Friday, April 19, 2024  

ਲੇਖ

"ਭਾਰਤੀ ਲੋਕਤੰਤਰ 'ਚ ਵਿਰੋਧੀ ਧਿਰਾਂ ਦੀ ਖਾਮੋਸ਼ ਭੂਮਿਕਾ"

June 02, 2023
ਦੁਨੀਆਂ ਦਾ ਚਾਹੇ ਕੋਈ ਵੀ ਦੇਸ਼ ਹੋਵੇ ਉੱਥੋਂ ਦੀ ਹਕੂਮਤ ਦੀ ਵਿਰੋਧੀ ਧਿਰ ਦਾ ਵੀ ਇਕ ਬਹੁਤ ਅਹਿਮ ਰੋਲ ਹੁੰਦਾ ਹੈ। ਜੇਕਰ ਕਿਸੇ ਵੀ ਦੇਸ਼ ਜਾਂ ਸੂਬੇ ਦੀ ਵਿਰੋਧੀ ਧਿਰ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੀ ਤਾਂ ਸਰਕਾਰ ਦਾ ਵਿਕਾਸ ਦੇ ਕਾਰਜਾ ਅਤੇ ਚੋਣਾਂ ਵਿਚ ਕੀਤੇ ਵਾਅਦਿਆਂ ਨੂੰ ਨਿਭਾਉਣ ਵਿਚ ਸੁਸਤ ਹੋਣਾ ਸੁਭਾਵਿਕ ਹੀ ਹੈ। ਜੇਕਰ ਭਾਰਤ ਦੇਸ਼ ਅਤੇ ਪੰਜਾਬ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਵਿਰੋਧੀ ਧਿਰਾਂ ਇੱਕੋ ਪਾਰਟੀ ਨਾਲ ਸਬੰਧਤ ਹਨ ਅਤੇ ਜੇ ਅੱਜ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਵੇ ਥਾਵਾਂ 'ਤੇ ਵਿਰੋਧੀ ਧਿਰਾਂ ਆਪਣੀ ਭੂਮਿਕਾ ਨਿਭਾਉਣ ਵਿਚ ਸਫ਼ਲ ਨਹੀਂ ਹੋ ਪਾਈਆਂ ਜਿਸ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ 'ਚੋਂ ਸਰਕਾਰ ਦੀ ਲੋਕਾਂ ਵਿਚ ਚੰਗੀ ਇਮੇਜ ਬਨਣ ਦਾ ਡਰ ਜਾਂ ਫਿਰ ਆਪਣੀ ਸਰਕਾਰ ਵੇਲੇ ਹੋਏ ਚੰਗੇ ਮਾੜੇ ਕੰਮਾ ਦਾ ਡਰ। ਕਮੀਆਂ ਦੇ ਨਾਲ-ਨਾਲ ਭਾਰਤੀ ਲੋਕਤੰਤਰ ਦੀਆਂ ਕਈ ਖਾਸੀਅਤਾਂ ਅਤੇ ਖੂਬੀਆਂ ਵੀ ਹਨ, ਪਰ ਇਕ ਪ੍ਰਮੁੱਖ ਖਾਸੀਅਤ ਹੈ ਕਿ ਇਸ ਵਿਵਸਥਾ ਵਿਚ ਸੱਤਾ ਧਿਰ ਦੇ ਨਾਲ ਇਕ ਵਿਰੋਧੀ ਧਿਰ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਕੁਝ ਵੋਟਾਂ ਦੀ ਘਾਟ ਕਰਕੇ, ਕੁਝ ਉਮੀਦਵਾਰਾਂ ਦੀ ਗਿਣਤੀ ਘੱਟ ਹੋਣ ਕਰਕੇ, ਉਹ ਉਸ ਬਹੁਮਤ ਤਕ ਨਹੀਂ ਪਹੁੰਚ ਪਾਉਂਦੇ ਕਿ ਸਰਕਾਰ ਦਾ ਗਠਨ ਕਰ ਸਕਣ, ਪਰ ਉਨ੍ਹਾਂ ਨੂੰ ਵੀ ਲੋਕਾਂ ਨੇ ਚੁਣਿਆ ਹੁੰਦਾ ਹੈ। ਉਨ੍ਹਾਂ ਦੇ ਹੱਕ ਵਿਚ ਵੀ ਲੋਕਾਂ ਨੇ ਆਪਣਾ ਵਿਸ਼ਵਾਸ ਜਤਾਇਆ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਉਹ ਸੱਤਾ ਵਿਚ ਬੈਠਣਗੇ ਤਾਂ ਸਾਡੇ ਹੱਕ ਵਿਚ ਫ਼ੈਸਲੇ ਲੈਣਗੇ, ਤੇ ਜੇਕਰ ਵਿਰੋਧ ਵਿਚ ਬੈਠਣਗੇ ਤਾਂ ਸੱਤਾ ਧਿਰ ਨੂੰ ਮਨਮਰਜ਼ੀ ਨਹੀਂ ਕਰਨ ਦੇਣਗੇ। ਲੋਕਾਂ ਵਿਰੁੱਧ ਬਣਾਈਆਂ ਜਾ ਰਹੀਆਂ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ। ਜੇਕਰ ਪੰਜਾਬ ਸੂਬੇ ਦੀ ਗੱਲ ਕਰੀਏ ਲੋਕਾਂ ਨੇ ਚੰਗੇ ਪੰਜਾਬੀ ਸਮਾਜ ਦੀ ਬਿਹਤਰੀ ਲਈ ਕੁਝ ਕਰਨ ਦਾ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। 'ਆਪ' ਦੇ ਨੇਤਾ ਇਸ ਤਬਦੀਲੀ ਨੂੰ ਇਨਕਲਾਬ ਦਾ ਨਾਂ ਦੇ ਰਹੇ ਹਨ। ਪੰਜਾਬ 'ਚ ਇਹ ਤਬਦੀਲੀ 'ਇਨਕਲਾਬ' ਤਦੇ ਬਣ ਸਕੇਗੀ, ਜੇਕਰ ਲੋਕ ਪਹਿਲਾਂ ਸਿਰਜੇ ਸਿਸਟਮ, ਬਦਲਾਖੋਰੀ, ਰਿਸ਼ਵਤਖੋਰੀ, ਮਾਫੀਆ ਰਾਜ, ਗੰਦੀ ਅਤੇ ਪੈਸਿਆਂ ਦੀ ਰਾਜਨੀਤੀ ਤੋਂ ਮੁਕਤੀ ਪ੍ਰਾਪਤ ਕਰ ਸਕਣਗੇ। ਇਸ ਸਬੰਧ 'ਚ ਵਿਰੋਧੀ ਧਿਰ ਨੂੰ ਵੀ ਉਹੋ ਜਿਹੀ ਭੂਮਿਕਾ ਨਿਭਾਉਣੀ ਹੋਵੇਗੀ, ਜਿਹੋ ਜਿਹੀ ਸਾਰਥਕ ਭੂਮਿਕਾ ਨਸ਼ਿਆਂ, ਮਾਫੀਏ, ਰਿਸ਼ਵਤਖੋਰੀ , ਬੇਰੁਜ਼ਗਾਰੀ, ਮਹਿੰਗਾਈ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਨਿਭਾਉਣੀ ਚਾਹੀਦੀ ਹੈ। ਅਗਰ ਮੁੱਖ ਮੁਦਿਆਂ ਅਤੇ ਆਪਣੇ ਵਾਅਦਿਆਂ ਉੱਤੇ ਸਮੇਂ ਦੀਆਂ ਹਕੂਮਤਾਂ ਸੁਸਤ ਹੁੰਦੀਆਂ ਹੋਣ ਤਾਂ ਉਨ੍ਹਾਂ ਨੂੰ ਜਗਾਉਣ ਦੀ ਜ਼ਿੰਮੇਵਾਰੀ ਵਿਰੋਧੀ ਧਿਰਾਂ ਦੀ ਬਣਦੀ ਹੈ। ਕਿਸੇ ਵੀ ਪਾਰਟੀ ਦੇ ਚੰਗੇ ਅਕਸ ਵਾਲੇ ਲੋਕ ਦੇਸ਼ ਜਾਂ ਸੂਬੇ ਦੇ ਲੋਕਾਂ ਦੇ ਚੰਗੇ ਲਈ, ਸਿਹਤਮੰਦ ਸਮਾਜ ਲਈ, ਅਤੇ ਚੰਗੇ ਸਿਸਟਮ ਲਈ ਆਪਣੀ ਹੀ ਪਾਰਟੀ ਨੂੰ ਵੀ ਸੁਝਾਅ ਵੀ ਦੇ ਜਾਂਦੇ ਹਨ ਅਤੇ ਗਲਤ ਨੀਤੀਆਂ 'ਤੇ ਵਿਰੋਧ ਵੀ ਕਰ ਜਾਂਦੇ ਹਨ। ਇਹ ਵੀ ਲੋਕਤੰਤਰ ਲਈ ਇਕ ਚੰਗਾ ਵਰਤਾਰਾ ਹੈ ਜੋ ਕਿ ਵਿਰੋਧੀ ਧਿਰਾਂ ਨੂੰ ਕਰਨਾ ਬਣਦਾ ਹੈ। ਭਾਰਤੀ ਲੋਕਤੰਤਰ ਦੇ ਅਹਿਮ ਅੰਗ ਮੀਡੀਆ ਨੂੰ ਵਿਕਿਆ ਹੋਇਆ ਦੱਸਿਆ ਗਿਆ, ਜੋ ਕਿ ਆਪਣੀ ਕਾਰਗੁਜ਼ਾਰੀ ਵਿਚ ਨਜ਼ਰ ਵੀ ਆਇਆ, ਪਰ ਵਿਰੋਧੀ ਧਿਰ ਨੇ ਕਦੇ ਸੰਜੀਦਗੀ ਨਾਲ ਸਾਹਮਣੇ ਆ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹੋ ਜਿਹੇ ਨਾਜ਼ੁਕ ਮੁੱਦੇ 'ਤੇ ਬਹਿਸ ਕਰਵਾਉਣ ਦੀ ਕਦੇ ਵੀ ਗੱਲ ਨਹੀਂ ਕੀਤੀਸੱਤਾ ਧਿਰ ਚਾਹੇ ਕਿਸੇ ਵੀ ਵਿਵਸਥਾ ਦੀ ਹੋਵੇ, ਉਸ ਦਾ ਸੁਭਾਅ ਮਨਮਰਜ਼ੀ ਕਰਨ ਦਾ, ਆਪਣੀਆਂ ਚੰਮ ਦੀਆਂ ਚਲਾਉਣ ਦਾ ਹੁੰਦਾ ਹੈ। ਰਾਜਸ਼ਾਹੀ ਅਤੇ ਤਾਨਾਸ਼ਾਹੀ ਵਿਚ ਤਾਂ ਸੰਭਵ ਹੀ ਨਹੀਂ ਹੁੰਦਾ ਕਿ ਕੋਈ ਸਵਾਲ ਖੜ੍ਹੇ ਕਰੇ ਜਾਂ ਗ਼ਲਤ ਫ਼ੈਸਲਿਆਂ ਦਾ ਵਿਰੋਧ ਹੋਵੇ, ਪਰ ਲੋਕਤੰਤਰ ਵਿਚ ਤਾਂ ਇਹ ਸੰਭਵ ਵੀ ਹੈ ਤੇ ਉਮੀਦ ਵੀ ਕੀਤੀ ਜਾਂਦੀ ਹੈ। ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਬੁੱਧੀਜੀਵੀ, ਕਲਾਕਾਰ, ਲੇਖਕ, ਜੋ ਕਿ ਸਮਾਜ ਦੀ ਚੌਕਸੀ ਲਈ ਹੁੰਦੇ ਹਨ, 'ਚੋਂ ਬਹੁਤੇ ਲੋਕ ਡਰ ਕੇ ਚੁੱਪ ਕਰ ਜਾਣ, ਪਰ ਲੋਕਾਂ ਦਾ ਮੱਤ ਲੈ ਕੇ, ਜਿੱਤ ਕੇ, ਸੰਸਦ ਅਤੇ ਵਿਧਾਨ ਸਭਾ ਦੇ ਅੰਦਰ ਬੈਠੀ ਵਿਰੋਧੀ ਧਿਰਾਂ ਤੋਂ ਤਾਂ ਇਸ ਦੀ ਉਮੀਦ ਸਭ ਨੂੰ ਹੁੰਦੀ ਹੈ ਕਿ ਉਹ ਲੋਕ ਮੁੱਦਿਆਂ 'ਤੇ ਗੱਲ ਕਰਨ ਅਤੇ ਗ਼ਲਤ ਨੀਤੀਆਂ ਦਾ ਵਿਰੋਧ ਕਰਨ। ਪਿਛਲੇ ਕੁਝ ਸਾਲਾਂ ਦੌਰਾਨ ਵਾਪਰੀਆਂ ਕੁਝ ਅਹਿਮ ਘਟਨਾਵਾਂ ਦੌਰਾਨ ਵਿਰੋਧੀ ਧਿਰ ਨੂੰ ਖੁੱਲ੍ਹ ਕੇ ਲੋਕਾਂ ਦੀ ਆਵਾਜ਼ ਬਣਨ ਦੀ ਲੋੜ ਸੀ ਜਿਵੇਂ ਕਿ ਕਿਸਾਨਾਂ ਦੀ ਮੰਦਹਾਲੀ ਅਤੇ ਖ਼ੁਦਕੁਸ਼ੀਆਂ ਨੂੰ ਲੈ ਕੇ, ਉਨ੍ਹਾਂ ਦੀ ਅਗਵਾਈ ਕਰਨ ਦੀ ਲੋੜ ਸੀ। ਨੌਜਵਾਨਾਂ ਦੀ ਬੇਚੈਨੀ ਅਤੇ ਬੇਰੁਜ਼ਗਾਰੀ ਦਾ ਮੁੱਦਾ ਅਤੇ ਸਿੱਖਿਆ ਦਾ ਲਗਾਤਾਰ ਡਿਗ ਰਿਹਾ ਮਿਆਰ ਅਤੇ ਸਿੱਖਿਆ ਸੰਸਥਾਵਾਂ ਦੀ ਮਾੜੀ ਹਾਲਤ ਦੇ ਮੁਦਿਆਂ ਦੇ ਮਾਮਲੇ ਵਿਚ ਨੌਜਵਾਨਾਂ ਵਿਚ ਜਾਣ ਦੀ ਲੋੜ ਸੀ। ਇਸੇ ਤਰ੍ਹਾਂ ਛੋਟੇ ਦੁਕਾਨਦਾਰਾਂ ਦੀ ਹੋਈ ਕਮਜ਼ੋਰ ਹਾਲਤ ਲਈ, ਜੀ. ਐੱਸ. ਟੀ. ਨੂੰ ਮੁੱਦਾ ਬਣਾ ਕੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਲੋੜ ਸੀ ਤੇ ਸਾਡੇ ਸਮਾਜ, ਦੇਸ਼ ਅਤੇ ਸੂਬਿਆਂ ਵਿਚ ਸੈਂਕੜੇ ਹੋਰ ਵੀ ਅਜਿਹੇ ਮੁੱਦੇ ਹਨ ਜਿਵੇਂ ਕਿ ਬੇਰੁਜ਼ਗਾਰੀ, ਮਹਿੰਗਾਈ, ਪ੍ਰਸ਼ਾਸਨਿਕ ਭ੍ਰਿਸ਼ਟਾਚਾਰ , ਰਾਜਨੀਤਿਕ ਭ੍ਰਿਸ਼ਟਾਚਾਰ, ਮਾਫੀਆ ਰਾਜ, ਗ਼ਰੀਬੀ, ਸਿੱਖਿਆ, ਸਿਹਤ ਪਰ 75 ਸਾਲਾਂ ਤੋਂ ਸਾਡੇ ਦੇਸ਼ ਦੇ ਲੋਕਤੰਤਰ ਦੀਆਂ ਵਿਰੋਧੀ ਧਿਰਾਂ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਸਦਨ ਜਾਂ ਵਿਧਾਨ ਸਭਾ ਵਿਚ ਬਹਿਸ ਕਰਵਾਈ ਜਾ ਸਕੇ ਜਾਂ ਇਨ੍ਹਾਂ ਮੁਦਿਆਂ 'ਤੇ ਕਦੇ ਧਰਨੇ ਮੁਜ਼ਾਹਰੇ ਹੋਏ ਹੋਣ ਜਾਂ ਕਦੇ ਇਹੋ ਮੁਦਿਆਂ ਨੂੰ ਲੈ ਕੇ ਕਦੇ ਭਾਰਤ ਬੰਦ ਦਾ ਕੋਈ ਸੱਦਾ ਆਇਆ ਹੋਵੇ। ਇਹ ਤਾਂ ਵਿਰੋਧੀ ਧਿਰਾਂ ਹੀ ਵਿਸ਼ਲੇਸ਼ਣ ਕਰ ਸਕਦੀਆਂ ਹਨ ਕਿ ਉਨ੍ਹਾਂ ਦੇ ਅੰਦਰ ਕਿਸ ਤਰ੍ਹਾਂ ਦੀ ਹੀਣਭਾਵਨਾ ਸੀ ਜਾਂ ਹੈ ਕਿ ਉਹ ਆਪਣੀ ਗੱਲ ਰੱਖਣ ਵਿਚ ਅੱਗੇ ਨਹੀਂ ਆਏ ਜਾਂ ਕਿਉਂ ਆਪਣੀ ਗੱਲ ਰੱਖਣ ਵਿਚ ਅਸਮਰੱਥ ਰਹੇ ਜਾਂ ਉਨ੍ਹਾਂ ਨੂੰ ਮੁੱਦੇ ਸਮਝ ਹੀ ਬਾਅਦ ਵਿਚ ਆਏ ਜਦੋਂ ਉਹ ਹੱਥੋਂ ਨਿਕਲ ਗਏ।ਸੱਤਾ ਧਿਰ ਵੱਲੋਂ ਆਪਣੇ ਕੰਮਾਂ ਵਿਚ ਵਿਰੋਧੀ ਧਿਰ ਨੂੰ ਕਮਜ਼ੋਰ ਕਰਨਾ ਵੀ ਇਕ ਕਾਰਜ ਹੁੰਦਾ ਹੈ, ਜੋ ਕਿ ਪਿਛਲੇ ਸਾਲਾਂ ਦੌਰਾਨ ਬਾਖੂਬੀ ਹੋਇਆ। ਇਕ ਸੁਚੇਤ ਹਮਲਾਵਰ ਦੀ ਤਰ੍ਹਾਂ ਉਨ੍ਹਾਂ ਨੇ ਆਪਣੀਆਂ ਯੋਜਨਾਵਾਂ ਨੂੰ ਵੀ ਅੱਗੇ ਵਧਾਇਆ ਤੇ ਵਿਰੋਧੀ ਧਿਰ ਨੂੰ ਖੂੰਜੇ ਲਾਈ ਰੱਖਿਆ, ਜਦੋਂ ਕਿ ਵਿਰੋਧੀ ਧਿਰ ਦੀਆਂ ਕਾਰਗੁਜ਼ਾਰੀਆਂ ਵਿਚ ਸਪਸ਼ਟਤਾ ਘੱਟ ਅਤੇ ਭੰਬਲਭੂਸਾ ਵੱਧ ਨਜ਼ਰ ਆਉਂਦਾ ਰਿਹਾ।
ਚੋਣਾਂ ਦੌਰਾਨ ਪਿਛਲੇ ਕਈ ਸਾਲਾਂ ਤੋਂ, ਮੈਨੀਫੈਸਟੋ ਛਾਪਣ ਦੀ ਰਿਵਾਇਤ ਬਣੀ ਹੋਈ ਹੈ। ਚੋਣ ਪ੍ਰਚਾਰ ਦੌਰਾਨ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਜੋ ਕਿ ਸਿਰਫ ਸੱਤਾ ਹਥਿਆਉਣ ਤਕ ਸੀਮਤ ਰਹਿ ਜਾਂਦੇ ਹਨ ਅਤੇ ਰਾਜਨੀਤੀ ਗਰੀਬੀ, ਮਹਿੰਗਾਈ, ਅਤੇ ਰੁਜ਼ਗਾਰ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਪੂੰਜੀਵਾਦੀ ਰਸਤੇ 'ਤੇ ਚਲਦੀ-ਚਲਦੀ ਦਮ ਤੋੜ ਜਾਂਦੀ ਹੈ। ਇਹੋ ਜਿਹੀ ਸਥਿਤੀ ਵਿਚ ਵਿਰੋਧੀ ਧਿਰਾਂ ਦੀ ਭੂਮਿਕਾ ਦੀ ਅਹਿਮ ਹੁੰਦੀ ਹੈ। ਭਾਰਤੀ ਸੱਤਾ ਧਿਰਾਂ ਸ਼ੁਰੂ ਤੋਂ ਹੀ ਬੇਲੋੜੇ ਪਹਿਲੂਆਂ ਨੂੰ ਉਭਾਰ ਕੇ, ਟੀ. ਵੀ. ’ਤੇ ਬਹਿਸ ਨੂੰ ਫਾਲਤੂ ਦਿਸ਼ਾ ਵੱਲ ਮੋੜਦੀ, ਉਲਝਾਉਂਦੀ ਰਹੀਆਂ ਹਨ ਤੇ ਵਿਰੋਧੀ ਧਿਰਾਂ ਨੇ ਕਦੇ ਵੀ ਵਕਤ ਅਤੇ ਮੁਦਿਆਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ । ਉਹ ਵੀ ਆਪਣੀ ਰਾਹ ’ਤੇ ਆਪਣੀ ਠੋਸ ਗੱਲ ਨਾਲ ਅੱਗੇ ਵਧਾਉਣ ਵਿਚ ਨਾਕਾਮ ਰਹੀਆਂ ਹਨ।ਇਕ ਸਿਹਤਮੰਦ ਵਿਰੋਧੀ ਧਿਰ ਵਜੋਂ, ਸਰਗਰਮ ਭੂਮਿਕਾ ਨਿਭਾਉਣੀ ਹੀ ਲੋਕਤੰਤਰ ਦੀ ਸਹੀ ਕਾਰਗੁਜ਼ਾਰੀ ਦਾ ਸੂਚਕ ਹੋਵੇਗਾ। ਲੋਕਾਂ ਵੱਲੋਂ ਚੁਣ ਕੇ ਸੰਸਦ ਅਤੇ ਵਿਧਾਨ ਸਭਾ ਵਿਚ ਭੇਜੀਆਂ ਗਈਆਂ ਵਿਰੋਧੀ ਧਿਰਾਂ ਨੂੰ ਵੀ ਦੇਸ਼ ਦੇ ਭਲੇ ਅਤੇ ਚੰਗੇ ਲਈ ਆਪਣੀ ਭੂਮਿਕਾ ਬਾਖੂਬੀ ਨਿਭਾਅ ਕੇ ਲੋਕਾਂ ਵੱਲੋਂ ਮਿਲੇ ਪਿਆਰ ਦਾ ਮੁੱਲ ਮੋੜਦੇ ਰਹਿਣਾ ਵੀ ਲੋਕਤੰਤਰ ਦਾ ਇਕ ਹਿੱਸਾ ਹੈ।
 
ਕੁਲਦੀਪ ਸਿੰਘ ਸਾਹਿਲ
9417990040
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ