Thursday, March 28, 2024  

ਲੇਖ

ਖੇਤਾਂ ਦੀ ਅੱਗ

June 07, 2023

ਲੋਕਾਂ ਨੇ ਚਾਰੇ ਪਾਸੇ ਖੇਤਾਂ ਵਿੱਚ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੋਈ ਸੀ ਜਿਸ ਕਾਰਨ ਸਵਾਹ ਉੱਡ ਉੱਡ ਕੇ ਲੋਕਾਂ ਦੇ ਸਿਰਾਂ ਵਿੱਚ ਪੈ ਰਹੀ ਸੀ। ਕੁਕੜ ਖੇਹ ਉਡਾਈ ਤੇ ਆਪਣੇ ਸਿਰ ਵਿੱਚ ਪਾਈ, ਵਾਲੀ ਕਹਾਵਤ ਸ਼ਤ ਪ੍ਰਤੀਸ਼ਤ ਸੱਚ ਸਾਬਤ ਹੋ ਰਹੀ ਸੀ। ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀ ਬਿਮਾਰੀ ਵਾਲੇ ਬੰਦਿਆਂ ਦਾ ਖੰਘ ਖੰਘ ਕੇ ਬੁਰਾ ਹਾਲ ਹੋ ਰਿਹਾ ਸੀ। ਖੇਤਾਂ ਅਤੇ ਸੜਕਾਂ ਦੇ ਕਿਨਾਰੇ ਪੰਜ ਕੁ ਮਹੀਨੇ ਪਹਿਲਾਂ ਝੋਨੇ ਦੀ ਪਰਾਲੀ ਦੀ ਅੱਗ ਤੋਂ ਬਚੇ ਥੋੜ੍ਹੇ ਬਹੁਤੇ ਦਰਖਤਾਂ ਵਿੱਚੋ ਕੁਝ ਸੜ ਚੁੱਕੇ ਸਨ ਤੇ ਕੁਝ ਅਜੇ ਧੁਖ ਰਹੇ ਸਨ। ਦਾਵਾਨਲ ਕਾਰਨ ਉਹਨਾਂ ’ਤੇ ਪਾਏ ਪੰਛੀਆਂ ਦੇ ਆਲ੍ਹਣਿਆਂ ਵਿੱਚੋਂ ਮਾਸੂਮ ਬੋਟ ਫੁੜਕ ਫੁੜਕ ਕੇ ਧਰਤੀ ’ਤੇ ਡਿੱਗ ਰਹੇ ਸਨ। ਆਪਣੇ ਬੇਕਸੂਰ ਬੱਚਿਆਂ ਦੀ ਹੋ ਰਹੀ ਅਣਿਆਈ ਮੌਤ ਵੇਖ ਕੇ ਪੰਛੀਆਂ ਵੱਲੋਂ ਪਾਇਆ ਜਾ ਰਿਹਾ ਵਿਰਲਾਪ ਪੱਥਰ ਦਿਲਾਂ ਨੂੰ ਵੀ ਪਾੜ ਰਿਹਾ ਸੀ। ਕਿਉਂਕਿ ਟਟੀਹਰੀ ਧਰਤੀ ’ਤੇ ਆਲ੍ਹਣਾ ਬਣਾ ਕੇ ਬੱਚੇ ਦੇਂਦੀ ਹੈ, ਇਸ ਲਈ ਉਸ ਦਾ ਤਾਂ ਬੀਜ਼ ਨਾਸ ਹੋ ਰਿਹਾ ਸੀ।
ਚੱਬੇ ਪਿੰਡ ਦੇ ਦਸ ਪੰਦਰਾਂ ਬੰਦੇ ਪੰਚਾਇਤ ਘਰ ਵਿਚਲੇ ਬੋਹੜ ਦੀ ਠੰਡੀ ਛਾਂ ਹੇਠ ਤਾਸ਼ ਖੇਡ ਰਹੇ ਸਨ। ਨੰਗਾਂ ਦੇ ਸੁੱਚੇ ਨੇ ਗੱਲ ਛੇੜੀ, “ਇਸ ਵਾਰ ਤਾਂ ਰੱਬ ਪਿੱਛੇ ਈ ਪੈ ਗਿਆ ਸੀ ਆਪਣੇ। ਰੋਜ ਮੀਂਹ, ਰੋਜ ਮੀਂਹ। ਬੜੀ ਮੁਸ਼ਕਿਲ ਨਾਲ ਕਣਕ ਸਾਂਭੀ ਇਸ ਵਾਰ ਤਾਂ। ਝਾੜ ਵੀ ਘਟ ਆਇਆ ਮੇਰਾ।”ਮਾਸਟਰ ਅਵਤਾਰ ਸਿੰਘ ਨੇ ਪੱਤੇ ਫੈਂਟਦੇ ਹੋਏ ਜਵਾਬ ਦਿੱਤਾ, “ਜਦੋਂ ਆਪਾਂ ਰੱਬ ਦੇ ਪਿੱਛੇ ਪਏ ਆਂ ਫਿਰ ਰੱਬ ਨੇ ਤਾਂ ਆਪਣੇ ਪਿੱਛੇ ਪੈਣਾ ਈ ਆਂ। ਨਾਲੇ ਇਹ ਮੌਸਮੀ ਬਦਲਾਅ ਕੁਦਰਤ ਨਾਲ ਛੇੜ ਛਾੜ ਦਾ ਨਤੀਜਾ ਆ। ਰੱਬ ਪਤਾ ਨਈਂ ਹੈ ਆ ਜਾਂ ਨਈਂ।” ਪਿਆਰਾ ਸਿੰਘ ਨੇ ਮੁੰਡੇ ਤੇਲੇ ਨੇ ਹੈਰਾਨੀ ਨਾਲ ਪੁੱਛਿਆ, “ਉਹ ਕਿਵੇਂ ਤਾਇਆ?” “ਉਹ ਇਸ ਤਰ੍ਹਾਂ ਕਿ ਜੇ ਇਨਸਾਨ ਕੁਦਰਤ ਨੂੰ ਨੁਕਸਾਨ ਪਹੁੰਚਾਵੇਗਾ ਤਾਂ ਫਿਰ ਕੁਦਰਤ ਨੇ ਵੀ ਤਾਂ ਇਨਸਾਨ ਨੂੰ ਨੁਕਸਾਨ ਪਹੁੰਚਾਉਣਾ ਹੋਇਆ।
ਚਲੋ ਕਿਸਾਨਾਂ ਦੀ ਇਹ ਗੱਲ ਤਾਂ ਕਿਸੇ ਹੱਦ ਤਕ ਮੰਨੀ ਜਾ ਸਕਦੀ ਹੈ ਕਿ ਝੋਨੇ ਦੀ ਰਹਿੰਦ ਖੂੰਹਦ ਸੰਭਾਲਣੀ ਔਖੀ ਹੁੰਦੀ ਆ। ਪਰ ਲੋਕ ਤਾਂ ਕਣਕ ਵੇਲੇ ਵੀ ਹੱਦ ਕਰੀ ਜਾਂਦੇ ਆ। ਤੂੜੀ ਵਾਲੀ ਮਸ਼ੀਨ ਚਲਾਉਣ ਤੋਂ ਬਾਅਦ ਤਾਂ ਸਿਰਫ ਦੋ ਦੋ ਇੰਚ ਦੇ ਬੁੱਥੇ (ਕਰਚੇ) ਬਚਦੇ ਆ ਪਿੱਛੇ। ਉਹਨਾਂ ਨੂੰ ਅੱਗ ਲਗਾਉਣ ਦੀ ਕੀ ਲੋੜ ਆ? ਉਹ ਕਿਹੜੇ ਪੈਲੀ ਵਾਹੁਣ ਵੇਲੇ ਹੱਲਾਂ ਵਿੱਚ ਫਸਦੇ ਆ? ਅੱਗ ਲਾਉਣ ਨਾਲ ਇੱਕ ਤਾਂ ਆਰਗੈਨਿਕ ਤੱਤ ਤੇ ਮਿੱਤਰ ਕੀੜੇ ਸੜਦੇ ਆ ਤੇ ਦੂਸਰਾ ਜ਼ਮੀਨ ਬਰਬਾਦ ਹੁੰਦੀ ਆ। ਹੋਰ ਦਸਾਂ ਸਾਲਾਂ ਨੂੰ ਪੰਜਾਬ ਦੀ ਧਰਤੀ ਐਨੀ ਕਰੜੀ ਹੋ ਜਾਣੀ ਆ ਕਿ ਭੱਠੇ ਤੋਂ ਇੱਟਾਂ ਖਰੀਦਣ ਦੀ ਜ਼ਰੂਰਤ ਈ ਨਹੀਂ ਪਿਆ ਕਰਨੀ। ਸਿੱਧੀਆਂ ਖੇਤਾਂ ਵਿੱਚੋਂ ਈ ਪੁੱਟ ਲਿਆ ਕਰਿਉ ਭਾਵੇਂ।”
“ਤਾਇਆ ਤੂੰ ਤਾਂ ਬੱਸ ਕਿਸਾਨਾਂ ਦੇ ਪਿੱਛੇ ਈ ਪਿਆ ਰਿਹਾ ਕਰ। ਆ ਜਿਹੜਾ ਕਰੋੜਾਂ ਟਨ ਧੂੰਆਂ ਗੱਡੀਆਂ, ਕਾਰਖਾਨਿਆਂ ਤੇ ਭੱਠਿਆਂ ਵਿੱਚੋਂ ਨਿਕਲਦਾ ਆ, ਉਹ ਨਈਂ ਦਿਸਦਾ ਤੈਨੂੰ,” ਬੁੱਚਿਆਂ ਦੇ ਲਾਲੂ ਨੇ ਖਿਝ੍ਹ ਕੇ ਕਿਹਾ। ਅਵਤਾਰ ਮਾਸਟਰ ਨੇ ਹਾਉਕਾ ਭਰ ਕੇ ਬੋਲਿਆ, “ਕਾਕਾ ਇਹੋ ਤਾਂ ਦੁੱਖ ਆ। ਅਸੀਂ ਹਮੇਸ਼ਾਂ ਦੂਸਰਿਆਂ ਦੀਆਂ ਭੈੜੀਆਂ ਆਦਤਾਂ ਅਪਨਾਉਣ ਨੂੰ ਪਹਿਲ ਦੇਂਦੇ ਆਂ ਤੇ ਚੰਗੇ ਬੰਦਿਆਂ ਦੇ ਕੰਮਾਂ ਵੱਲੋਂ ਅੱਖਾਂ ਬੰਦ ਕਰ ਲੈਂਦੇ ਆਂ। ਕਦੇ ਬਾਬੇ ਸੇਵਾ ਸਿੰਘ ਖਡੂਰ ਸਾਹਿਬ ਤੇ ਬਾਬੇ ਬਲਬੀਰ ਸਿੰਘ ਸੀਚੇਵਾਲ ਵਰਗਿਆਂ ਵਾਂਗ ਪੌਦੇ ਲਗਾ ਕੇ ਕੁਦਰਤ ਨੂੰ ਬਚਾਉਣ ਦੀ ਰੀਸ ਵੀ ਕਰ ਲਿਆ ਕਰੋ । ਤੇਰੇ ਵਰਗੇ ਜ਼ਾਹਿਲਾਂ ਨੇ ਪੌਦੇ ਲਗਾਉਣੇ ਤਾਂ ਕੀ ਸਨ, ਸਗੋਂ ਇਹਨਾਂ ਬਾਬਿਆਂ ਵੱਲੋਂ ਸੜਕਾਂ ਕਿਨਾਰੇ ਲਗਾਏ ਗਏ ਬੂਟੇ ਵੀ ਸਾੜ ਕੇ ਸਵਾਹ ਕਰ ਦਿੱਤੇ ਹਨ। ਕਈ ਤਾਂ ਐਨੇ ਮਹਾਂਮੂਰਖ ਹਨ ਜੋ ਪਹਿਲਾਂ ਨਾੜ ਸਾੜ ਕੇ ਧਰਤੀ ਦੀ ਹਿੱਕ ਫੂਕਦੇ ਹਨ ਤੇ ਫਿਰ ਉਹਨਾਂ ਖੇਤਾਂ ਨੂੰ ਠੰਡੇ ਕਰਨ ਦੇ ਨਾਂ ਹੇਠ ਮੋਟਰਾਂ ਚਲਾ ਕੇ ਦੁਨੀਆਂ ਦੀ ਸਭ ਤੋਂ ਅਣਮੋਲ ਚੀਜ ਪਾਣੀ ਦੀ ਬਰਬਾਦੀ ਕਰ ਰਹੇ ਹਨ।” ਮਾਸਟਰ ਦੀ ਗੱਲ ਸੁਣ ਕੇ ਸਾਰੇ ਆਸੇ ਪਾਸੇ ਝਾਕਣ ਲੱਗ ਪਏ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
-ਮੋਬਾ: 9501100062

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ