Friday, September 29, 2023  

ਲੇਖ

ਭਾਰਤ ਦੇਸ਼ ਵਿੱਚ ਰੇਲ ਹਾਦਸਿਆਂ ਦੇ ਦੁਖਾਂਤ

June 04, 2023
ਪਿਛਲੇ ਇਕ ਦਹਾਕੇ 'ਚ ਭਾਰਤ 'ਚ ਵਾਪਰੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਚੋਂ ਸ਼ੁੱਕਰਵਾਰ ਰਾਤ ਓਡੀਸ਼ਾ 'ਚ ਕੋਰੋਮੰਡਲ ਐਕਸਪ੍ਰੈੱਸ ਅਤੇ SMVP-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵਿਚਾਲੇ ਦੁਖ਼ਦ ਰੇਲ ਹਾਦਸੇ 'ਚ  ਤਕਰੀਬਨ 288 ਲੋਕਾਂ ਦੀ ਮੌਤ ਹੋ ਗਈ ਅਤੇ 1200 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਅਗਰ ਅਸੀਂ ਪਿਛਲੇ ਸਮਿਆਂ ਚ ਦੇਸ਼ ਵਿੱਚ ਹੋਏ ਵੱਡੇ ਰੇਲ ਹਾਦਸਿਆਂ ਤੇ ਨਜ਼ਰ ਮਾਰੀਏ ਤਾਂ ਤਕਰੀਬਨ ਹਰ ਸਾਲ ਕੋਈ ਨਾ ਕੋਈ ਵੱਡਾ ਰੇਲ ਹਾਦਸਾ ਵਾਪਰ ਰਿਹਾ ਹੈ। ਸਾਲ 2010 ਵਿੱਚ ਗਿਆਨੇਸ਼ਵਰੀ ਐਕਸਪ੍ਰੈੱਸ ਮੁੰਬਈ ਜਾਣ ਵਾਲੀ ਐਕਸਪ੍ਰੈੱਸ ਰੇਲ ਗੱਡੀ ਦੇ 148 ਯਾਤਰੀਆਂ ਦੀ ਮੌਤ ਹੋ ਗਈ ਸੀ। ਦਰਅਸਲ 28 ਮਈ 2010 ਦੀ ਅੱਧੀ ਰਾਤ ਮਗਰੋਂ ਦੱਖਣੀ-ਪੂਰਬੀ ਰੇਲਵੇ ਦੇ ਖੇਮਸ਼ੁਲੀ ਅਤੇ ਸਰਧੀਆ ਸਟੇਸ਼ਨਾਂ ਵਿਚਾਲੇ ਕੁਝ ਡੱਬਿਆਂ ਦੇ ਪੱਟੜੀ ਤੋਂ ਉਤਰਨ ਅਤੇ ਨਾਲ ਦੀਆਂ ਪਟੜੀਆਂ 'ਤੇ ਡਿੱਗਣ ਕਾਰਨ ਹਾਦਸਾ ਵਾਪਰਿਆ ਸੀ। ਉਲਟ ਦਿਸ਼ਾ ਤੋਂ ਆ ਰਹੀ ਮਾਲ ਗੱਡੀ ਚੰਦ ਮਿੰਟਾਂ ਵਿਚ ਹੀ ਬੋਗੀਆਂ ਵਿਚੋਂ ਨਿਕਲ ਗਈ। ਇਸ ਹਾਦਸੇ ਵਿਚ 200 ਤੋਂ ਵਧੇਰੇ ਯਾਤਰੀ ਜ਼ਖ਼ਮੀ ਹੋ ਗਏ ਸਨ ਅਤੇ ਇਸੇ ਸਾਲ 19 ਜੁਲਾਈ 2010 ਨੂੰ ਉੱਤਰ ਬੰਗਾ ਐਕਸਪ੍ਰੈਸ ਅਤੇ ਵਨਾਂਚਲ ਐਕਸਪ੍ਰੈਸ ਪੱਛਮੀ ਬੰਗਾਲ ਦੇ ਸਾਂਥੀਆ 'ਚ ਇਕ ਦੂਜੇ ਨਾਲ ਟਕਰਾ ਗਈਆਂ ਜਿਸ 'ਚ ਲਗਭਗ 63 ਲੋਕ ਮਾਰੇ ਗਏ ਅਤੇ 165 ਤੋਂ ਵੱਧ ਲੋਕ ਜ਼ਖਮੀ ਹੋ ਗਏ। 7 ਜੁਲਾਈ, 2011 ਨੂੰ, ਛਪਰਾ-ਮਥੁਰਾ ਐਕਸਪ੍ਰੈਸ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਨਾਲ ਟਕਰਾ ਗਈ। ਇਸ ਹਾਦਸੇ 'ਚ 69 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ ਕਰੀਬ 1:55 ਵਜੇ ਮਨੁੱਖ ਰਹਿਤ ਲੈਵਲ ਕਰਾਸਿੰਗ 'ਤੇ ਵਾਪਰਿਆ। ਟਰੇਨ ਤੇਜ਼ ਰਫਤਾਰ ਨਾਲ ਚੱਲ ਰਹੀ ਸੀ ਅਤੇ ਬੱਸ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਘਸੀਟਿਆ ਗਿਆ । 30 ਜੁਲਾਈ 2012 ਨੂੰ ਦਿੱਲੀ-ਚੇਨਈ ਤਾਮਿਲਨਾਡੂ ਐਕਸਪ੍ਰੈਸ ਦੇ ਇਕ ਡੱਬੇ ਨੂੰ ਨੇਲੋਰ ਨੇੜੇ ਅੱਗ ਲੱਗ ਗਈ, ਜਿਸ ਨਾਲ 30 ਤੋਂ ਵੱਧ ਲੋਕ ਮਾਰੇ ਗਏ। 26 ਮਈ 2014 ਨੂੰ, ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਖੇਤਰ, ਗੋਰਖਪੁਰ ਵੱਲ ਜਾ ਰਹੀ ਗੋਰਖਧਾਮ ਐਕਸਪ੍ਰੈਸ ਖਲੀਲਾਬਾਦ ਸਟੇਸ਼ਨ ਦੇ ਕੋਲ ਮਾਲ ਗੱਡੀ ਨਾਲ ਟਕਰਾ ਗਈ ਸੀ ਜਿਸ ਨਾਲ 25 ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।
ਇਸੇ ਸਾਲ ਹੀ 23 ਮਈ, 2012 ਨੂੰ, ਹੁਬਲੀ-ਬੰਗਲੌਰ ਹੰਪੀ ਐਕਸਪ੍ਰੈਸ ਆਂਧਰਾ ਪ੍ਰਦੇਸ਼ ਦੇ ਨੇੜੇ ਇਕ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ 4 ਡੱਬੇ ਪਟੜੀ ਤੋਂ ਉਤਰ ਗਏ ਅਤੇ ਉਨ੍ਹਾਂ 'ਚੋਂ ਇਕ ਵਿਚ ਅੱਗ ਲੱਗ ਗਈ, ਜਿਸ ਨਾਲ ਲਗਭਗ 25 ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ। ਇਸ ਹਾਦਸੇ 'ਚ 43 ਲੋਕ ਜ਼ਖਮੀ ਹੋਏ ਸਨ। 20 ਮਾਰਚ, 2015 ਨੂੰ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੀ ਜਨਤਾ ਐਕਸਪ੍ਰੈੱਸ 'ਚ ਇਕ ਵੱਡਾ ਹਾਦਸਾ ਵਾਪਰਿਆ। ਰੇਲ ਗੱਡੀ ਦੇ ਇੰਜਣ ਅਤੇ ਨਾਲ ਲੱਗਦੇ ਦੋ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 150 ਦੇ ਕਰੀਬ ਲੋਕ ਜ਼ਖਮੀ ਹੋ ਗਏ। 20 ਨਵੰਬਰ, 2016 ਨੂੰ ਪਟਨਾ-ਇੰਦੌਰ ਐਕਸਪ੍ਰੈਸ ਪੁਖਰਯਾਨ, ਕਾਨਪੁਰ ਨੇੜੇ ਪਟੜੀ ਤੋਂ ਉਤਰ ਗਈ, ਜਿਸ ਨਾਲ ਘੱਟੋ-ਘੱਟ 150 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਹੋਰ ਜ਼ਖਮੀ ਹੋ ਗਏ। 23 ਅਗਸਤ, 2017 ਨੂੰ ਦਿੱਲੀ ਜਾ ਰਹੀ ਕੈਫੀਅਤ ਐਕਸਪ੍ਰੈਸ ਦੇ 9 ਡੱਬੇ ਉੱਤਰ ਪ੍ਰਦੇਸ਼ ਦੇ ਔਰਈਆ ਨੇੜੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਘੱਟੋ-ਘੱਟ 70 ਲੋਕ ਜ਼ਖਮੀ ਹੋ ਗਏ ਇਸ ਰੇਲ ਹਾਦਸੇ 'ਚ ਕਿਸੇ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ।ਸਾਲ 2018  ਵਿੱਚ ਦੁਸਿਹਰੇ ਵਾਲੇ ਦਿਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਇੱਕ ਰੇਲ ਦੁਰਘਟਨਾ ਨਾਲ ਕਰੀਬ 60 ਲੋਕਾਂ ਦੀ ਮੌਤ ਹੋ ਗਈ ਸੀ।13 ਜਨਵਰੀ, 2022 ਨੂੰ ਪੱਛਮੀ ਬੰਗਾਲ ਦੇ ਅਲੀਪੁਰਦਾਰ ਵਿਚ ਬੀਕਾਨੇਰ-ਗੁਹਾਟੀ ਐਕਸਪ੍ਰੈਸ ਦੇ ਘੱਟੋ-ਘੱਟ 12 ਡੱਬੇ ਪਟੜੀ ਤੋਂ ਉਤਰ ਗਏ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 36 ਜ਼ਖਮੀ ਹੋ ਗਏ।
ਅਗਰ ਰੇਲ ਹਾਦਸਿਆਂ ਦੇ ਕਾਰਨਾਂ ਤੇ ਨਜ਼ਰ ਮਾਰੀਏ ਤਾਂ ਜ਼ਿਆਦਾ ਕਰਕੇ ਰੇਲ ਗੱਡੀਆਂ ਦਾ ਪਟੜੀਆਂ ਤੋਂ ਉਤਰਣਾ ਮੰਨਿਆ ਜਾ ਰਿਹਾ ਹੈ। ਸਾਲ 2019-20 ਲਈ ਇੱਕ ਸਰਕਾਰੀ ਰੇਲਵੇ ਸੁਰੱਖਿਆ ਰਿਪੋਰਟ ਦੇ ਮੁਤਾਬਕ 70% ਰੇਲ ਹਾਦਸਿਆਂ ਲਈ ਰੇਲ ਗੱਡੀਆਂ ਦਾ ਪਟੜੀ ਤੋਂ ਉਤਰਨਾ ਜ਼ਿੰਮੇਵਾਰ ਰਿਹਾ, ਜੋ ਕਿ ਪਿਛਲੇ ਸਾਲ 68% ਸੀ। (ਰੇਲ ਗੱਡੀ ਨੂੰ ਅੱਗ ਅਤੇ ਟੱਕਰ ਕੁੱਲ ਹਾਦਸਿਆਂ ਲਈ ਕ੍ਰਮਵਾਰ 14% ਅਤੇ 8% ਜ਼ਿੰਮੇਵਾਰ ਸੀ)। ਹੁਣੇ ਜਿਹੇ ਉੜੀਸਾ ਵਿਚ ਵਾਪਰੇ ਰੇਲ ਹਾਦਸੇ ਵਿੱਚ ਵੀ ਸਿਗਨਲ ਪ੍ਰਤੀ ਕਰਮਚਾਰੀਆਂ ਦੀ ਲਾਹਪਰਵਾਹੀ ਨਜ਼ਰ ਆ ਰਹੀ ਹੈ। ਬਹੁਤ ਬਾਰੀ ਇਹੋ ਜਿਹੇ ਹਾਦਸਿਆਂ ਲਈ ਰੇਲਵੇ ਕਰਮਚਾਰੀਆਂ ਦੀ ਲਾਹਪਰਵਾਹੀ ਵੀ  ਜ਼ਿਮੇਵਾਰ ਬਣ ਜਾਂਦੀ ਹੈ। ਵੱਡੇ ਰੇਲ ਹਾਦਸਿਆਂ ਦੀ ਜ਼ਿਮੇਵਾਰੀ ਕਬੂਲਦਿਆ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਇਸ ਦੀ ਡੁੰਘਾਈ ਨਾਲ ਜਾਂਚ ਕਰਕੇ ਇਸ ਦੇ ਕਾਰਨਾ ਨੂੰ ਲੱਭ ਕੇ ਉਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਅਤੇ ਭਵਿੱਖ ਵਿੱਚ ਇਹੋ ਜਿਹੇ ਰੇਲ ਹਾਦਸੇ ਨਾ ਵਾਪਰਨ ਅਤੇ ਸਰਕਾਰ ਨੂੰ ਬੇਕਸੂਰ ਲੋਕਾਂ ਦੀ ਜਾਨ ਦੀ ਸਰੁੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਲੋੜ ਹੈ।
 
ਕੁਲਦੀਪ ਸਿੰਘ ਸਾਹਿਲ
9417990040
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ