ਭਾਜਪਾ ਯੂਥ ਵਿੰਗ ਦੇ ਆਗੂਆਂ ਨੇ ਹਾਜ਼ਰੀ ਲਗਵਾਈ
ਰੂਪਨਗਰ, 6 ਜੂਨ (ਰਾਜਨ ਵੋਹਰਾ) : ਪਿੰਡ ਸਿੰਘ ਭਗਵੰਤਪੁਰਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਸਿੰਘ ਭਗਵੰਤਪੁਰ ਵਲੋਂ 7ਵਾਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਟੀਮਾਂ ਵਲੋਂ ਭਾਗ ਲਿਆ ਗਿਆ ਤੇ ਖਿਡਾਰੀਆਂ ਨੇ ਬਿਹਤਰੀਨ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਭਾਜਪਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਸਿੰਘ ਕਾਬੜਵਾਲ ਨੇ ਆਪਣੀ ਸਮੁੱਚੀ ਟੀਮ ਨਾਲ ਹਾਜ਼ਰੀ ਲਗਵਾਈ ਤੇ ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ 'ਪਹਿਲਾਂ ਇਨਸਾਨੀਅਤ' ਵਲੋਂ ਭੇਜੀ ਖੇਡ ਕਿੱਟ ਦਿੱਤੀ। ਇਸ ਮੌਕੇ ਸ. ਕਾਬੜਵਾਲ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਣ ਅੰਗ ਹਨ, ਬਹੁਤ ਨੌਜਵਾਨਾਂ ਖੇਡਾਂ ਤੋਂ ਵਿਸਰ ਕੇ ਕੇਵਲ ਮੋਬਾਈਲਾਂ 'ਤੇ ਹੀ ਆਪਣਾ ਸਮਾਂ ਬਰਬਾਦ ਕਰਦੇ ਰਹਿੰਦੇ ਹਨ ਪਰ ਜੇਕਰ ਅਜਿਹੇ ਟੂਰਨਾਮੈਂਟ ਹੁੰਦੇ ਰਹਿਣ ਤਾਂ ਨੌਜਵਾਨਾਂ ਦੀ ਖੇਡਾਂ ਪ੍ਰਤੀ ਦਿਲਚਸਪੀ ਦਿਨ ਪ੍ਰਤੀਦਿਨ ਵੱਧਦੀ ਰਹਿੰਦੀ ਹੈ ਤੇ ਨਸ਼ਿਆਂ ਨੂੰ ਦਬੱਲਣ ਲਈ ਵੀ ਖੇਡਾਂ ਦਾ ਹੀ ਮਹੱਤਵਪੂਰਣ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਨੌਜਵਾਨਾਂ ਨੂੰ ਜਿੱਥੇ ਖੇਡ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ, ਉੱਥੇ ਹੀ ਜਰਸੀਆਂ, ਫੁੱਟਬਾਲ ਬੂਟ ਆਦਿ ਦੀ ਵੀ ਵੰਡ ਲਗਾਤਾਰ ਜਾਰੀ ਹੈ। ਇਸ ਮੌਕੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਤੰਬੜ ਨੇ ਕਿਹਾ ਕਿ ਪੰਜਾਬੀਆਂ ਦੀ ਸ਼ਾਨ ਉਨ੍ਹਾਂ ਦੇ ਜੁੱਸੇ ਹੀ ਹਨ ਤੇ ਇਨ੍ਹਾਂ ਜੁੱਸਿਆਂ ਨੂੰ ਕਾਇਮ ਰੱਖਣ ਲਈ ਖੇਡਾਂ ਹਰ ਪੰਜਾਬੀ ਦੀ ਜਿੰਦਗੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ।ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ, ਉੱਪ ਪ੍ਰਧਾਨ ਮਨਪ੍ਰੀਤ ਸਿੰਘ, ਅਮਿ੍ਰੰਤਪਾਲ ਸਿੰਘ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਤਰਨਜੀਤ ਸਿੰਘ, ਸੰਨੀ,ਆਈਟੀ ਇੰਚਾਰਜ ਹਰਬੀਰ ਸਿੰਘ, ਪ੍ਰਦੀਪ ਸਿੰਘ, ਮਨੀਸ਼ ਚੌਧਰੀ, ਤਲਵਿੰਦਰ ਸਿੰਘ ਵੀ ਮੌਜੂਦ ਸਨ।