Friday, April 26, 2024  

ਲੇਖ

ਘਿਰਣਾ ਬਨਾਮ ‘ਮਸੀਹਾ’

June 07, 2023

ਅੱਜ ਤੋਂ 39 ਵਰ੍ਹੇ ਪਹਿਲਾਂ ਵਰਤਾਏ ਗਏ ਵੱਡੇ ਦੁਖਾਂਤ ਸਾਕਾ ਨੀਲਾ ਤਾਰਾ ਦੀ ਹਰ ਸਾਲ ਜਦੋਂ ਵੀ ਬਰਸੀ ਆਉਂਦੀ ਹੈ ਤਾਂ ਸਿੱਖ ਕੌਮ ਦੇ ਹਿਰਦੇ ’ਚ ਚੀਸਾਂ ਉੱਠ ਖੜ੍ਹਦੀਆਂ ਹਨ। ਸਰਕਾਰ ਦਾ ਓਪਰੇਸ਼ਨ ਬਲੂ ਸਟਾਰ, ਪਰ ਸਿੱਖ ਕੌਮ ਲਈ ਤੀਜਾ ਘੱਲੂਘਾਰਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਅਤੇ ਇਤਿਹਾਸਕ ਗਲਤੀ ਸਾਬਤ ਹੋਈ । ਜਿਸ ਕਾਰਨ ਉਹ ਸਿੱਖਾਂ ’ਚ ਹੀ ਨਹੀਂ ਸਗੋਂ ਰੱਬ ਨੂੰ ਮੰਨਣ ਵਾਲੇ ਤਮਾਮ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘਿਰਣਾ ਦਾ ਪਾਤਰ ਬਣ ਗਈ ਸੀ, ਉਹ ਭਾਵੇਂ ਕਿਸੇ ਸਮੇਂ ਉਸ ਨੂੰ ਚਾਹੁਣ ਵਾਲਾ ਕੋਈ ਸੀ। ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਕਿ ਇੱਕ ਅਜਿਹੇ ਦੇਸ਼ ਵਿੱਚ ਇੱਕ ਮਹੱਤਵ ਪੂਰਨ ਧਾਰਮਿਕ ਅਸਥਾਨ ਇੱਕ ਫ਼ੌਜੀ ਕਾਰਵਾਈ ਦਾ ਕੇਂਦਰ ਬਣਿਆ, ਜਿੱਥੇ ਕਦੇ ਵੀ ਕਿਸੇ ਨਾਗਰਿਕ ਟੀਚੇ ਦੇ ਵਿਰੁੱਧ ਫ਼ੌਜੀ ਕਾਰਵਾਈ ਵਿੱਚ ਟੈਂਕਾਂ ਅਤੇ ਤੋਪਖਾਨੇ ਦੀ ਵਰਤੋਂ ਨਹੀਂ ਕੀਤੀ ਗਈ ਸੀ।
ਸਿੱਖ ਇਤਿਹਾਸ ਸਿਦਕ ਤੇ ਕੁਰਬਾਨੀਆਂ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਸਿੱਖ ਲਹਿਰ ਨੇ ਭਾਰਤ ਨੂੰ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਪੱਖੋਂ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ। 18ਵੀਂ ਸਦੀ ਵਿਚ ਸਿੱਖ ਇਤਿਹਾਸ ਹੋਰ ਵੀ ਸੰਘਰਸ਼ਮਈ ਤੇ ਸ਼ਹੀਦੀਆਂ ਵਾਲਾ ਰਿਹਾ। ਆਪਣੇ ਸੀਮਤ ਸਾਧਨਾਂ ਅਤੇ ਅਨੇਕਾਂ ਦੁਸ਼ਵਾਰੀਆਂ ਝੱਲ ਕੇ ਵੀ ਸਿੱਖਾਂ ਨੇ ਮੁਗ਼ਲ ਹਕੂਮਤ ਅਤੇ ਫਿਰ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਤੇ ਜਰਵਾਣਿਆਂ ਨਾਲ ਜ਼ਬਰਦਸਤ ਟੱਕਰ ਲਈ ਤੇ ਆਪਣਾ ਰਾਜ ਸਥਾਪਿਤ ਕੀਤਾ। ਪਰ 1984 ਦੇ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੇ ਰੂਪ ਵਿਚ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ ਫ਼ੌਜੀ ਹਮਲਾ ਅਤੇ ਇਸੇ ਸਾਲ ਨਵੰਬਰ ਵਿਚ ਉਨ੍ਹਾਂ ਦੀ ਹੱਤਿਆ ਪਿੱਛੋਂ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੀਤੇ ਗਏ ਨਿਰਦੋਸ਼ ਸਿੱਖਾਂ ਦਾ ਕਤਲੇਆਮ, 20ਵੀਂ ਸਦੀ ਦੇ ਇਤਿਹਾਸ ਦੀਆਂ ਦੋ ਅਜਿਹੀਆਂ ਅਹਿਮ ਘਟਨਾਵਾਂ ਸਾਬਤ ਹੋਈਆਂ, ਜਿਨ੍ਹਾਂ ਨੂੰ ਸਿੱਖ ਮਾਨਸਿਕਤਾ ਨੇ ਕਦੀ ਵੀ ਭੁੱਲਾ ਨਹੀਂ ਪਾਇਆ। ‘ਵਿਨਾਸ਼ਕਾਲੇ ਵਿਪਰੀਤ ਬੁੱਧੀ’, ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਅਤੇ ਤੋਪਾਂ ਨਾਲ 4 ਦਿਨਾ ਹਮਲਾ ਬੇਹੱਦ ਭਿਆਨਕ ਅਤੇ ਜ਼ਾਲਮਾਨਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਹਜ਼ਾਰਾਂ ਲੋਕ ਮਾਰੇ ਗਏ। ਖ਼ੈਰ ਇਸ ਕਾਰਵਾਈ ਨੇ 1975 ਨੂੰ ਲਗਾਈ ਗਈ ਐਮਰਜੈਂਸੀ ਨੂੰ ਪਿੱਛੇ ਛੱਡ ਦਿੱਤਾ, ਜਿੱਥੇ ਇਹ ਗੈਰ ਤਰਕ ਸੰਗਤ ਸੀ ਉੱਥੇ ਇਹ ਵੋਟਾਂ ਲਈ ਫ਼ਿਰਕੂ ਧਰੁਵੀਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਸੀ।
ਕਿਸੇ ਵੀ ਸੰਵਿਧਾਨਕ ਸੰਸਥਾ ਤੋਂ ਕਿਸੇ ਵੀ ਸਰਕਾਰ ਵੱਲੋਂ ਖਾਸ ਕਰਕੇ ਘੱਟ ਗਿਣਤੀਆਂ ਦੇ ਵਿਰੁੱਧ ਚੁੱਕੇ ਗਏ ਕਿਸੇ ਵੀ ਕਦਮ ਨੂੰ ਖੁੱਲ੍ਹੇਆਮ ਰੱਦ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਜੂਨ ’84 ਦੇ ਇਸ ਹਮਲੇ ਦੌਰਾਨ ਗਿ੍ਰਫ਼ਤਾਰ ਕਰਕੇ 6 ਸਾਲ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਸਿੱਖਾਂ ਦੇ ਕੇਸ ਵਿੱਚ ਅਪ੍ਰੈਲ 2017 ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵੱਲੋਂ ਨਜ਼ਰਬੰਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਜੁਲਾਈ 2018 ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਗਏ ਅਮਲ ਨਾਲ ਇਹ ਸਪਸ਼ਟ ਹੋ ਗਿਆ ਕਿ ਮਾਨਯੋਗ ਅਦਾਲਤ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਵੀ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਨੂੰ ਬੇਲੋੜਾ ਅਤੇ ਗ਼ਲਤ ਹੋਣ ਬਾਰੇ ਆਪਣੀ ਮੋਹਰ ਲਗਾ ਦਿੱਤੀ, ਕਿ ਹਮਲਾ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ ਸੀ।
ਭਾਰਤੀ ਲੋਕਰਾਜ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਵਕਤ ਹੋਈ ਤਬਾਹੀ ਨੇ ਸਮੁੱਚੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਜਿਸ ਨੇ ਅੱਗੇ ਚੱਲ ਕੇ ਨਵੰਬਰ 84 ’ਚ ਸਿੱਖ ਕਤਲੇਆਮ ਤੇ ਪੰਜਾਬ ਵਿੱਚ ਦੋ ਦਹਾਕਿਆਂ ਤਕ ਚੱਲਣ ਵਾਲੇ ਕਾਲੇ ਦੌਰ ਨੂੰ ਜਨਮ ਦਿੱਤਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ, ਜਿਨ੍ਹਾਂ ਨੇ ਸਿੱਖਾਂ ਦੀ ਪੀੜਾ ਨੂੰ ਸਮਝਿਆ ਅਤੇ 2014 ਵਿਚ ਕੇਂਦਰੀ ਸਤਾ ’ਤੇ ਆਉਂਦਿਆਂ ਹੀ ਵਿਸ਼ੇਸ਼ ਜਾਂਚ ਟੀਮ ਬਣਾ ਕੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਭੇਜਣਾ ਕੀਤਾ। ਕਾਂਗਰਸੀ ਆਗੂ ਸੱਜਣ ਕੁਮਾਰ ਅਜੇ ਵੀ ਜੇਲ੍ਹ ਵਿਚ ਹੈ ਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਸੀਬੀਆਈ ਨੇ ਚਾਰਜਸ਼ੀਟ ਦੇ ਦਿੱਤੀ ਹੈ।
ਨਰਿੰਦਰ ਮੋਦੀ ਦੀ ਸਿੱਖਾਂ ਪ੍ਰਤੀ ਵਿਵਹਾਰਿਕ ਪਹੁੰਚ ਪਿਛਲੀਆਂ ਹਕੂਮਤਾਂ ਵੱਲੋਂ ਦੇਸ਼ ਭਰ ਵਿਚ ਸਿੱਖ ਘੱਟ-ਗਿਣਤੀ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਨ ਪੈਦਾ ਹੋਈ ਬੇਗਾਨਗੀ ਤੇ ਉਦਾਸੀਨਤਾ ਦੀਆਂ ਭਾਵਨਾਵਾਂ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਤਾਬਦੀਆਂ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦਿਲੀ ਦੇ ਲਾਲ ਕਿਲ੍ਹੇ ਵਿਖੇ ਵਿਸ਼ਾਲ ਪੱਧਰ ’ਤੇ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਵਿਸ਼ਵ ਦੇ ਰੂਬਰੂ ਕਰਨ ਦੇ ਉਪਰਾਲੇ ਵਜੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ। 1163 ਕਰੋੜ ਲਾਗਤ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਲਈ ਵੰਦੇ ਭਾਰਤ ਰੇਲਗੱਡੀ ਨੂੰ ਰੁਕਣ ਦੀ ਵਿਵਸਥਾ ਕਰਦਿਆਂ ਸਿੱਖ ਕੌਮ ਨੂੰ ਹੋਰ ਤੋਹਫ਼ਾ ਦਿੱਤਾ ਗਿਆ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਰਜਿਸਟ੍ਰੇਸ਼ਨ ਮੁੜ ਸ਼ੁਰੂ ਕੀਤੀ ਗਈ। ਸ੍ਰੀ ਗੁਰੂ ਰਾਮਦਾਸ ਜੀ ਲੰਗਰ ਨੂੰ ਜੀਐਸਟੀ ਮੁਕਤ ਕਰਦਿਆਂ 325 ਕਰੋੜ ਸਾਲਾਨਾ ਖ਼ਰਚ ਅਦਾਇਗੀ ਦਾ ਪ੍ਰਬੰਧ ਕੀਤਾ। ਅੰਮ੍ਰਿਤਸਰ ਨੂੰ ਧਾਰਮਿਕ ਨਜ਼ਰੀਏ ਨਾਲ ਆਧੁਨਿਕ ਅਤੇ ਵਿਕਸਤ ਬਣਾਉਣ ਦੀ ਯੋਜਨਾ, ਗੁਜਰਾਤ ਦੇ ਕੱਛ ਇਲਾਕੇ ’ਚ ਲਖਪਤ ਗੁਰਦੁਆਰੇ ਦਾ ਨਿੱਜੀ ਦਿਲਚਸਪ ਨਾਲ ਮੁਰੰਮਤ ਕਰਾਈ ਗਈ, ਜੋ 2001 ਦੌਰਾਨ ਭੂਚਾਲ ਦੌਰਾਨ ਨੁਕਸਾਨਿਆ ਗਿਆ ਸੀ। ਇਹ ਗੁਰਦੁਆਰਾ ਅੱਜ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਰੱਖਦਾ ਹੈ। ਜਾਮ ਨਗਰ ਗੁਜਰਾਤ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ 750 ਬਿਸਤਰਿਆਂ ਵਾਲੀ ਐਨੈਕਸੀ ਹਸਪਤਾਲ ਮਾਰਚ 2019 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਪੀਜੀ ਹੋਸਟਲ ਖੋਲ੍ਹਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਤੇ 529 ਹਿੰਦੂ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ। ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਿੰਦੂ ਤੇ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤੀ ਨਾਗਰਿਕਤਾ ਦਿੱਤੀ ਗਈ। ਸਿੱਖਾਂ ਨੂੰ ਘਰੇਲੂ ਹਵਾਈ ਸਫ਼ਰ ਦੌਰਾਨ 6 ਇੰਜ ਦੀ ਕਿਰਪਾਨ ਪਹਿਨਣ ਤੇ ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਦੀ ਖੁੱਲ ਦਿੱਤੀ।
ਗੁਰੂ ਸਾਹਿਬ ਦੀ ਮਿਹਰ ਸਦਕਾ ਸਿੱਖ ਕੌਮ ਦੀਆਂ ਸੱਧਰਾਂ ਅਤੇ ਅਕਾਂਖਿਆਵਾਂ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰਨ ਵਾਲੇ ਸ੍ਰੀ ਨਰਿੰਦਰ ਮੋਦੀ ਨੂੰ ‘‘ਕੌਮੀ ਸੇਵਾ ਅਵਾਰਡ’’ ਨਾਲ ਸਨਮਾਨਿਤ ਕਰਨ ਸਮੇਂ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਿੱਖ ਸੰਗਤਾਂ ਲਈ ਵੱਡੀ ਰੱਬੀ ਦਾਤ ਤੇ ’ਮਸੀਹਾ’ ਕਹਿ ਕੇ ਵਡਿਆਈ ਕੀਤੀ। ਪਰ ਇੱਥੇ ਕੇਂਦਰ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਅਨੇਕਾਂ ਅਜਿਹੀਆਂ ਤਾਕਤਾਂ ਸਰਗਰਮ ਹਨ, ਜਿਨ੍ਹਾਂ ਦੇ ਭਾਰਤ ਪ੍ਰਤੀ ਆਪਣੇ ਮਨਸੂਬੇ ਹਨ ਅਤੇ ਸਿੱਖ ਕੌਮ ਨੂੰ ਵਾਰ-ਵਾਰ ਦੇਸ਼ ਨਾਲ ਟਕਰਾਉਣ ਲਈ ਉਕਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਪ੍ਰੋ. ਸਰਚਾਂਦ ਸਿੰਘ ਖਿਆਲਾ
-ਮੋਬਾ : 97813-55522

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ