ਅੱਜ ਤੋਂ 39 ਵਰ੍ਹੇ ਪਹਿਲਾਂ ਵਰਤਾਏ ਗਏ ਵੱਡੇ ਦੁਖਾਂਤ ਸਾਕਾ ਨੀਲਾ ਤਾਰਾ ਦੀ ਹਰ ਸਾਲ ਜਦੋਂ ਵੀ ਬਰਸੀ ਆਉਂਦੀ ਹੈ ਤਾਂ ਸਿੱਖ ਕੌਮ ਦੇ ਹਿਰਦੇ ’ਚ ਚੀਸਾਂ ਉੱਠ ਖੜ੍ਹਦੀਆਂ ਹਨ। ਸਰਕਾਰ ਦਾ ਓਪਰੇਸ਼ਨ ਬਲੂ ਸਟਾਰ, ਪਰ ਸਿੱਖ ਕੌਮ ਲਈ ਤੀਜਾ ਘੱਲੂਘਾਰਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਅਤੇ ਇਤਿਹਾਸਕ ਗਲਤੀ ਸਾਬਤ ਹੋਈ । ਜਿਸ ਕਾਰਨ ਉਹ ਸਿੱਖਾਂ ’ਚ ਹੀ ਨਹੀਂ ਸਗੋਂ ਰੱਬ ਨੂੰ ਮੰਨਣ ਵਾਲੇ ਤਮਾਮ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘਿਰਣਾ ਦਾ ਪਾਤਰ ਬਣ ਗਈ ਸੀ, ਉਹ ਭਾਵੇਂ ਕਿਸੇ ਸਮੇਂ ਉਸ ਨੂੰ ਚਾਹੁਣ ਵਾਲਾ ਕੋਈ ਸੀ। ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਕਿ ਇੱਕ ਅਜਿਹੇ ਦੇਸ਼ ਵਿੱਚ ਇੱਕ ਮਹੱਤਵ ਪੂਰਨ ਧਾਰਮਿਕ ਅਸਥਾਨ ਇੱਕ ਫ਼ੌਜੀ ਕਾਰਵਾਈ ਦਾ ਕੇਂਦਰ ਬਣਿਆ, ਜਿੱਥੇ ਕਦੇ ਵੀ ਕਿਸੇ ਨਾਗਰਿਕ ਟੀਚੇ ਦੇ ਵਿਰੁੱਧ ਫ਼ੌਜੀ ਕਾਰਵਾਈ ਵਿੱਚ ਟੈਂਕਾਂ ਅਤੇ ਤੋਪਖਾਨੇ ਦੀ ਵਰਤੋਂ ਨਹੀਂ ਕੀਤੀ ਗਈ ਸੀ।