ਸਮਾਣਾ, 8 ਜੂਨ (ਪਾਠਕ/ਪੁਰੀ) : ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦੇਣ ਅਤੇ ਕੈਮੀਕਲ ਨਸ਼ਿਆਂ ਤੇ ਕਾਬੂ ਪਾਉਣ ਲਈ ਸਰਕਾਰ ਤੇ ਦਬਾਅ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਾਦੀਪੁਰ ਵੱਲੋਂ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਵਿੱਚ 1 ਜੂਨ ਤੋਂ ਚੱਲ ਰਿਹਾ ਧਰਨਾ ਸਰਿੰਜਾਂ ਅਤੇ ਨਸ਼ੇ ਦੀਆਂ ਗੋਲੀਆਂ ਜਲਾ ਕੇ ਸਮਾਪਤ ਹੋ ਗਿਆ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ਼ਾਦੀਪੁਰ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਕੈਮੀਕਲ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਖਸ ਖਸ ਦੀ ਖੇਤੀ ਨੂੰ ਮਨਜ਼ੂਰੀ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਸੰਥੈਟਿਕ ਅਤੇ ਕੈਮੀਕਲ ਨਸ਼ੇ ਨੌਜਵਾਨਾਂ ਲਈ ਬੇਹੱਦ ਘਾਤਕ ਹਨ ਅਤੇ ਕਈ ਵਾਰ ਤਾਂ ਨਸ਼ੇ ਦਾ ਟੀਕਾ ਲਗਾਉਂਦੇ ਲਗਾਉਂਦੇ ਹੀ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨਸ਼ਿਆਂ ਕਾਰਨ ਅਨੇਕਾਂ ਹੀ ਘਰ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਖੁੱਲ੍ਹ ਕੇ ਨਸ਼ਿਆਂ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਅੱਜ ਦੇ ਇਸ ਮੌਕੇ ਕੌਮੀ ਪ੍ਰੈੱਸ ਸਕੱਤਰ ਹਰਬੰਸ ਸਿੰਘ ਦਦਹੇੜਾ , ਸੂਬਾ ਪ੍ਰੈੱਸ ਸਕੱਤਰ ਗੁਰਜਿੰਦਰ ਸਿੰਘ ਕਾਲਾ ਗੱਜੂਮਾਜਰਾ , ਸਿੰਦਰ ਸਿੰਘ ਚੀਮਾ ਜ਼ਿਲ੍ਹਾ ਮੀਤ ਪ੍ਰਧਾਨ , ਪ੍ਰਦਮਣ ਸਿੰਘ , ਨਿਰਮਲ ਸਿੰਘ ਵਿਰਕ ਬਲਾਕ ਪ੍ਰਧਾਨ ਸਮਾਣਾ, ਸੁਰਜੀਤ ਸਿੰਘ ਗਾਂਧੀ, ਨਿਰਮਲ ਸਿੰਘ ਵਿਰਕ, ਬੇਅੰਤ ਸਿੰਘ, ਮੋਹਨ ਭਾਖੜੀ, ਜਸਵੀਰ ਸਿੰਘ , ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਚੀਮਾ, ਨੇਤਰ ਸਿੰਘ, ਬਿੰਦਰ ਲਹੌਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।