Friday, June 21, 2024  

ਲੇਖ

ਪ੍ਰਿੰਸੀਪਲ ਤੇਜਾ ਸਿੰਘ ਨੂੰ ਯਾਦ ਕਰਦਿਆਂ...

June 01, 2023

ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਅਡਿਆਲਾ ਪਿੰਡ ਵਿੱਚ 2 ਜੂਨ 1894 ਨੂੰ ਮਾਤਾ ਸੁਰੱਸਤੀ ਦੀ ਕੁੱਖੋਂ ਭਾਈ ਭਲਾਕਰ ਸਿੰਘ ਦੇ ਘਰ ਹੋਇਆ। ਪਿ੍ਰੰਸੀਪਲ ਤੇਜਾ ਸਿੰਘ ਦਾ ਮੁਢਲਾ ਨਾਮ ਤੇਜ ਰਾਮ ਸੀ। 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਧੰਨ ਕੌਰ ਨਾਲ ਹੋਇਆ।
ਤੇਜ ਰਾਮ ਦੀ ਮੁੱਢਲੀ ਵਿੱਦਿਆ ਗੁਰਦੁਆਰੇ ਤੇ ਮਸੀਤ ਵਿੱਚੋਂ ਅਰੰਭ ਹੁੰਦੀ ਹੈ। ਆਪ ਨੇ ਮੌਲਵੀ ਕਲੀ ਮੁੱਲਾਂ ਤੋਂ ਉਰਦੂ ਤੇ ਫ਼ਾਰਸੀ ਸਿੱਖੀ। ਬਾਬਾ ਖੇਮ ਸਿੰਘ ਬੇਦੀ ਦੀ ਪ੍ਰੇਰਨਾ ਸਦਕਾ ਆਪ ਤੇਜ ਰਾਮ ਤੋਂ ਤੇਜਾ ਸਿੰਘ ਬਣੇ। ਭਾਈ ਨਿਹਾਲ ਸਿੰਘ ਅਤੇ ਭਾਈ ਰਾਮ ਚੰਦ ਤੋਂ ਗੁਰਮੁਖੀ ਸਿੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਆਪ ਗੁਰਬਾਣੀ ਨਾਲ਼ ਐਸੇ ਜੁੜੇ ਕਿ ਆਖਰੀ ਸਾਹ ਤੱਕ ਗੁਰਬਾਣੀ ਅਧਿਐਨ ਕਾਰਜਾਂ ਵਿੱਚ ਡਟੇ ਰਹੇ।
ਆਪ ਨੇ ਸੰਨ 1899 ਵਿੱਚ ਪ੍ਰਾਇਮਰੀ ਸਕੂਲ, ਢੱਲਾ ਵਿਚ ਦਾਖ਼ਲਾ ਲਿਆ ਤੇ 1902 ਵਿੱਚ ਪੰਜਵੀਂ ਪਾਸ ਕੀਤੀ। 1908 ਵਿੱਚ ਡਿਸਟਿ੍ਰਕਟ ਬੋਰਡ ਦੇ ਮਿਡਲ ਸਕੂਲ ਵਿੱਚੋਂ ਮਿਡਲ ਪਾਸ ਕੀਤੀ। 1910 ਵਿੱਚ ਖ਼ਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਮੈਟਿ੍ਰਕ ਪਾਸ ਕੀਤੀ। 1914 ਵਿੱਚ ਗਾਰਡਨ ਕਾਲਜ ਰਾਵਲ ਪਿੰਡੀ ਤੋਂ ਬੀ.ਏ. ਪਾਸ ਕੀਤੀ। 1917 ਵਿੱਚ ਆਪ ਨੇ ਅੰਗਰੇਜ਼ੀ ਦੀ ਐੱਮ.ਏ. ਪਾਸ ਕੀਤੀ। ਆਪ ਨੇ ਵੀਹ ਸਾਲ ਦੀ ਉਮਰੇ 1914 ਵਿੱਚ ਪ੍ਰੋਫੈਸਰੀ ਅਰੰਭ ਕੀਤੀ। ਆਪ 3 ਮਾਰਚ, 1919 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ, ਇਤਿਹਾਸ ਅਤੇ ਧਰਮ-ਵਿੱਦਿਆ ਦੇ ਪ੍ਰੋਫੈਸਰ ਬਣ ਗਏ।
1923-24 ਦੌਰਾਨ ਜੇਲ ਯਾਤਰਾ ਸਮੇਂ ਮਾੜੇ ਖਾਣ-ਪੀਣ ਕਾਰਨ ਆਪ ਜੀ ਦੀ ਸਿਹਤ ਵਿੱਚ ਵਿਗਾੜ ਆਇਆ।
ਕਾਫੀ ਸਮੇਂ ਬਾਅਦ ਜਦ ਹੌਲ਼ੀ-ਹੌਲ਼ੀ ਸਿਹਤ ਠੀਕ ਹੋਣ ਲੱਗੀ ਤਾਂ ਆਪ ਨੇ ਮੁੜ 1925 ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪ੍ਰੋਫ਼ੈਸਰੀ ਸ਼ੁਰੂ ਕਰ ਦਿੱਤੀ। 1926 ਵਿਚ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ। 1945 ਈ. ਵਿੱਚ ਆਪ ਨੇ ਕਿਸੇ ਘਟਨਾ ਦੇ ਵਾਪਰ ਕਾਰਨ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੌਕਰੀ ਛੱਡ ਦਿੱਤੀ। 13 ਦਸੰਬਰ 1945 ਨੂੰ ਸ਼੍ਰੋਮਣੀ ਕਮੇਟੀ ਦੀ ਪੇਸ਼ਗੀ ’ਤੇ ਖ਼ਾਲਸਾ ਕਾਲਜ ਬੰਬਈ ਵਿਖੇ ਪਿ੍ਰੰਸੀਪਲ ਦੀ ਪਦਵੀ ਦਾ ਕਾਰਜ ਸੰਭਾਲਿਆ ਅਤੇ 13 ਅਗਸਤ 1948 ਤੱਕ ਇਸ ਪਦਵੀ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। 2 ਜਨਵਰੀ 1949 ਨੂੰ ਆਪ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਵਜੋਂ ਅਹੁਦਾ ਸੰਭਾਲਿਆ। 27 ਜੁਲਾਈ 1949 ਨੂੰ ਆਪ ਨੇ ਕਾਲਜ ਦੀ ਪਿ੍ਰੰਸੀਪਲ ਦੇ ਅਹੁਦੇ ਦੇ ਨਾਲ਼-ਨਾਲ਼ ‘ਮਹਿਕਮਾ ਪੰਜਾਬੀ’ ਦੇ ਸਕੱਤਰ ਤੇ ਡਾਇਰੈਕਟਰ ਬਣੇ ਅਤੇ ਦਸੰਬਰ 1951 ਵਿੱਚ ਪੈਪਸੂ ਦੀ ਨੌਕਰੀ ਤੋਂ ਰੀਟਾਇਰ ਹੋ ਗਏ। ਪ੍ਰੋਫ਼ੈਸਰੀ ਕਿੱਤਾ ਆਪ ਦਾ ਸ਼ੌਂਕ ਵਾਲਾ ਕਿੱਤਾ ਸੀ, ਜਿਸ ਕਰ ਕੇ ਆਪ ਨੇ ਇਸ ਕਿੱਤੇ ਨੂੰ ਬੜ੍ਹੀ ਲਗਨ ਅਤੇ ਤਨ ਦੇਹੀ ਨਾਲ ਨਿਭਾਇਆ।
ਆਪ ਨੇ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਹੀ ਲਿਖਾਰੀ ਜੀਵਨ ਦੀ ਸ਼ੁਰੂਆਤ ਕਰ ਲਈ ਸੀ, ਉਸ ਸਮੇਂ ਆਪ ਨੇ ਚਿੱਤਰਕਾਰੀ ਉੱਤੇ ਇਕ ਕਿਤਾਬ ਲਿਖੀ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਮੇਸ਼ ਜੀ ਦੀ ਅਦੁੱਤੀ ਸ਼ਖ਼ਸੀਅਤ ਉੱਤੇ ਇਕ ਅੰਗਰੇਜ਼ੀ ਨਾਟਕ ਲਿਖਿਆ, ਜੋ ਉਸ ਸਮੇਂ ਤਾਂ ਕਿਸੇ ਰਸਾਲੇ ਵਿੱਚ ਨਾ ਛਾਪਿਆ ਪਰ ਕੁਝ ਸਾਲਾਂ ਬਾਅਦ ਬਹੁਤ ਮਾਣ ਨਾਲ ‘ਸਿੱਖ ਰੀਵੀਊ’ ਦੇ ਵਿੱਚ ਛਪਿਆ। ਪਿ੍ਰੰਸੀਪਲ ਤੇਜਾ ਸਿੰਘ ਨੇ ਪੰਜਾਬੀ ਸਾਹਿਤ ਦੀ ਝੋਲੀ ਆਪਣੀਆਂ ਜੋ ਮਹਾਨ ਕਿਰਤਾਂ ਪਾਈਆਂ:- ਗੁਰੂ ਨਾਨਕ ਸਾਹਿਬ ਦਾ ਮਿਸ਼ਨ (1914), ਸ੍ਰੀ ਗੁਰੂ ਗ੍ਰੰਥ ਵਿਚ ਸਬਦਾਂਤਕ ਲਗਾਂ ਮਾਤਰਾ ਦੇ ਗੁਝੇ ਭੇਦ (1925), ਜਪੁ ਜੀ ਸਟੀਕ (1925), ਪੰਜਾਬੀ ਸ਼ਬਦ ਜੋੜ (1929), ਪੰਜਾਬੀ ਭੌਰੇ (ਸ.ਸ. ਅਮੋਲ ਜੀ ਨਾਲ ਰਲ ਕੇ, 1932), ਚੋਣਵੀਂ ਪੰਜਾਬੀ ਕਵਿਤਾ (1933), ਨਵੀਨ ਪੰਜਾਬੀ ਪਿੰਗਲ (ਕਰਮ ਸਿੰਘ ਗੰਗਾ ਵਾਲੇ ਨਾਲ ਮਿਲ ਕੇ, 1935), ਸਿਲਵਰ ਜੁਬਲੀ ਬੁਕ (ਭਾਈ ਨਾਨਕ ਸਿੰਘ ਜੀ ਨਾਲ ਰਲ ਕੇ, 1935), ਆਸਾ ਦੀ ਵਾਰ ਸਟੀਕ (1938), ਸ਼ਬਦਾਰਥ ਸ੍ਰੀ ਗੁਰੂ ਗ੍ਰੰਥ (1941 ਚਾਰ ਜਿਲਦਾਂ; ਨਰਾਇਣ ਸਿੰਘ ਨਾਲ ਮਿਲ ਕੇ), ਨਵੀਆਂ ਸੋਚਾਂ (1941), ਸਹਿਜ ਸੁਭਾ (1942), ਸੰਸਾਰ ਦੇ ਆਗੂ (1942), ਸਾਹਿਤ ਦਰਸ਼ਨ (1942), ਸਭਿਆਚਾਰ (1946), ਸਿੱਖ ਧਰਮ (1952), ਆਰਸੀ (1952; ਸ੍ਵੈਜੀਵਨੀ), ਮਹਾਂ ਪੁਰਖ ਸੰਖੇਪ ਜੀਵਨੀਆਂ (1956), ਪੰਜਾਬੀ ਕਿਵੇਂ ਲਿਖੀਏ (1957), ਘਰ ਦਾ ਪਿਆਰ (1957), ਪਿ੍ਰੰ. ਤੇਜਾ ਸਿੰਘ ਦੇ ਚੋਣਵੇ ਲੇਖ (1957), ਸਿਮਰਤੀਆਂ (1958), ਗੁਸਲਖਾਨਾ ਤੇ ਹੋਰ ਲੇਖ (1961) ਆਪ ਜੀ ਦੀ ਇਹ ਸਾਹਿਤਕ ਕਿਰਤਾਂ ਪੰਜਾਬੀ ਮਾਂ-ਬੋਲੀ ਦੇ ਹਿੱਸੇ ਦਾ ਹਮੇਸ਼ਾਂ ਹੀ ਬਹੁਤ ਵੱਡਾ ਮਾਣ ਰਹਿਣਗੀਆਂ।
ਟਕਸਾਲੀ ਨਿਬੰਧ ਲਿਖਣ ਦੀ ਪਿਰਤ ਦੇ ਪਿਤਾਮਾ ਪਿ੍ਰੰਸੀਪਲ ਤੇਜਾ ਸਿੰਘ ਨੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਦੇਸਾਂ-ਵਿਦੇਸਾਂ ਵਿੱਚ ਪਹੁੰਚਾਉਣ ਖ਼ਾਤਰ ਅੰਗਰੇਜ਼ੀ ਵਿੱਚ ਵੀ ਸਿੱਖ ਧਰਮ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ। ਉਨ੍ਹਾਂ ਦੇ ਕੁਝ ਲੇਖ 1938 ਅਤੇ 1944 ਵਿੱਚ ਅੰਗਰੇਜ਼ੀ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤੇ ਗਏ। 1950 ਵਿਚ ਉਨ੍ਹਾਂ ਨੇ ਡਾ. ਗੰਡਾ ਸਿੰਘ ਦੇ ਸਹਿਯੋਗ ਨਾਲ ਸਿੱਖ ਧਰਮ ਦਾ ਸੰਖਿਪਤ ਇਤਿਹਾਸ ਲਿਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਬਾਣੀ ‘ਜਪੁ’, ‘ਆਸਾ ਕੀ ਵਾਰ’ ਅਤੇ ‘ਸੁਖਮਨੀ ਸਾਹਿਬ’ ਦਾ ਤਰਜਮਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦੇ ਪ੍ਰਕਾਸ਼ਨ ਵਜੋਂ ‘ਸ਼ਬਦਾਰਥ’ ਪਿ੍ਰੰਸੀਪਲ ਤੇਜਾ ਸਿੰਘ ਦੁਆਰਾ ਕੀਤਾ ਗਿਆ ਅਜਿਹਾ ਮੁੱਖ ਕਾਰਜ ਸੀ ਜਿਸ ਨੂੰ ਪੂਰਾ ਕਰਨ ਵਿਚ ਪੰਜ ਸਾਲ 1936 ਤੋਂ 1941 ਦਾ ਸਮਾਂ ਲੱਗਿਆ।
ਹੀਰਾ ਸਿੰਘ ‘ਦਰਦ’ ਗਿਆਨੀ ਆਪ ਬਾਬਤ ਲਿਖਦੇ ਹਨ, “ਤੇਜਾ ਸਿੰਘ ਪੰਜਾਬੀ ਸਾਹਿੱਤ-ਬਗੀਚੇ ਨੂੰ ਆਪਣੇ ਲਹੂ-ਮੁੜ੍ਹਕੇ ਨਾਲ ਸਿੰਜ ਕੇ ਪਰਫੁੱਲਤ ਕਰਨ ਵਾਲਾ ਇੱਕ ਮਾਲੀ ਵੀ ਹੈ, ਤੇ ਇਸ ਦੇ ਫੁਲਾਂ ਦੀ ਮਹਿਕ ਵਿੱਚ ਮਸਤ ਹੋ ਜਾਣ ਵਾਲਾ ਭੌਰਾ ਵੀ।
ਆਰਸੀ ”ਆਪ ਜੀ ਦੀ ਸਵੈ-ਜੀਵਨੀ ਹੈ, ਇਸ ਪੁਸਤਕ ਬਾਰੇ ਪ੍ਰੋ. ਮੋਹਨ ਸਿੰਘ ਨੇ ਕਿਹਾ ਸੀ” ਕਿ ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ “ ਸਵੈ –ਜੀਵਨੀ ਸਾਹਿਤ ਵਿੱਚ ਬਹੁਤ ਘੱਟ ਅਜਿਹੇ ਲੇਖਕ ਹਨ, ਜਿੰਨ੍ਹਾਂ ਨੇ ਸਹੀ ਗੱਲ ਕੀਤੀ ਹੋਵੇ।
ਪ੍ਰੋ. ਕਿਰਪਾਲ ਸਿੰਘ ਕਸੇਲ ਆਪਣੀ ਸਵੈ-ਜੀਵਨੀ ‘ਪੌਣੀ ਸਦੀ ਦਾ ਸਫਰ’ ’ਚ ਪਿ੍ਰੰਸੀਪਲ ਤੇਜਾ ਸਿੰਘ ਦੀਆਂ ਯਾਦਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ, “ਸਵਰਗਵਾਸੀ ਪਿ੍ਰੰਸੀਪਲ ਤੇਜਾ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਵਾਸਤਵਿਕ ਉਸਰੱਈਆਂ ਵਿਚੋਂ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਨਵੇਂ ਪੰਜਾਬੀ ਲੇਖਕਾਂ ਅਤੇ ਕਵੀਆਂ ਨੂੰ ਉਤਸ਼ਾਹ ਦਿੱਤਾ।
ਆਪ ਬਾਰੇ ਪੰਜਾਬੀ ਸਾਹਿਤਕਾਰ ਅਕਸਰ ਕਿਹਾ ਕਰਦੇ ਸਨ: ਪਗੜੀ ਬੰਨ੍ਹਦਾ ਚੁਣ-ਚੁਣ। ਗੱਲਾਂ ਕਰਦਾ ਪੁਣ-ਪੁਣ। ਪਿ੍ਰੰਸੀਪਲ ਤੇਜਾ ਸਿੰਘ ਨੇ ਤਿੰਨ ਦਹਾਕੇ ਪੰਜਾਬ ਦੀਆਂ ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਦੀ ਪ੍ਰਧਾਨਗੀ ਕੀਤੀ। ਸਿੱਖ ਇਤਿਹਾਸ ਤੇ ਦਰਸ਼ਨ ਉਨ੍ਹਾਂ ਦੇ ਅਧਿਐਨ ਦੇ ਖ਼ਾਸ ਖੇਤਰ ਸਨ।
ਬੇਸ਼ੱਕ ਪੰਜਾਬੀ ਨਿਬੰਧ ਦਾ ਜਨਮ ਤੇਜਾ ਸਿੰਘ ਤੋਂ ਲਗਭਗ ਇੱਕ ਚੌਥਾਈ ਸਦੀ ਪਹਿਲਾਂ ਹੋ ਚੁੱਕਿਆ ਸੀ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਹੀ ਆਧੁਨਿਕ ਨਿਬੰਧ ਦਾ ਜਨਮਦਾਤਾ ਮੰਨਿਆ ਗਿਆ ਹੈ। ਪਿ੍ਰੰਸੀਪਲ ਤੇਜਾ ਸਿੰਘ ਆਖਰੀ ਉਮਰ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਉਲਥਾ ਕਰ ਰਹੇ ਸਨ। ਅਨੁਵਾਦ ਦੇ ਇਸ ਕਾਰਜ ਵਿਚ ਹਜੇ ਉਹ ਮਾਝ ਰਾਗ ਤੱਕ ਹੀ ਪਹੁੰਚੇ ਸਨ ਕਿ ਪਰਮਾਤਮਾ ਵੱਲੋਂ ਆਪ ਦੇ ਸਾਹਾਂ ਦਾ ਹਿਸਾਬ ਪੂਰਾ ਹੋ ਗਿਆ। ਆਪ 10 ਜਨਵਰੀ 1958 ਨੂੰ ਇਸ ਦੁਨੀਆਂ ਤੋਂ ਹਮੇਸ਼ਾਂ ਲਈ ਆਪਣੇ ਹਿੱਸੇ ਦੀ ਜ਼ੁੰਮੇਵਾਰੀ ਪੂਰਦਿਆਂ ਚਲੇ ਗਏ। ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਵਿੱਚ ਆਪ ਜੀ ਦਾ ਨਾਂ ਹਮੇਸ਼ਾਂ ਸਤਿਕਾਰ ਵਜੋਂ ਜਾਣਿਆ ਜਾਵੇਗਾ। ਆਪ ਜੀ ਦੇ ਇਹ ਅਨੁਵਾਦ ਦੇ ਕਾਰਜ ਨੂੰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1985 ਵਿੱਚ ‘ਪਵਿੱਤਰ ਗ੍ਰੰਥ’ ਸਿਰਲੇਖ ਹੇਠ
ਪ੍ਰਕਾਸ਼ਿਤ ਕੀਤਾ ਗਿਆ।
ਸੁਖਚੈਨ ਸਿੰਘ ਕੁਰੜ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ