ਅਫਸੋਸ ਦੀ ਗੱਲ ਹੈ ਕਿ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ, ਉਹ ਕੰਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਆਪ
ਜ਼ੀਰਕਪੁਰ, 8 ਜੂਨ ( ਵਿੱਕੀ ਭਬਾਤ) : ਵੀਰਵਾਰ ਨੂੰ ਸਥਾਨਕ ਪਿੰਡ ਗਾਜ਼ੀਪੁਰ ਵਿਖੇ ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਪਿੰਡ ਦੇ ਕਿਸਾਨਾਂ ਵੱਲੋਂ ਆਪਣੇ ਹੀ ਪਿੰਡ ਦੀ ਜ਼ਮੀਨ ਵਿੱਚੋਂ ਮਿੱਟੀ ਚੁੱਕ ਕੇ ਉਨ੍ਹਾਂ ਦੇ 2000 ਵਿੱਘੇ ਖੇਤਾਂ ਨੂੰ ਜਾਂਦੀ ਕੱਚੀ ਸੜਕ ’ਤੇ ਪਾਉਣ ਦੇ ਮਾਮਲੇ ਨੂੰ ਕਥਿਤ ਤੌਰ 'ਤੇ ਨਜਾਇਜ਼ ਮਾਈਨਿੰਗ ਦੇ ਨਾਂ ਦੇਣ 'ਤੇ ਵਿਰੋਧ ਕਰਦੇ ਹੋਏ ਪਿੰਡ ਦੇ ਲੋਕਾਂ ਦੀ ਸਮੱਸਿਆ ਦੱਸੀ। ਐਨ.ਕੇ.ਸ਼ਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਪਿੰਡ ਗਾਜ਼ੀਪੁਰ ਦੇ ਲੋਕ ਸੁਖਨਾ ਨਦੀ ਦੇ ਗੰਦੇ ਪਾਣੀ ਵਿੱਚੋਂ ਲੰਘ ਕੇ ਆਪਣੇ ਖੇਤਾਂ ਵਿੱਚ ਪਹੁੰਚਦੇ ਹਨ, ਜਿਸ ਵਿੱਚ ਰੋਜ਼ਾਨਾ ਲੱਖਾਂ ਲੀਟਰ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਨਦੀ ਨੂੰ ਦੂਸ਼ਿਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਖੇਤਾਂ ਨੂੰ ਜਾਣ ਵਾਲੀ 24 ਫੁੱਟੀ ਸੜਕ ਕੱਚੀ ਹੈ, ਜਿਸ ਵਿੱਚ ਬਰਸਾਤ ਕਾਰਨ ਟੋਏ ਪੈ ਗਏ ਹਨ, ਜਿਸ ਵਿੱਚ ਲੋਕ ਪਿੰਡ ਦੀ ਜ਼ਮੀਨ ਵਿੱਚੋਂ ਮਿੱਟੀ ਚੁੱਕ ਕੇ ਰਸਤੇ ਵਿੱਚ ਪਾ ਰਹੇ ਹਨ ਤਾਂ ਜੋ ਆਉਣ ਵਾਲੇ ਬਰਸਾਤ ਦੇ ਮੌਸਮ 'ਚ ਖੇਤਾਂ 'ਚ ਪਹੁੰਚਣ 'ਚ ਕੋਈ ਦਿੱਕਤ ਨਾ ਆਵੇ, ਜਿਸ 'ਚ ਲੋਕਾਂ ਦੇ ਕਹਿਣ 'ਤੇ ਉਨ੍ਹਾਂ ਆਪਣੀ ਕੰਪਨੀ ਦੇ ਦੋ ਟਰੈਕਟਰ ਅਤੇ ਟਰਾਲੀ ਵੀ ਸਹਿਯੋਗ ਲਈ ਦਿੱਤੀ ਪਰ ਕੁਝ ਲੋਕਾਂ ਨੇ ਪਿੰਡ ਦੇ ਲੋਕਾਂ ਨੂੰ ਡਰਾ ਧਮਕਾ ਜਬਰੀ ਵਸੂਲੀ ਲਈ ਇਸਨੂੰ ਗੈਰ-ਕਾਨੂੰਨੀ ਮਾਈਨਿੰਗ ਵਜੋਂ ਪੇਸ਼ ਕੀਤਾ। ਜਦਕਿ ਲੋਕ ਮਿੱਟੀ ਚੁੱਕ ਕੇ ਆਪਣੀ ਸਰਕਾਰੀ ਸੜਕ 'ਤੇ ਪਾ ਰਹੇ ਹਨ। ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਨੇ ਹਰਕਤ 'ਚ ਆ ਕੇ ਮਾਮਲਾ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਅਤੇ ਜ਼ੀਰਕਪੁਰ ਪੁਲਿਸ ਪਿੰਡ ਦੇ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਲਈ ਕਹਿ ਰਹੀ ਹੈ। ਸਾਬਕਾ ਵਿਧਾਇਕ ਸ਼ਰਮਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਜੇਕਰ ਪਿੰਡ ਦੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਇਸ ਦਾ ਸਖ਼ਤ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜੋ ਸੜਕ ਬਣਾਉਣ ਦਾ ਕੰਮ ਸਰਕਾਰ ਵੱਲੋਂ ਕਰਵਾਉਣਾ ਚਾਹੀਦਾ ਸੀ, ਜੇਕਰ ਪਿੰਡ ਵਾਸੀ ਆਪ ਕਰ ਰਹੇ ਹਨ ਤਾਂ ਕੁਝ ਬਲੈਕਮੇਲਰ ਕਿਸਮ ਦੇ ਲੋਕਾਂ ਨੂੰ ਇਤਰਾਜ਼ ਹੈ ਕਿਉਂਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਵੱਲੋਂ ਮੰਗੀ ਗਈ ਵਸਲੀ ਦੀ ਰਕਮ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਸ਼ਹਿਰ ਦੀ ਆਬਾਦੀ 2 ਲੱਖ ਤੋਂ ਵੱਧ ਕੇ 6 ਲੱਖ ਤੋਂ ਉਪਰ ਹੋ ਗਈ ਹੈ, ਜਿਸ ਕਾਰਨ ਸ਼ਹਿਰ ਦੇ ਸੀਵਰੇਜ ਸਿਸਟਮ 'ਤੇ ਵਾਧੂ ਬੋਝ ਪਿਆ ਹੈ ਅਤੇ ਢਕੋਲੀ ਖੇਤਰ ਦਾ ਸੀਵਰੇਜ ਸੁਖਨਾ ਨਦੀ ਵਿੱਚ ਓਵਰਫਲੋ ਹੋ ਰਿਹਾ ਹੈ ਜਦਕਿ ਉਨ੍ਹਾਂ ਦੇ ਵਿਧਾਇਕ ਰਹਿੰਦੀਆਂ ਉਨ੍ਹਾਂ ਵੱਲੋਂ ਸੀਵਰੇਜ ਬੋਰਡ ਨੂੰ ਇਲਾਕੇ ਵਿੱਚ ਵੱਖਰਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ 5 ਕਰੋੜ ਰੁਪਏ ਅਲਾਟ ਕੀਤੇ ਸਨ, ਜਿਸ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ, ਜੋ ਸ਼ਹਿਰ ਵਿੱਚ ਲੋਕਾਂ ਨੂੰ ਬਲੈਕਮੇਲ ਕਰ ਰਹੇ ਹਨ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਜ਼ਬਰਦਸਤੀ ਵਸੂਲੀ ਦੇ ਨਾਂ ’ਤੇ ਪਿੰਡ ਦੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ। ਐਨਕੇ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਗਾਜ਼ੀਪੁਰ ਦੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਖੇਤਾਂ ਨੂੰ ਜਾਂਦੀ ਸੜਕ ਬਣਾਈ ਜਾਵੇ। ਇਸ ਮੌਕੇ ਪਿੰਡ ਗਾਜੀਪੁਰ ਦੇ ਰਣਜੀਤ ਸਿੰਘ, ਮਨਜੀਤ ਸਿੰਘ, ਕੰਮਲਜਿਤ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਧਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ ਆਦਿ ਮੌਜੂਦ ਸਨ।