Wednesday, April 24, 2024  

ਲੇਖ

ਆਓ, ਬੱਚਿਆਂ ਨੂੰ ਦੇਈਏ ਸੁਖਾਵਾਂ ਵਾਤਾਵਰਨ !

June 07, 2023

ਮਨੁੱਖ ਦੀ ਜ਼ਿੰਦਗੀ ਉੱਤੇ ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ ਇਸਦੀ ਮਿਸਾਲ ਅਸੀਂ ਪਿਛਲੇ ਦੋ ਤਿੰਨ ਸਾਲਾਂ ਤੋਂ ਦੇਖ ਹੀ ਰਹੇ ਹਾਂ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਹੈ ਜਿਸਦੀ ਸਜ਼ਾ ਅੱਜ ਸਾਰਾ ਸੰਸਾਰ ਭੁਗਤ ਰਿਹਾ ਹੈ।
ਜੇ ਗੱਲ ਕਰੀਏ ਵਾਤਾਵਰਨ ਦੀ ਤਾਂ ਵਾਤਾਵਰਨ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਜੋ ਵੱਖ ਵੱਖ ਤਰੀਕਿਆਂ ਨਾਲ ਸਾਡੀ ਜ਼ਿੰਦਗੀ ਉੱਤੇ ਪ੍ਰਭਾਵ ਪਾਉਂਦਾ ਹੈ ਖਾਸ ਕਰਕੇ ਇਕ ਬੱਚੇ ਦੀ ਜ਼ਿੰਦਗੀ ਉੱਤੇ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਕੁਦਰਤੀ ਵਾਤਾਵਰਨ ਦੀ ਜਿਸ ਦੀ ਅਹਿਮੀਅਤ ਦਾ ਤਾਂ ਸਾਨੂੰ ਪਤਾ ਲੱਗ ਹੀ ਚੁੱਕਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਰੀ ਕੁਦਰਤ ਨੂੰ ਪਰਮਾਤਮਾ ਦੀ ਆਰਤੀ ਕਰਦੀ ਹੋਈ ਦੱਸ ਕੇ ਵਡਿਆਇਆ ਹੈ।
ਜਪੁਜੀ ਸਾਹਿਬ ਦੇ ਸਲੋਕ ਵਿੱਚ ਵੀ ਗੁਰੂ ਸਾਹਿਬ ਕੁਦਰਤ ਦੀ ਵਡਿਆਈ ਕਰਦੇ ਹਨ:- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।
ਜੂਨ ਦਾ ਮਹੀਨਾ ਆਉਂਦਿਆਂ ਹੀ ਵਾਤਾਵਰਨ ਦੀ ਸੰਭਾਲ ਤੇ ਜ਼ੋਰ ਦਿੱਤਾ ਜਾਣ ਲੱਗਦਾ ਹੈ ਥਾਂ ਥਾਂ ਪੌਦੇ ਰੁੱਖ ਲਗਾਏ ਜਾਂਦੇ ਹਨ। ਵਿਦਿਆਰਥੀਆਂ ਦੇ ਸਕੂਲ ਵਿੱਚ ਵੱਖ- ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਜਿਵੇਂ ਪੇਂਟਿੰਗ, ਕਾਰਡ ਮੇਕਿੰਗ ਅਤੇ ਪੌਦੇ ਲਗਾਉਣਾ ਆਦਿ। ਵਾਤਾਵਰਨ ਦਿਵਸ ਲੰਘਣ ਤੋਂ ਬਾਅਦ ਇਹ ਚਾਅ ਮੱਠਾ ਪੈ ਜਾਂਦਾ ਹੈ।


ਹੌਲੀ- ਹੌਲੀ ਕਾਰਡ, ਪੇਂਟਿੰਗਾਂ ਧੂੜ ਨਾਲ ਭਰ ਜਾਂਦੀਆਂ ਹਨ ਤੇ ਪੇੜ- ਪੌਦੇ ਸੰਭਾਲ ਦੀ ਥੁੜੋਂ ਮੁਰਝਾ ਕੇ ਸੁੱਕ ਜਾਂਦੇ ਹਨ। ਪੌਦੇ ਲਗਾਉਣ ਨਾਲੋਂ ਉਹਨਾਂ ਦੀ ਸੰਭਾਲ ਦੀ ਵੱਧ ਜ਼ਰੂਰਤ ਹੈ ਪੇੜ- ਪੌਦਿਆਂ ਦੇ ਨਾਲ ਹੀ ਸਾਨੂੰ ਪਾਣੀ ਅਤੇ ਹਵਾ ਦੀ ਸੰਭਾਲ ਦੀ ਵੀ ਬੇਹੱਦ ਜ਼ਰੂਰਤ ਹੈ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਖੂਬਸੂਰਤ ਭਵਿੱਖ ਅਤੇ ਤੰਦਰੁਸਤ ਜੀਵਨ ਦੇਣਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਪੱਥਰ ਦੇ ਘਰਾਂ ਦੀ ਥਾਂ ਹਰਾ ਭਰਾ ਅਤੇ ਸਾਫ਼ ਸੁਥਰਾ ਵਾਤਾਵਰਨ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੀ ਹੈ। ਕੀ ਫਾਇਦਾ ਉਹਨਾਂ ਨੂੰ ਵੱਡੀਆਂ ਵੱਡੀਆਂ ਕੋਠੀਆਂ, ਗੱਡੀਆਂ ਅਤੇ ਸੁੱਖ ਸਹੂਲਤਾਂ ਦੇਣ ਦਾ । ਜੇਕਰ ਉਹਨਾਂ ਕੋਲ ਸਾਹ ਲੈਣ ਲਈ ਸਾਫ਼ ਹਵਾ ਤੇ ਪੀਣ ਲਈ ਸ਼ੁੱਧ ਪਾਣੀ ਹੀ ਨਾ ਹੋਇਆ। ਜੇ ਅੱਜ ਅਸੀਂ ਨਾ ਸੰਭਲੇ ਤਾਂ ਇਸ ਦਾ ਖਮਿਆਜ਼ਾ ਸਾਡੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਭੁਗਤਣਗੀਆਂ।
ਸਮਾਜਿਕ ਵਾਤਾਵਰਨ
ਕੁਦਰਤੀ ਵਾਤਾਵਰਨ ਦੇ ਨਾਲ ਹੀ ਮਨੁੱਖੀ ਜੀਵਨ ਵਿੱਚ ਸਮਾਜਿਕ ਵਾਤਾਵਰਨ ਵੀ ਅਹਿਮ ਰੋਲ ਅਦਾ ਕਰਦਾ ਹੈ। ਕੁਦਰਤੀ ਵਾਤਾਵਰਨ ਜਿੱਥੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਉਥੇ ਸਮਾਜਿਕ ਵਾਤਾਵਰਨ ਸਾਡੀ ਸੋਚ ਸਾਡੇ ਦਿਮਾਗ ਸਾਡੇ ਮਨ ਉੱਤੇ ਗਹਿਰਾ ਪ੍ਰਭਾਵ ਪਾਉਂਦਾ ਹੈ। ਇੱਕ ਮਨੁੱਖ ਦੇ ਕਿਰਦਾਰ ਦੇ ਪਿੱਛੇ ਉਸਦੇ ਬਚਪਨ ਦੇ ਮਾਹੌਲ ਤੇ ਵਾਤਾਵਰਨ ਦਾ ਗਹਿਰਾ ਅਸਰ ਹੁੰਦਾ ਹੈ। ਬੱਚਾ ਕਿਹੋ ਜਿਹੇ ਮਾਹੌਲ ਵਿਚ ਪਲਦਾ ਤੇ ਵੱਡਾ ਹੁੰਦਾ ਹੈ ਜੋ ਆਪਣੇ ਪਰਿਵਾਰਕ ਵਾਤਾਵਰਨ ਤੋਂ ਉਹ ਜੋ ਸਿੱਖਦਾ ਹੈ ਉਹ ਜੀਵਨ ਭਰ ਉਸ ਦੇ ਨਾਲ ਚਲਦਾ ਹੈ ਇਕ ਬੱਚੇ ਦੁਆਰਾ ਸਿੱਖੀਆਂ ਕਦਰਾਂ ਕੀਮਤਾਂ ਅਤੇ ਸਿਆਣਪ ਦੀਆਂ ਗੱਲਾਂ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੀਆਂ ਹਨ ਜਿਹੜੇ ਘਰ ਵਿੱਚ ਬੱਚਿਆਂ ਨੂੰ ਪਿਆਰ ਭਰਪੂਰ ਤੇ ਸੁਖਾਵਾਂ ਮਾਹੌਲ ਪ੍ਰਾਪਤ ਹੁੰਦਾ ਹੈ।ਇਸ ਦੇ ਉਲਟ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਦਾਦਾ ਦਾਦੀ ਜਾਂ ਹੋਰ ਪਰਿਵਾਰਕ ਮੈਂਬਰ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਉਹ ਵਧੇਰੇ ਚਿੜਚਿੜੇ ਤੇ ਖਿਝੂ ਹੋ ਜਾਂਦੇ ਹਨ। ਘਰ ਦੇ ਮਾਹੌਲ ਤੋਂ ਇਲਾਵਾ ਸਕੂਲ ਅਤੇ ਆਂਢ ਗੁਆਂਢ ਦਾ ਵਾਤਾਵਰਨ ਵੀ ਬੱਚੇ ਦੇ ਮਨ ਉੱਤੇ ਗਹਿਰੀ ਛਾਪ ਛੱਡ ਜਾਂਦਾ ਹੈ। ਜੇਕਰ ਬੱਚੇ ਨੂੰ ਸਕੂਲ ਵਿੱਚ ਅਨੁਕੂਲ ਤੇ ਸੁਖਾਵਾਂ ਵਾਤਾਵਰਨ ਨਹੀਂ ਮਿਲਦਾ ਤਾਂ ਉਹ ਪੜ੍ਹਾਈ ਤੋਂ ਦੂਰ ਭੱਜਣ ਲੱਗ ਜਾਂਦਾ ਹੈ।ਸਮਾਜ ਵਿਚ ਪਿਆਰ ਤੇ ਮਿਲਵਰਤਨ ਨਾਲ ਰਹਿਣਾ ਬੱਚਾ ਆਪਣੇ ਘਰ ਤੇ ਫਿਰ ਆਪਣੇ ਆਂਢ ਗੁਆਂਢ ਤੋਂ ਸਿਖਦਾ ਹੈ ਜਿਸ ਬੱਚੇ ਦੇ ਪਰਿਵਾਰ ਦੀਆਂ ਆਪਣੇ ਗੁਆਂਢ ਵਾਲਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਹਨ ਉਹ ਬੱਚਾ ਵੀ ਉਸ ਮੋਹ ਦੀਆਂ ਤੰਦਾਂ ਮਜ਼ਬੂਤ ਹਨ ਉਹ ਬੱਚਾ ਵੀ ਉਸ ਮੋਹ ਪਿਆਰ ਵਿੱਚ ਬੱਝ ਜਾਂਦਾ ਹੈ। ਅਜਿਹੇ ਵਾਤਾਵਰਨ ਵਿਚ ਪਲਿਆ ਬੱਚਾ ਵੱਡਾ ਹੋ ਕੇ ਵੀ ਉਸ ਮੋਹ ਦਾ ਸਾਥ ਨਹੀਂ ਛੱਡਦਾ।
ਮਨੁੱਖੀ ਜ਼ਿੰਦਗੀ ਵਿੱਚ ਕੁਦਰਤੀ ਅਤੇ ਸਮਾਜਿਕ ਵਾਤਾਵਰਨ ਤੋਂ ਬਿਨਾਂ ਇੱਕ ਮਨੁੱਖ ਦਾ ਅੰਦਰੂਨੀ ਵਾਤਾਵਰਨ ਵੀ ਹੁੰਦਾ ਹੈ ਅੰਦਰੂਨੀ ਵਾਤਾਵਰਨ ਦਾ ਉਸਦੀ ਜ਼ਿੰਦਗੀ ਉਸਦੇ ਕਾਰ ਵਿਹਾਰ ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਮਨੁੱਖ ਦਾ ਕੁਦਰਤੀ ਅਤੇ ਸਮਾਜਿਕ ਵਾਤਾਵਰਨ ਤਾਂ ਸਾਨੂੰ ਸਭ ਨੂੰ ਦਿਖਾਈ ਦੇ ਜਾਂਦੇ ਹਨ ਪਰ ਕਿਸੇ ਮਨੁੱਖ ਦੇ ਮਨ ਵਿਚ ਉਸਦੇ ਅੰਦਰੂਨੀ ਵਾਤਾਵਰਨ ਵਿਚ ਕੀ ਚਲਦਾ ਹੈ ਇਸ ਬਾਰੇ ਉਹ ਵਿਅਕਤੀ ਹੀ ਜਾਣਦਾ ਹੈ ਦੂਸਰਾ ਕੋਈ ਨਹੀਂ।
ਇਕ ਵਿਅਕਤੀ ਦੇ ਹਸਦੇ ਚਿਹਰੇ ਤੋਂ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਸ ਦੇ ਮਨ ਦੇ ਵਾਤਾਵਰਨ ਵਿਚ ਵੀ ਖਿੜਾ ਦਾ ਮਾਹੌਲ ਹੈ ਉਸ ਦੇ ਮਨ ਵਿਚ ਬਸੰਤ ਹੈ ਜਾਂ ਪਤਝੜ ਕਿਸੇ ਤੂਫ਼ਾਨ ਦੀ ਉਥਲ ਪੁਥਲ ਹੈ ਜਾਂ ਸਾਵਣ ਦੀ ਰਿਮਝਿਮ ਦੇ ਸਮੇਂ ਮੋਰਾਂ ਦਾ ਪੈਲਾਂ ਪਾਉਣਾ, ਰੇਗਿਸਤਾਨ ਵਿਚਲੀ ਰੇਤ ਦੀ ਤਪਸ਼ ਹੈ ਜਾਂ ਪਹਾੜਾਂ ਵਿੱਚ ਝਰਨਿਆਂ ਦੀ ਕਲ ਕਲ। ਇਹ ਤਾਂ ਉਹ ਵਿਅਕਤੀ ਹੀ ਜਾਣਦਾ ਹੈ ਜਿਸ ਦੇ ਅੰਦਰ ਇਹ ਸਭ ਕੁਝ ਵਾਪਰ ਰਿਹਾ ਹੈ। ਜੇਕਰ ਕਿਸੇ ਮਨੁੱਖ ਦਾ ਅੰਦਰੂਨੀ ਵਾਤਾਵਰਨ ਅਨੁਕੂਲ ਨਹੀਂ ਤਾਂ ਉਹ ਸਮਾਜ ਪਰਿਵਾਰ ਵਿੱਚ ਸਹੀ ਤਰੀਕੇ ਨਾਲ ਨਹੀਂ ਵਿਚਰ ਸਕਦਾ ਉਹ ਮਹਿਫ਼ਲ ਵਿੱਚ ਬੈਠਾ ਵੀ ਉਦਾਸ ਹੁੰਦਾ ਹੈ ਜਿਸ ਦਾ ਅਸਰ ਉਸ ਦੀ ਸਿਹਤ ਕੰਮਕਾਰ ਅਤੇ ਪਰਿਵਾਰਕ ਰਿਸ਼ਤਿਆਂ ਉਤੇ ਪੈਂਦਾ ਹੈ ਜੋ ਵੀ ਹੋਵੇ ਮਨੁੱਖ ਦੇ ਅੰਦਰੂਨੀ ਵਾਤਾਵਰਨ ਦਾ ਉਸਦੀ ਸ਼ਖ਼ਸੀਅਤ ਉਤੇ ਗਹਿਰਾ ਪ੍ਰਭਾਵ ਪੈਂਦਾ ਹੈ।
ਇੱਕ ਮਨੁੱਖ ਆਪਣੀ ਜ਼ਿੰਦਗੀ ਨੂੰ ਸੰਸਾਰ ਰੂਪੀ ਰੰਗ ਮੰਚ ਉੱਤੇ ਬਹੁਤ ਵਧੀਆ ਅਤੇ ਯਾਦਗਾਰੀ ਤਰੀਕੇ ਨਾਲ਼ ਨਿਭਾ ਸਕਦਾ ਹੈ ਉਸਨੂੰ ਇਹ ਤਿੰਨੇ ਵਾਤਾਵਰਨ ਸੁਖਾਵਾਂ ਮਿਲ਼ਣ ਕੁਦਰਤੀ ਵਾਤਾਵਰਨ ਜਿੱਥੇ ਮਨੁੱਖ ਦੀ ਸਿਹਤ ਲਈ ਸਮਾਜਿਕ ਵਾਤਾਵਰਨ, ਉਸ ਦੀ ਸ਼ਖ਼ਸੀਅਤ ਦੀ ਉਸਾਰੀ ਲਈ ਅਤੇ ਅੰਦਰੂਨੀ ਵਾਤਾਵਰਨ ਉਸ ਦੇ ਮਨ ਦੀ ਸ਼ਾਂਤੀ ਲਈ ਅਨੁਕੂਲ ਹੋਏ ਬਹੁਤ ਜ਼ਿਆਦਾ ਜ਼ਰੂਰੀ ਹਨ। ਅੰਦਰੂਨੀ ਵਾਤਾਵਰਨ ਖਾਸ ਤੌਰ ਤੇ ਕੁਦਰਤੀ ਅਤੇ ਸਮਾਜਿਕ ਵਾਤਾਵਰਨ ਨਾਲ ਹੀ ਪ੍ਰਭਾਵਿਤ ਹੁੰਦਾ ਹੈ।
ਸੋ ਆਓ ਅਸੀਂ ਆਪਣੇ ਬੱਚਿਆਂ ਨੂੰ ਕੁਦਰਤੀ ਅਤੇ ਸਮਾਜਿਕ ਵਾਤਾਵਰਨ ਸੁਖਾਵਾਂ ਦੇਣ ਦੀ ਕੋਸ਼ਿਸ਼ ਕਰੀਏ ਤਾਂ ਜੋ ਉਹ ਸੁਖਾਵਾਂ ਤੇ ਕੁਦਰਤ ਦੇ ਅਨੁਕੂਲ ਮਹਿਸੂਸ ਕਰ ਸਕੇ।
ਹਰਦੀਪ ਕੌਰ ਛਾਜਲੀ
-ਮੋਬਾ: 84273 60033

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ