਉਹ ਨਿਸ਼ਾਨ ਪਹਾੜੀ ਹਿਰਨਾਂ, ਤੇਂਦੂਏ ਅਤੇ ਰਿੱਛਾਂ ਆਦਿ ਦੇ ਨਿਕਲੇ ਸਨ। ਆਖਰ ਕੀ ਹੈ ਯੇਤੀ ਜਿਸ ਦੇ ਹੋਣ ਜਾਂ ਨਾ ਹੋਣ ਬਾਰੇ ਲੋਕ ਐਨੇ ਭਾਵਕ ਹੋ ਜਾਂਦੇ ਹਨ?
ਯੇਤੀ ਨੇਪਾਲੀ ਅਤੇ ਤਿਬਤੀ ਲੋਕ ਕਥਾਵਾਂ ਦਾ ਇੱਕ ਚਰਿੱਤਰ ਹੈ, ਜਿਸ ਬਾਰੇ ਮੰਨਿਆਂ ਜਾਂਦਾ ਹੈ ਕਿ ਉਹ ਹਿਮਾਲੀਆ ਦੀਆਂ ਹਜ਼ਾਰਾਂ ਮੀਟਰ ਉੱਚੀਆਂ ਬਰਫੀਲੀਆਂ ਵਾਦੀਆਂ-ਗੁਫਾਵਾਂ ਵਿੱਚ ਰਹਿੰਦਾ ਹੈ। ਉਸ ਦਾ ਆਕਾਰ ਗੁਰੀਲੇ ਵਰਗਾ,ਪਰ ਸਫੇਦ ਰੰਗ ਦਾ ਹੈ, ਦੋ ਪੈਰਾਂ ‘ਤੇ ਚੱਲਦਾ ਹੈ, ਕਦੇ ਵੀ ਇਨਸਾਨਾਂ ਦੇ ਸਾਹਮਣੇ ਨਹੀਂ ਆਉਂਦਾ ਤੇ ਸ਼ਕਾਹਾਰੀ ਹੈ।ਯੇਤੀ ਬਾਰੇ ਦੰਦ ਕਥਾਵਾਂ ਹਜ਼ਾਰਾਂ ਸਾਲਾਂ ਤੋਂ ਚੱਲ ਰਹੀਆਂ ਹਨ। ਬੁੱਧ ਗ੍ਰੰਥਾਂ ਵਿੱਚ ਵੀ ਯੇਤੀ ਦਾ ਵਰਨਣ ਮਿਲਦਾ ਹੈ। ਪੱਛਮੀ ਦੇਸ਼ਾਂ ਵਿੱਚ ਯੇਤੀ ਬਾਰੇ ਕਹਾਣੀਆਂ 19ਵੀਂ ਸਦੀ ਵਿੱਚ ਮਸ਼ਹੂਰ ਹੋਈਆਂ ਸਨ। ਭਾਵੇਂ ਇਸ ਨੂੰ ਅਤੇ ਇਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਵੇਖਣ ਦੇ ਸੈਂਕੜੇ ਦਾਅਵੇ ਕੀਤੇ ਗਏ ਹਨ, ਪਰ ਹੁਣ ਤੱਕ ਕੋਈ ਵੀ ਠੋਸ ਸਬੂਤ ਸਾਹਮਣੇ ਨਹੀਂ ਆਇਆ। ਯੇਤੀ ਤਿਬਤੀ ਭਾਸ਼ਾ ਦੇ ਸ਼ਬਦ ਯੀਪੀ ਤੋਂ ਵਿਗੜ ਕੇ ਬਣਿਆ ਹੈ, ਜਿਸ ਦਾ ਅਰਥ ਹੈ ਪਹਾੜੀ ਭਾਲੂ। ਇਸ ਤੋਂ ਇਲਾਵਾ ਇਸ ਨੂੰ ਤਿਬਤ ਅਤੇ ਨੇਪਾਲ ਵਿੱਚ ਮਿਗੋਈ, ਬਣ ਮਾਂਚੀ, ਮਿਰਕਾ ਅਤੇ ਕਾਂਗ ਮਾਨੁਸ਼ ਵੀ ਕਿਹਾ ਜਾਂਦਾ ਹੈ। ਯੇਤੀ ਦੇ ਪੈਰਾਂ ਦੇ ਨਿਸ਼ਾਨ ਵੇਖਣ ਦਾ ਸਭ ਤੋਂ ਪਹਿਲਾ ਦਾਅਵਾ 1899 ਈਸਵੀ ਵਿੱਚ ਬਿ੍ਰਟਿਸ਼ ਜੀਵ ਵਿਗਿਆਨੀ ਲਾਰੈਂਸ ਵੈਡਲ ਨੇ ਕੀਤਾ ਸੀ। ਉਸ ਨੇ ਹਿਮਾਲੀਆ ਵਿੱਚ ਬਹੁਤ ਵੱਡੇ ਪੈਰਾਂ ਦੇ ਨਿਸ਼ਾਨ ਵੇਖੇ ਜੋ ਉਸ ਨੇ ਭਾਲੂ ਦੇ ਸਮਝੇ ਪਰ ਉਸ ਦੇ ਨੇਪਾਲੀ ਗਾਈਡ ਨੇ ਦੱਸਿਆ ਕਿ ਇਹ ਹਿਮ ਮਾਨਵ ਯੇਤੀ ਦੇ ਹਨ। 1921 ਵਿੱਚ ਬਿ੍ਰਟਿਸ਼ ਮਿਲਟਰੀ ਅਫਸਰ ਲੈਫਟੀਨੈਂਟ ਕਰਨਲ ਚਾਰਲਸ ਹਾਵਰਡ ਬਰੀ ਨੇ ਵੀ ਆਪਣੀ ਰਿਪੋਰਟ ਵਿੱਚ 21000 ਫੁੱਟ ਦੀ ਉੱਚਾਈ ‘ਤੇ ਲਾਪਕਾ ਲਾ ਦਰੇ ਨੇੜੇ ਯੇਤੀ ਪੈਰਾਂ ਦੇ ਨਿਸ਼ਾਨ ਵੇਖਣ ਬਾਰੇ ਦਾਅਵਾ ਕੀਤਾ।
20ਵੀਂ ਸਦੀ ਵਿੱਚ ਯੂਰਪੀਅਨਾਂ ਵੱਲੋਂ ਮਾਊਂਟ ਐਵਰੈਸਟ ਸਮੇਤ ਹਿਮਾਲੀਆ ਦੀਆਂ ਅਨੇਕਾਂ ਚੋਟੀਆਂ ਨੂੰ ਸਰ ਕਰਨ ਲਈ ਮੁਹਿੰਮਾਂ ਭੇਜੀਆਂ ਜਾਣ ਲੱਗੀਆਂ। ਇਸ ਨਾਲ ਯੇਤੀ ਨੂੰ ਵੇਖਣ ਦੇ ਦਾਅਵਿਆਂ ਵਿੱਚ ਵੀ ਹੜ੍ਹ ਆ ਗਿਆ। 1925 ਵਿੱਚ ਬਿ੍ਰਟਿਸ਼ ਜੀਵ ਵਿਗਿਆਨੀ ਐਨ.ਏ. ਟਾਮਬਾਜ਼ੀ ਨੇ ਲਿਖਿਆ ਕਿ ਉਸ ਨੇ ਜੈਅਮੂ ਗਲੇਸ਼ੀਅਰ ਨੇੜੇ 15000 ਫੁੱਟ ਦੀ ਉੱਚਾਈ ‘ਤੇ, ਸਿਰਫ 200-300 ਗਜ਼ ਦੀ ਦੂਰੀ ਤੋਂ ਕਰੀਬ ਇੱਕ ਮਿੰਟ ਤੱਕ ਯੇਤੀ ਨੂੰ ਵੇਖਿਆ। ਉਸ ਦੇ ਸਰੀਰ ‘ਤੇ ਸੰਘਣੇ ਸਫੈਦ ਵਾਲ ਸਨ ਤੇ ਉਹ ਇਨਸਾਨਾਂ ਵਾਂਗ ਬਿਲਕੁਲ ਸਿੱਧਾ ਚੱਲ ਰਿਹਾ ਸੀ। ਕੁਝ ਦੇਰ ਬਾਅਦ ਟਾਮਬਾਜ਼ੀ ਨੇ ਉਸ ਦੇ ਪੈਰਾਂ ਦੇ ਨਿਸ਼ਾਨ ਵੇਖੇ ਜੋ ਇਨਸਾਨਾਂ ਵਰਗੇ ਹੀ ਸਨ ਤੇ ਕਰੀਬ 7 ਇੰਚ ਲੰਬੇ ਤੇ 4 ਇੰਚ ਚੌੜੇ ਸਨ। ਯੇਤੀ ਦੇ ਪੈਰਾਂ ਦੇ ਨਿਸ਼ਾਨਾਂ ਦੀਆਂ ਬਿਲਕੁਲ ਸਾਫ ਫੋਟੋਆਂ 1951 ਵਿੱਚ ਸਭ ਤੋਂ ਪਹਿਲਾਂ ਅਮਰੀਕੀ ਖੋਜੀ ਐਰਿਕ ਸ਼ਿਪਟਨ ਨੇ 20000 ਫੁੱਟ ਦੀ ਉੱਚਾਈ ‘ਤੇ ਖਿੱਚੀਆਂ ਸਨ। ਇਹਨਾਂ ਫੋਟੋਆਂ ਬਾਰੇ ਵਿਗਿਆਨੀਆਂ ਵਿੱਚ ਸਭ ਤੋਂ ਜਿਆਦਾ ਬਹਿਸ ਹੋਈ ਹੈ। ਕਈ ਲੋਕ ਇਸ ਨੂੰ ਯੇਤੀ ਦੇ ਪੈਰਾਂ ਦੇ ਅਸਲੀ ਨਿਸ਼ਾਨ ਮੰਨਦੇ ਹਨ ਤੇ ਅਨੇਕਾਂ ਬਹੁਤ ਵੱਡਾ ਫਰਾਡ ਸਮਝਦੇ ਹਨ। 1953 ਵਿੱਚ ਸਰ ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜ਼ਿੰਗ ਨੋਰਗੇ ਨੇ ਮਾਊਂਟ ਐਵਰੈਸਟ ਦੀ ਚੜ੍ਹਾਈ ਦੌਰਾਨ ਯੇਤੀ ਦੇ ਪੈਰਾਂ ਵਰਗੇ ਵੱਡੇ ਨਿਸ਼ਾਨ ਵੇਖਣ ਦਾ ਦਾਅਵਾ ਕੀਤਾ ਸੀ।
ਤਿੱਬਤ ਦੇ ਖਾਮਜੰਗ ਮੱਠ ਵਿੱਚ ਇੱਕ ਪੁਰਾਣੀ ਖੋਪੜੀ ਪਈ ਹੈ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਯੇਤੀ ਦੀ ਹੈ। ਪਰ ਮੱਠ ਵਾਲੇ ਉਸ ਖੋਪੜੀ ਦਾ ਵਿਗਿਆਨਕ ਵਿਸ਼ਲੇਸ਼ਣ ਕਰਾਉਣ ਤੋਂ ਇਨਕਾਰ ਕਰਦੇ ਹਨ। ਇਸ ਤੋਂ ਇਲਾਵਾ ਹੁਣ ਤੱਕ ਅਨੇਕਾਂ ਲੋਕਾਂ ਨੇ ਯੇਤੀ ਦੀਆਂ ਖੋਪੜੀਆਂ, ਹੱਡੀਆਂ, ਵਾਲ, ਮਲ ਅਤੇ ਖੱਲ ਆਦਿ ਮਿਲਣ ਦਾ ਦਾਅਵਾ ਕੀਤਾ ਹੈ। ਪਰ ਵਿਗਿਆਨਕ ਪ੍ਰੀਖਣਾਂ ਵਿੱਚ ਇਹ ਯਾਕ, ਭਾਲੂ, ਗਾਵਾਂ ਅਤੇ ਬੱਕਰੀਆਂ-ਭੇਡਾਂ ਆਦਿ ਦੇ ਪਾਏ ਗਏ ਹਨ। ਅਸਲ ਵਿੱਚ ਯੇਤੀ ਦੀ ਕਹਾਣੀ ਇੱਕ ਲੋਕ ਕਥਾ ਹੀ ਹੈ ਜਿਸ ਨੂੰ ਬਹੁਤ ਹੀ ਵਧਾ ਚੜ੍ਹਾ ਕੇ ਦਰਸਾਇਆ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਦਾ ਨਿਵਾਸ ਸਥਾਨ ਹਿਮਾਲੀਆ ਹੋਣਾ ਹੈ। ਹਿਮਾਲੀਆ ਪਰਬਤ ਹਜ਼ਾਰਾਂ ਕਿ.ਮੀ. ਲੰਬਾ ਚੌੜਾ ਹੈ। ਇਸ ਲਈ ਇਹ ਵਿਸ਼ਵਾਸ ਕਰਨਾ ਸੌਖਾ ਹੋ ਜਾਂਦਾ ਹੈ ਕਿ ਯੇਤੀ ਇਸ ਦੀਆਂ ਵਿਸ਼ਾਲ ਵਾਦੀਆਂ ਅਤੇ ਗੁਫਾਵਾਂ ਵਿੱਚ ਕਿਤੇ ਵੀ ਛਿਪ ਸਕਦਾ ਹੈ। ਸੰਸਾਰ ਵਿੱਚ ਇਕੱਲਾ ਯੇਤੀ ਹੀ ਰਹੱਸਮਈ ਜੀਵ ਨਹੀਂ ਹੈ। ਅਨੇਕਾਂ ਦੇਸ਼ਾਂ ਵਿੱਚ ਅਜਿਹੇ ਜੀਵਾਂ ਬਾਰੇ ਕਹਾਣੀਆਂ ਪ੍ਰਚੱਲਿਤ ਹਨ ਜੋ ਕਦੇ ਵੀ ਵੇਖੇ ਨਹੀਂ ਗਏ। ਅਮਰੀਕਾ ਦਾ 9 ਫੁੱਟ ਉੱਚਾ ਗੁਰੀਲੇ ਵਰਗਾ ਜੀਵ ਬਿੱਗਫੁੱਟ, ਮੈਕਸੀਕੋ ਦਾ ਭੇਡਾਂ ਦਾ ਖੂਨ ਪੀਣ ਵਾਲਾ ਚੁਪਾਕਾਬਰਾ ਅਤੇ ਸਕਾਟਲੈਂਡ ਦਾ ਸਮੁੰਦਰੀ ਦਾਨਵ ਆਦਿ। ਇਹ ਠੀਕ ਹੈ ਧਰਤੀ ਅਤੇ ਸਮੁੰਦਰ ਦੇ ਅਨੇਕ ਜੀਵ ਅਜੇ ਲੱਭੇ ਜਾਣੇ ਬਾਕੀ ਹਨ, ਪਰ ਇਹ ਵੀ ਸੰਭਵ ਨਹੀਂ ਕਿ ਹਜ਼ਾਰਾਂ ਸਾਲ ਪੁਰਾਣਾ ਜੀਵ ਯੇਤੀ ਨਾ ਲੱਭੇ। ਇਸ ਲਈ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਅਜਿਹੇ ਗੈਰ ਵਿਗਿਆਨਕ, ਕਾਲਪਨਿਕ ਅਤੇ ਥੋਥੇ ਦਾਅਵੇ ਬਿਨਾਂ ਕਿਸੇ ਠੋਸ ਸਬੂਤ ਦੇ ਨਹੀਂ ਕਰਨੇ ਚਾਹੀਦੇ।
ਬਲਰਾਜ ਸਿੰਘ ਸਿੱਧੂ
-ਮੋਬਾ:9501100062

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ