ਮੋਰਿੰਡਾ, 7 ਜੂਨ (ਲਖਵੀਰ ਸਿੰਘ) : ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਗੋਬਿੰਦ ਟੰਡਨ ਐੱਸ.ਐੱਮ.ਓ. ਦੀ ਅਗਵਾਈ ਹੇਠ ਸੈਕਟਰ ਕਾਈਨੌਰ ਅਧੀਨ ਵੱਖ-ਵੱਖ ਸਿਹਤ ਤੇ ਤੰਦਰੁਸਤੀ ਕੇਂਦਰਾਂ ਅਧੀਨ ਮਮਤਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐੱਚ.ਓ. ਜਸ਼ਨ ਨੇ ਦੱਸਿਆ ਕਿ ਹਫਤੇ ਦੇ ਹਰੇਕ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਬੱਚਿਆਂ ਨੂੰ ਪੋਲੀਓ, ਕਾਲੀ ਖਾਂਸੀ, ਟੀ.ਬੀ., ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗੀ ਬੁਖਾਰ, ਗਲਘੋਟੂ ਅਤੇ ਟੈਟਨਸ ਤੋਂ ਬਚਾਅ ਦੇ ਟੀਕੇ ਲਗਾਉਣਾ ਹੈ ਅਤੇ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨਾ ਹੈ। ਇਸ ਮੌਕੇ ਏ.ਐੱਨ.ਐੱਮ. ਮਨਦੀਪ ਕੌਰ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਹਰੀਆਂ ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰਨ ਤਾਂ ਜੋ ਜੱਚਾ-ਬੱਚਾ ਤੰਦਰੁਸਤ ਰਹੇ ਅਤੇ ਸਰੀਰ ਵਿੱਚ ਖੂਨ ਦੀ ਕਮੀ ਨਾ ਹੋਵੇ। ਉਹਨਾਂ ਪਰਿਵਾਰ ਨਿਯੋਜਨ ਸਬੰਧੀ ਗੱਲ ਕਰਦਿਆਂ ਕਿਹਾ ਕਿ ਪਹਿਲੇ ਬੱਚੇ ਤੋਂ ਬਾਅਦ ਦੂਜੇ ਬੱਚੇ ਵਿਚਕਾਰ ਘੱਟੋ-ਘੱਟ ਤਿੰਨ ਸਾਲ ਦਾ ਗੈਪ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਪਰਿਵਾਰ ਭਲਾਈ ਦੇ ਸਾਧਨਾਂ ਵਿੱਚ ਪੀ.ਪੀ.ਆਈ.ਯੂ.ਸੀ.ਡੀ., ਨਿਰੋਧ, ਕਾਪਰ ਟੀ, ਅੰਤਰਾ ਟੀਕਾ ਅਤੇ ਛਾਇਆ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਕੌਰ ਸੀ.ਐੱਚ.ਓ., ਬੇਅੰਤ ਸਿੰਘ ਹੈਲਥ ਵਰਕਰ, ਲਖਮਿੰਦਰ ਸਿੰਘ ਹੈਲਥ ਵਰਕਰ ਆਦਿ ਹਾਜ਼ਰ ਸਨ।