Friday, March 29, 2024  

ਲੇਖ

ਕਾ. ਅਮੋਲਕ ਸਿੰਘ ਔਲਖ ਨੂੰ ਯਾਦ ਕਰਦਿਆਂ

June 07, 2023

ਭਾਵੇਂ ਇਹ ਦੁਨੀਆਦਾਰੀ ਚਲੋ-ਚਲੀ ਦਾ ਮੇਲਾ ਹੈ। ਇਸ ਦੁਨੀਆ ਦੇ ਮੰਚ ’ਤੇ ਕੋਈ ਆ ਗਿਆ, ਕੋਈ ਚਲਾ ਗਿਆ, ਪਰ ਫ਼ਿਰ ਵੀ ਇਸ ਦੁਨੀਆ ਦੇ ਮੰਚ ’ਤੇ ਕੁਝ ਸ਼ਖ਼ਸ ਅਜਿਹੇ ਆਉਂਦੇ ਹਨ, ਜੋ ਆਪਣੇ ਕਿਰਦਾਰ ਦੀ ਅਮਿੱਟ ਛਾਪ ਜਾਂਦੇ ਹਨ ਅਤੇ ਸਰੀਰਕ ਰੂਪ ’ਚ ਸਾਡੇ ਕੋਲ ਨਾ ਹੋਣ ਦੇ ਬਾਵਜੂਦ ਵੀ ਸਦਾ ਚੇਤਿਆਂ ’ਚ ਵਸੇ ਅਤੇ ਜਿਊਂਦੇ-ਜਾਗਦੇ ਪ੍ਰਤੀਤ ਹੁੰਦੇ ਹਨ। ਅਜਿਹੀ ਹੀ ਇਕ ਸ਼ਖ਼ਸੀਅਤ ਸਨ ਕਾਮਰੇਡ ਅਮੋਲਕ ਸਿੰਘ ਔਲਖ, ਜਿਨ੍ਹਾਂ ਨੇ ਸਾਰੀ ਉਮਰ ਕਿਰਤੀ ਅਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਆਪਣੇ ਸਾਥੀਆਂ ਸਮੇਤ ਸ਼ਹਾਦਤ ਦਿੱਤੀ।
ਕਾਮਰੇਡ ਅਮੋਲਕ ਸਿੰਘ ਔਲਖ ਦਾ ਜਨਮ ਇਕ ਕਿਰਤੀ ਪਰਿਵਾਰ ’ਚ 1 ਅਪ੍ਰੈਲ 1955 ਨੂੰ ਪਿਤਾ ਸ. ਜੋਧ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿੰਡ ਔਲਖ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਇਆ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਦਾ ਸੰਤਾਪ ਉਸ ਨੇ ਆਪਣੇ ਪਿੰਡੇ ’ਤੇ ਝੱਲ ਕੇ ਮੈਟਿ੍ਰਕ ਪਹਿਲੇ ਦਰਜੇ ਵਿਚ ਪਾਸ ਕਰਨ ਉਪਰੰਤ ਆਈ.ਟੀ.ਆਈ ਫ਼ਰੀਦਕੋਟ ਵਿਖੇ ਸਟੈਨੋ ਟਰੇਡ ਵਿਚ ਦਾਖ਼ਲਾ ਲੈ ਕੇ ਕਿਸੇ ਸਰਕਾਰੀ ਦਫ਼ਤਰ ਦਾ ਕਲਰਕ ਬਣ ਜਾਣ ਦਾ ਮਨ ਬਣਾਇਆ ਸੀ, ਪਰ ਖੇਤ ਮਜ਼ਦੂਰ ਸਭਾ ਦੇ ਕੌਮੀ ਪ੍ਰਧਾਨ ਕਾਮਰੇਡ ਰੁਲਦੂ ਖਾਨ ਦੇ ਕਹਿਣ ’ਤੇ ਉਸ ਨੇ ਲੋਕ ਸੇਵਾ ਕਰਨ ਦਾ ਕਠਿਨ ਰਸਤਾ ਅਪਣਾਉਣ ਦਾ ਨਿਰਣਾ ਕਰ ਲਿਆ। ਇਸ ਉਦੇਸ਼ ਨੂੰ ਪੂਰਾ ਕਰਨ ਵਾਸਤੇ ਸਾਲ 1970 ਵਿਚ ਉਹ ਸਰਵ ਭਾਰਤ ਨੌਜਵਾਨ ਸਭਾ ਦੇ ਮੈਂਬਰ ਬਣੇ। ਸਾਲ 1972 ’ਚ ਵਾਪਰੇ ਮੋਗਾ ਗੋਲ਼ੀ ਕਾਂਡ ਦਾ ਇਸ ਨੌਜਵਾਨ ਦੇ ਮਨ ’ਤੇ ਕਾਫ਼ੀ ਅਸਰ ਹੋਇਆ।
ਉਹ ਖੱਬੇ ਪੱਖੀ ਵਿਚਾਰਧਾਰਾ ਦਾ ਮੁਦੱਈ ਹੋਣ ਕਰਕੇ ਸ. ਭਗਤ ਸਿੰਘ ਦੇ ਸੁਪਨਿਆਂ ਦਾ ਖੁਸ਼ਹਾਲ ਸਮਾਜ ਦੇਖਣ ਦਾ ਇਛੁੱਕ ਸੀ। 1978 ਵਿਚ ਉਹ ਪਿੰਡ ਦੀ ਗਰਾਮ ਪੰਚਾਇਤ ਦਾ ਸਭ ਤੋਂ ਛੋਟੀ ਉਮਰ ਦਾ ਪੰਚ ਬਣਿਆ। ਮਿਹਨਤਕਸ਼ ਲੋਕਾਂ, ਕਿਰਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜਨ ਦੇ ਜ਼ਜ਼ਬੇ ਨਾਲ਼ ਉਹ ਜ਼ਿਲ੍ਹਾ ਖੇਤ ਮਜ਼ਦੂਰ ਸਭਾ ਦਾ ਸਕੱਤਰ ਬਣਿਆ। ਮਜ਼ਦੂਰਾਂ ਅਤੇ ਗ਼ਰੀਬ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਲਾਮਬੰਦ ਕਰਨ ਲਈ ਉਹ ਕਦੇ ਪੈਦਲ ਅਤੇ ਕਦੇ ਸਾਈਕਲ ਉਪਰ ਧੂੜ ਭਰੇ ਲੰਬੇ ਪੈਂਡਿਆਂ ਦਾ ਅਣਥੱਕ ਰਾਹੀਂ ਰਿਹਾ। ਸੇਵੇਵਾਲਾ ਵਿਖੇ ਜਦ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫ਼ਰੰਟ ਦੀ ਇਕਾਈ ਜੈਤੋ ਵਲੋਂ 9 ਅਪ੍ਰੈਲ 1991 ਨੂੰ ਕਾਨਫ਼ਰੰਸ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਅੱਤਵਾਦੀਆਂ ਨੇ ਹਮਲਾ ਕਰਕੇ 18 ਵਿਅਕਤੀਆਂ ਨੂੰ ਮੌਤ ਦੇ ਮੂੰਹ ’ਚ ਪਾ ਦਿੱਤਾ। ਕਾਮਰੇਡ ਅਮੋਲਕ ਸਿੰਘ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਖ਼ੁਦ ਜ਼ਖ਼ਮੀਆਂ ਨੂੰ ਜੈਤੋ, ਫ਼ਰੀਦਕੋਟ ਦੇ ਹਸਪਤਾਲਾਂ ਵਿਚ ਕੇਵਲ ਦਾਖ਼ਲ ਹੀ ਨਹੀਂ ਕਰਵਾਇਆ, ਸਗੋਂ ਇਸ ਦਾ ਡਟ ਕੇ ਵਿਰੋਧ ਵੀ ਕੀਤਾ। ਉਹ ਅਸੂਲਾਂ ਨੂੰ ਜ਼ਿੰਦਗੀ ਤੋਂ ਉੱਚੇ ਸਮਝਦਾ ਸੀ ਅਤੇ ਛੋਟੀ ਉਮਰੇ ਹੀ ਉਸ ਨੇ ਸਮਾਜ ’ਚ ਆਪਣੀ ਸ਼ਖ਼ਸੀਅਤ ਦਾ ਪ੍ਰਭਾਵ ਆਪਣੇ ਨਾਮ ਵਾਂਗ ਹੀ ਅਮੋਲਕ ਬਣਾ ਲਿਆ ਸੀ।
ਲੋਕਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਉਸ ਨੂੰ ਕਈ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ। ਉਸ ਨੇ ਹਰ ਤਰ੍ਹਾਂ ਦੇ ਜਬਰ ਤੇ ਫ਼ਿਰਕਾਪ੍ਰਸਤੀ ਦਾ ਡਟ ਕੇ ਵਿਰੋਧ ਕੀਤਾ। ਫ਼ਿਰ ਇਕ ਸਮਾਂ ਅਜਿਹਾ ਵੀ ਆਇਆ, ਜਦ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਵਾਰ 1991 ’ਚ ਤੱਤਕਾਲੀਨ ਵਿਧਾਨ ਸਭਾ ਹਲਕਾ ਪੰਜਗਰਾਈਂ ਕਲਾਂ ਤੋਂ ਬਤੌਰ ਉਮੀਦਵਾਰ ਉਸ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ।
ਚੋਣ ਪ੍ਰਚਾਰ ਪੂਰੇ ਜੋਰਾਂ ’ਤੇ ਸੀ। ਲੋਕ ਹਿੱਕਾਂ ਤਾਣ ਕੇ ਉਸ ਦੇ ਨਾਲ ਖੜ ਗਏ ਹਨ ਅਤੇ ਇਉਂ ਲੱਗਦਾ ਸੀ ਕਿ ਜਿਵੇਂ ਛੇਤੀ ਹੀ ਰਾਜਨੀਤੀ ’ਚ ਕੋਈ ਵੱਡਾ ਬਦਲਾਅ ਆਵੇਗਾ। ਇਸੇ ਚੋਣ ਪ੍ਰਚਾਰ ਦੌਰਾਨ ਹੀ 7 ਜੂਨ 1991 ਦੀ ਮਨਹੂਸ ਦੁਪਹਿਰ ਨੂੰ ਕਰੀਬ ਦੋ ਵਜੇ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਵਿਖੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਕਾਮਰੇਡ ਅਮੋਲਕ ਸਿੰਘ ਔਲਖ ਅਤੇ ਉਸਦੇ ਛੇ ਸਾਥੀਆਂ ਨਛੱਤਰ ਸਿੰਘ ਕੋਟਲਾ ਰਾਏ ਕਾ, ਸਾਬਕਾ ਸਰਪੰਚ ਲਛਮਣ ਸਿੰਘ ਔਲਖ, ਲਾਲ ਸਿੰਘ ਬੁੱਧ ਸਿੰਘ ਵਾਲਾ, ਬਲਜੀਤ ਸਿੰਘ ਔਲਖ, ਮੁਖਤਿਆਰ ਸਿੰਘ ਅਰਾਈਆਂ ਵਾਲਾ ਅਤੇ ਮਹਿੰਦਰ ਸਿੰਘ ਔਲਖ ਉਪਰ ਅੰਨੇ੍ਹਵਾਹ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ। ਅੱਜ ‘ਸ਼ਹੀਦੀ ਸੈਮਾਰਕ’ ਪਿੰਡ ਔਲਖ (ਫ਼ਰੀਦਕੋਟ) ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਉਨ੍ਹਾਂ ਦੀ 32ਵੀਂ ਬਰਸੀ ਮਨਾਈ ਜਾ ਰਹੀ ਹੈ।
ਇਨ੍ਹਾਂ ਦੀ ਲੋਕ-ਪੱਖੀ ਅਤੇ ਵਿਚਾਰਧਾਰਕ ਸੋਚ ਨੂੰ ਸਿਜਦਾ ਕਰਨ ਲਈ ਸਮਾਜ ਦੇ ਕੁਝ ਜਾਗਰੂਕ ਵਿਅਕਤੀਆਂ ਵਲੋਂ ਪਿਆਰ-ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।
ਮੋਹਰ ਗਿੱਲ ਸਿਰਸੜੀ
-ਮੋਬਾ : 98156-59110

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ