Friday, March 29, 2024  

ਲੇਖ

ਗੱਡੀ ਐ ਸ਼ੌਕੀਨ ਜੱਟ ਦੀ!

June 01, 2023

ਅਸੀਂ ਸਫ਼ਰ ਕਰਦੇ ਸਮੇਂ ਸੜਕਾਂ ’ਤੇ ਚੱਲਣ ਵਾਲੇ ਬੱਸਾਂ, ਟਰੱਕਾਂ, ਟੈਂਪੂਆਂ ਅਤੇ ਟਰੈਕਟਰ-ਟਰਾਲੀਆਂ ਆਦਿ ਪਿੱਛੇ ਲਿਖੀ ਸ਼ਾਇਰੀ ਅਕਸਰ ਦੇਖਦੇ ਹਾਂ। ਇਹ ਸ਼ਾਇਰੀ ਸਾਨੂੰ ਬਹੁਤ ਕੁੱਝ ਸਿਖਾਉਂਦੀ ਹੈ, ਪ੍ਰੇਰਿਤ ਕਰਦੀ ਹੈ ਅਤੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਦੀ ਹੈ। ਟਰੱਕ ਡਰਾਈਵਰਾਂ ਨੂੰ ਜਿੱਥੇ ਆਪਣੀ ਗੱਡੀ ਸਜਾਉਣ ਦਾ ਚਾਅ ਹੁੰਦਾ ਹੈ, ਉੱਥੇ ਹੀ ਜ਼ਿਆਦਾਤਰ ਡਰਾਈਵਰ ਸ਼ਾਇਰੀ ਲਿਖਵਾਉਣ ਦੇ ਸ਼ੌਕੀਨ ਹੁੰਦੇ ਹਨ। ਫਿਰ ਭਾਵੇਂ ਇਸ ਸ਼ਾਇਰੀ ਦਾ ਰੂਪ ਕੋਈ ਵੀ ਹੋਵੇ। ਇਹ ਸ਼ਾਇਰੀ ਇਤਿਹਾਸ, ਸਿਆਸਤ, ਦਿਲੀ ਵਲਬਲਿਆਂ, ਗੀਤਾਂ, ਲੋਕ ਗੀਤਾਂ, ਯੋਧਿਆਂ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਵਿਚਾਰਾਂ ਨਾਲ ਉਤਪੋਤ ਹੁੰਦੀ ਹੈ।
ਅਜੇ ਕੁੱਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਰਸਤਿਆਂ ’ਚੋਂ ਗੁਜਰਨ ਦਾ ਸਬੱਬ ਬਣਿਆ। ਇੱਥੇ ਉੱਚੇ-ਨੀਵੇਂ ਪਹਾੜਾਂ ਉੱਪਰ ਉੱਚਾਈ-ਚੜ੍ਹਾਈ ਅਤੇ ਵਿੰਗ-ਵਲੇਵੇ ਖਾਂਦੀਆਂ ਤੰਗ ਸੜਕਾਂ ਚੰਗੇ-ਚੰਗਿਆਂ ਦਾ ਦਿਲ ਦਹਿਲਾਉਣ ਲਈ ਕਾਫ਼ੀ ਹਨ। ਪਰ ਅਜਿਹੇ ’ਚ ਦਿਲਾਸਾ ਦੇਣ ਲਈ ਇੱਕ ਡਰਾਈਵਰ ਨੇ ਗੱਡੀ ਦੇ ਪਿੱਛੇ ਲਿਖਵਾਇਆ ਹੋਇਆ ਸੀ,‘ਮੰਜ਼ਿਲ ਮੌਤ ਹੈ ਸਫ਼ਰ ਕਾ ਮਜ਼ਾ ਲੀਜੀਏ’।
ਇਸੇ ਤਰ੍ਹਾਂ ਸਾਡੇ ਪੰਜਾਬੀ ਡਰਾਈਵਰ ਵੀ ਬਾਹਲਾ ਕੱਬਾ ਸੁਭਾਅ ਚੱਕੀ ਫ਼ਿਰਦੇ ਹਨ। ਘਰੇਲੂ ਰਿਸ਼ਤਿਆਂ ਤੋਂ ਅੱਕੇ ਇੱਕ ਡਰਾਈਵਰ ਨੇ ਆਪਣੇ ਟਰੱਕ ਦੇ ਪਿੱਛੇ ਲਿਖਿਆ ਹੋਇਆ ਸੀ,‘ਮੱਛਰ ਤੇ ਜਨਾਨੀ ਜੰਮੇ ਹੀ ਲੜਣ ਵਾਸਤੇ ਨੇ’। ਡਰਾਈਵਰਾਂ ਵੱਲੋਂ ਆਪਣੀਆਂ ਗੱਡੀਆਂ ਉੱਪਰ ਲਗਾਏ ਗਏ ਤਰ੍ਹਾਂ-ਤਰ੍ਹਾਂ ਦੇ ਸਟਿੱਕਰ, ਲੋਕ ਨਾਇਕਾਂ ਦੀਆਂ ਤਸਵੀਰਾਂ ਅਤੇ ਸ਼ਾਨਦਾਰ ਪੈਟਿੰਗਜ਼ ਲੋਕ ਖਿੱਚ ਦਾ ਕਾਰਨ ਬਣਦੇ ਹਨ। ਡਰਾਈਵਰ ਆਪਣੀ ਗੱਡੀ ਨੂੰ ਰੀਝਾਂ ਲਾ-ਲਾ ਸ਼ਿੰਗਾਰਦੇ ਹਨ। ਇਸੇ ਕਰਕੇ ਕਈ ਡਰਾਈਵਰ ਲਿਖਵਾਉਂਦੇ ਹਨ, ‘ਜੁੱਤੀ ਝਾੜ ਕੇ ਚੜੀਂ ਮੁਟਿਆਰੇ, ਗੱਡੀ ਐ ਸ਼ੌਕੀਨ ਜੱਟ ਦੀ’।
ਸਰਕਾਰੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ’ਚ ਇਨ੍ਹਾਂ ਟਰੱਕ ਡਰਾਈਵਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਟਰੱਕਾਂ ਪਿੱਛੇ ਲਿਖਿਆ ਅਕਸਰ ਦਿੱਸਣ ਵਾਲਾ ਵਾਕ ‘ਬੱਚੇ ਦੋ ਹੀ ਕਾਫ਼ੀ, ਹੋਰ ਤੋਂ ਮਾਫ਼ੀ’ ਛੋਟੇ ਅਤੇ ਸੁਖੀ ਪਰਿਵਾਰ ਦੀ ਹਾਮੀ ਭਰਦਾ ਹੈ। ਇਸੇ ਤਰ੍ਹਾਂ ਇੱਕ ਨੇ ਲਿਖਵਾਇਆ ਸੀ,‘ਧੀਆਂ ਦਾ ਸਤਿਕਾਰ ਕਰੋ, ਪੁੱਤਾਂ ਵਾਂਗੂੰ ਪਿਆਰ ਕਰੋ’। ਕਰੋਨਾ ਕਾਲ ’ਚ ਜਾਗਰੂਕਤਾ ਫ਼ੈਲਾਉਣ ਦੇ ਮਾਮਲੇ ’ਚ ਵੀ ਡਰਾਈਵਰ ਵੀਰਾਂ ਦਾ ਯੋਗਦਾਨ ਹੱਲਾਸ਼ੇਰੀ ਦੇਣ ਵਾਲਾ ਸੀ। ਇੱਕ ਡਰਾਈਵਰ ਨੇ ਆਪਣੇ ਟਰੱਕ ਪਿੱਛੇ ਲਿਖਿਆ ਸੀ,‘ਛੱਡੋ ਅਫ਼ਵਾਹਾਂ, ਲਗਵਾਓ ਵੈਕਸੀਨ। ਭੱਜੇਗਾ ਕਰੋਨਾ, ਜ਼ਿੰਦਗੀ ਹੋਵੇਗੀ ਹਸੀਨ’।
ਡਰਾਈਵਰ ਭਾਈਚਾਰੇ ਨੂੰ ਅਕਸਰ ਫ਼ਿਲਮਾਂ ’ਚ ਸ਼ਰਾਬੀ-ਕਬਾਬੀ ਦਿਖਾਇਆ ਜਾਂਦਾ ਹੈ ਪਰ ਇਹੋ ਸੱਚ ਨਹੀਂ ਕਿਉਂਕਿ ਬਹੁ-ਗਿਣਤੀ ਟਰੱਕ ਵੀਰ ਅਜਿਹੇ ਵੀ ਹਨ ਜਿਹੜੇ ਨਸ਼ੇ ਤੋਂ ਕੋਹਾਂ ਦੂਰ ਹਨ ਅਤੇ ਦੂਜਿਆਂ ਨੂੰ ਸੇਧ ਦਿੰਦੇ ਹੋਏ ਆਪਣੀ ਗੱਡੀ ’ਤੇ ਕੁੱਝ ਇੰਝ ਲਿਖਵਾਉਂਦੇ ਹਨ,‘ਮੈਂ ਬਹੁਤ ਖ਼ੂਬਸੂਰਤ ਹਾਂ ਮੈਨੂੰ ਨਜ਼ਰ ਨਾ ਲਗਾਉਣਾ, ਜ਼ਿੰਦਗੀ ਭਰ ਸਾਥ ਦਿਆਂਗੀ ਕਦੇ ਪੀ ਕੇ ਨਾ ਚਲਾਉਣਾ’। ਕਈ ਲਿਖਦੇ ਹਨ,‘ਸਾਵਧਾਨੀ ਹਟੀ, ਦੁਰਘਟਨਾ ਘਟੀ’। ਰਾਤ-ਦਿਨ ਇੱਕ ਕਰਕੇ ਲੱਕ-ਤੋੜ੍ਹਵੀਆਂ ਕਮਾਈਆਂ ਕਰਦੇ ਹੋਏ ਕੁੱਝ ਟਰੱਕ ਡਰਾਈਵਰ ਆਪਣੇ ਅਤੇ ਲੋਕਾਂ ਦੇ ਮਨ ਨੂੰ ਧਰਵਾਸ ਦਿੰਦੇ ਹੋਏ ਲਿਖਵਾਉਂਦੇ ਹਨ,‘ਵਕਤ ਤੋਂ ਪਹਿਲਾਂ ਅਤੇ ਨਸੀਬ ਤੋਂ ਜ਼ਿਆਦਾ ਕੁੱਝ ਨਹੀਂ ਮਿਲਦਾ’।
ਆਪਣੇ ਦਿਲ ਅਤੇ ਹਾਲਾਤ ਹੱਥੋਂ ਮਜ਼ਬੂਰ ਹਰ ਸਮੇਂ ਡਰਾਈਵਰੀ ਦੇ ਕੰਮ ’ਚ ਰੁੱਝੇ ਰਹਿਣ ਵਾਲੇ ਇੱਕ ਟਰੱਕ ਡਰਾਈਵਰ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਟਰੱਕ ਦੇ ਪਿੱਛੇ ਕੁੱਝ ਇੰਝ ਉਕੇਰਿਆ,‘ਨਾ ਕਰ ਮੁਹੱਬਤ ਡਰਾਈਵਰ ਨਾਲ, ਉਸਦਾ ਟਿਕਾਣਾ ਦੂਰ ਹੁੰਦਾ ਹੈ। ਉਹ ਬੇਵਫ਼ਾ ਨਹੀਂ ਹੁੰਦਾ, ਉਸਨੇ ਜਾਣਾ ਜ਼ਰੂਰ ਹੁੰਦਾ ਹੈ’। ਇੱਕ ਹੋਰ ਨੇ ਲਿਖਿਆ ਸੀ,‘ਚਿੱਕੜ ’ਚ ਪੈਰ ਰੱਖੇਂਗੀ ਤਾਂ ਧੋਣਾ ਪਵੇਗਾ, ਡਰਾਈਵਰ ਨਾਲ ਵਿਆਹ ਕਰੇਂਗੀ ਤਾਂ ਰੋਣਾ ਪਵੇਗਾ’।
ਨਵੀਂ ਲਈ ਗਈ ਗੱਡੀ ’ਤੇ ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਲਿਖਵਾਉਣ ਦਾ ਵੀ ਕਾਫ਼ੀ ਰੁਝਾਨ ਰਿਹਾ ਹੈ। ਕਈ ਇਹ ਵੀ ਲਿਖਵਾਉਂਦੇ ਹਨ,‘ਜਲ ਨਾ ਰੀਸ ਕਰ’। ਕਈ ਇਸ ਤੋਂ ਵੀ ਦੋ ਕਦਮ ਅੱਗੇ ਚਲਦੇ ਹਨ ਅਤੇ ਲਿਖਵਾਉਂਦੇ ਹਨ,‘ਬੁਰੀ ਨਜ਼ਰ ਵਾਲੇ ਤੇਰੇ ਬੱਚੇ ਜੀਣ, ਬੜੇ ਹੋ ਕੇ ਤੇਰਾ ਖ਼ੂਨ ਪੀਣ’।
ਬੱਸਾਂ ਅਤੇ ਆਟੋਆਂ ਪਿੱਛੇ ਅਕਸਰ ਹੀ ਲਿਖਿਆ ਦੇਖਣ ਨੂੰ ਮਿਲਦਾ ਹੈ,‘ਸਾਡੀ ਸਵਾਰੀ, ਜਾਨ ਤੋਂ ਪਿਆਰੀ’। ਇਸੇ ਤਰ੍ਹਾਂ ਸਕੂਲੀ ਬੱਸਾਂ-ਵੈਨਾਂ ਵਾਲੇ ਵੀਰ ਵੀ ਕਿਸੇ ਤੋਂ ਘੱਟ ਨੀ। ਟ੍ਰੈਫ਼ਿਕ ਅਤੇ ਦੂਜੇ ਵਾਹਨਾਂ ਦੇ ਹਾਰਨਾਂ ਵਾਲੇ ਝੰਜਟਾਂ ਤੋਂ ਤੰਗ ਆ ਕੇ ਕਿਸੇ ਵੀਰ ਨੇ,‘ਮੈਨੂੰ ਨਾ ਛੇੜ ਮੈਂ ਤਾਂ ਬੱਚਿਆਂ ਵਾਲੀ ਹਾਂ’ ਕੀ ਲਿਖਵਾਇਆ, ਤਾਂ ਇਹ ਵੀ ਲੋਕ ਮਨਾਂ ਅੰਦਰ ਘਰ ਕਰ ਗਿਆ। ਇਸੇ ਤਰ੍ਹਾਂ ਅਕਸਰ ਹੀ ਸਮਾਨ ਢੋਣ ਵਾਲੇ ਛੋਟੇ ਟੈਂਪੂਆਂ ਦੇ ਪਿੱਛੇ ਲਿਖਿਆ ਹੁੰਦਾ ਹੈ, ‘ਵੱਡਾ ਹੋ ਕੇ ਟਰੱਕ ਬਣਾਂਗਾ’। ਕਈ ਤਾਂ ਹੱਦ ਕਰਦੇ ਹੋਏ ਤੇਲ ਵਾਲੀ ਟੈਂਕੀ ’ਤੇ ਲਿਖਵਾਉਂਦੇ ਹਨ,‘ਖਾਂਦੀ ਪੀਂਦੀ ਸੰਗ ਨਾ ਕਰੀਂ, ਤੁਰੀ ਜਾਂਦੀ ਤੰਗ ਨਾ ਕਰੀਂ’।
ਕਈ ਵਾਰ ਘਰੇਲੂ ਸੰਬੰਧਾਂ ’ਤੇ ਨਿਹੌਰੇ ਮਾਰਦਾ,‘ਦੁੱਧਾਂ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ’ ਵਾਕ ਵੀ ਲੋਕਾਂ ਨੂੰ ਝੰਜੋੜਦਾ ਹੋਇਆ ਆਪਣੇ ਮਾਪਿਆਂ ਦੀ ਸਾਂਭ-ਸੰਭਾਲ ਰੱਖਣ ਅਤੇ ਉਨ੍ਹਾਂ ਦਾ ਮਾਨ-ਸਤਿਕਾਰ ਕਰਨ ਲਈ ਪ੍ਰੇਰਿਤ ਕਰ ਜਾਂਦਾ ਹੈ। ਇਸੇ ਤਰ੍ਹਾਂ ਇੱਕ ਹੋਰ ਗੀਤ ਦੀਆਂ ਤੁੱਕਾ ‘ਕਿਤੇ ਕੱਲੀ ਬਹਿ ਕੇ ਸੋਚੀਂ ਅਸੀਂ ਕੀ ਨੀ ਕੀਤਾ ਤੇਰੇ ਲਈ’ ਅਤੇ ਇਸ ਨਾਲ ਲੱਗੀ ਲੜਕੀ ਦੀ ਪੇਂਟਿੰਗ ਵਾਲੀ ਤਸਵੀਰ ਨੇ ਬਹੁਤਿਆਂ ਦਾ ਮਨ ਟੁੰਬਿਆ ਹੋਵੇਗਾ। ਕਈਆਂ ਨੂੰ ਇਹ ਦੇਖ ਕੇ ਇੰਝ ਵੀ ਮਹਿਸੂਸ ਹੋਇਆ ਕਿ ਜੇਕਰ ਮਰਦ ਪਰਿਵਾਰਕ ਰਿਸ਼ਤਿਆਂ ਲਈ ਕੁਰਬਾਨੀ ਦਿੰਦਾ ਹੈ ਤਾਂ ਔਰਤ ਵੀ ਉਸ ਤੋਂ ਕਿਸੇ ਪੱਖੋਂ ਘੱਟ ਨਹੀਂ। ਸੋ, ਉਨ੍ਹਾਂ ਨੇ ਲਿਖਵਾਇਆ ਸੀ,‘ਵੇ ਮੈਂ ਕੱਲੀ ਬਹਿ ਕੇ ਤਾਂ ਸੋਚਾਂ ਜੇ ਮੈਂ ਨਾ ਮਰਦੀ ਤੇਰੇ ਲਈ’।
ਇਸੇ ਤਰ੍ਹਾਂ, ‘ਰੱਬ ਨਾ ਕਿਸੇ ਨਾ ਵੈਰੀ, ਵੈਰੀ ਤੇਰੇ ਐਬ ਬੰਦਿਆਂ’, ‘ਹਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ’, ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ‘ਚੱਲ ਬਿੱਲੋ ਤੇਰਾ ਰੱਬ ਰਾਖਾ’, ‘ਜੱਗ ਜਿਉਂਦਿਆਂ ਦੇ ਮੇਲੇ’, ‘ਜੀ.ਟੀ. ਰੋਡ ’ਤੇ ਦੁਹਾਈਆਂ ਪਾਵੇ, ਨੀ ਯਾਰਾਂ ਦਾ ਟਰੱਕ ਬੱਲੀਏ’, ‘ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ’, ‘ਸੌਖੀ ਨੀ ਡਰਾਈਵਰੀ ਬਿੱਲੋ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ’, ‘ਦਿੰਦਾ ਹੈ ਰੱਬ ਸੜਦੇ ਨੇ ਸਭ ਪਤਾ ਨਹੀਂ ਕਿਉਂ’, ‘ਜਿਨ੍ਹਾਂ ਕਰਕੇ ਦੁਨੀਆ ਦੇਖੀ, ਉਹ ਰਹਿਣ ਸਲਾਮਤ ਮਾਵਾਂ’, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਤੇ ‘ਭਰ ਕੇ ਚੱਲੀ, ਅਨਾਰ ਕਲੀ’ ਆਦਿ ਸ਼ਾਇਰਾਨਾ ਘਾੜਤਾਂ ਜਿੱਥੇ ਪੜ੍ਹਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ, ਉੱਥੇ ਹੀ ਉਨ੍ਹਾਂ ਦਾ ਮਨੋਰੰਜਨ ਵੀ ਕਰਦੀਆਂ ਹਨ ਅਤੇ ਕੲਪੀ ਵਾਰ ਪ੍ਰੇਰਣਦਾਇਕ ਵੀ ਬਣੀਆਂ ਹਨ।
ਅਬਦੁਲ ਗੱਫ਼ਾਰ
-ਮੋਬਾ: 94176-36176

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ