ਅਦਾਲਤੀ ਚਾਰਾਜੋਈ ਲਈ ਇੱਕ ਹੋਰ ਵਕੀਲ ਦੀਆਂ ਸੇਵਾਵਾਂ ਲੈਣ ਦਾ ਫੈਸਲਾ
ਬਨੂੜ, 8 ਜੂਨ (ਅਵਤਾਰ ਸਿੰਘ) : ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਕੌਂਸਲ ਦੀ ਮੀਟਿੰਗ ਹੋਈ। ਜਿਸ ਵਿੱਚ ਕਰੀਬ 300 ਕਰੋੜ ਕੌਂਸਲ ਦੀ ਜ਼ਮੀਨ ਹੜੱਪਣ ਸਬੰਧੀ ਦਰਜੇ ਪਰਚੇ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ ਅਤੇ ਜਮੀਨ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੀ ਪੈਰਵਾਈ ਕਰਨ ਦਾ ਫੈਸਲਾ ਕੀਤਾ ਗਿਆ।
ਕੌਂਸਲ ਦੇ ਦਫਤਰ ਵਿੱਚ ਹੋਈ ਇਸ ਹੰਗਾਮੀ ਮੀਟਿੰਗ ਵਿੱਚ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਤੋਂ ਇਲਾਵਾ 13 ਵਿੱਚੋਂ 11 ਕੌਂਸਲਰਾਂ ਸਮੇਤ 2 ਆਪ ਕੌਂਸਲਰਾਂ ਨੇ ਵੀ ਹਿੱਸਾ ਲਿਆ। ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ 9-3-2019 ਨੂੰ ਕੌਂਸਲ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੌਂਸਲ ਦੀ ਮਲਕੀਅਤੀ 88 ਵਿੱਘੇ ਥਾਂ ਦੀਆਂ ਰਜਿਸਟਰੀਆਂ ਕਰਨ ਸਬੰਧੀ ਢਾਈ ਦਰਜਨ ਦੇ ਕਰੀਬ ਵਿਅਕਤੀਆਂ ਉੱਤੇ ਦਰਜ ਕਰਾਇਆ ਪਰਚਾ ਪੁਲਿਸ ਵੱਲੋਂ ਰੱਦ ਕਰਨ ਦੇ ਮਾਮਲੇ ਦੀ ਸਿਫਾਰਿਸ਼ ਸਬੰਧੀ ਵਿਚਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਰਚਾ ਰੱਦ ਕਰਨ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਪਰਚਾ ਰੱਦ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ।
ਪ੍ਰਧਾਨ ਨੇ ਦੱਸਿਆ ਕਿ ਕੌਂਸਲ ਦੀ ਬਹੁ ਕਰੋੜੀ ਜਾਇਦਾਦ ਨੂੰ ਕਿਸੇ ਵੀ ਕੀਮਤ ਉੱਤੇ ਜਾਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਦੀ ਰਖਵਾਲੀ ਲਈ ਕੌਂਸਲ ਅਦਾਲਤੀ ਚਾਰਾਜੋਈ ਲਈ ਇੱਕ ਹੋਰ ਵਕੀਲ ਦੀਆਂ ਵੀ ਸੇਵਾਵਾਂ ਲਵੇਗੀ। ਉਨ੍ਹਾਂ ਦੱਸਿਆ ਕਿ ਕੌਂਸਲ ਦੇ ਜਿਸ ਕਰਮਚਾਰੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਪਰਚਾ ਰੱਦ ਕੀਤਾ ਗਿਆ ਹੈ, ਉਸ ਨੇ ਅਜਿਹੇ ਬਿਆਨ ਦਿੱਤੇ ਹੀ ਨਹੀਂ ਅਤੇ ਨਾ ਹੀ ਉਸ ਕੋਲੋਂ ਕਿੱਧਰੇ ਹਸਤਾਖ਼ਰ ਕਰਾਏ ਗਏ। ਮੀਟਿੰਗ ਵਿੱਚ ਜਗਦੀਸ਼ ਕਾਲਾ, ਭਜਨ ਲਾਲ, ਬਲਜੀਤ ਸਿੰਘ, ਅਵਤਾਰ ਸਿੰਘ ਬਬਲਾ, ਭਾਗ ਸਿੰਘ ਡਾਂਗੀ, ਰਾਕੇਸ਼ ਕੁਮਾਰ, ਸੋਨੀ ਸੰਧੂ, ਲਛਮਣ ਸਿੰਘ ਆਦਿ ਕੌਂਸਲਰ ਹਾਜ਼ਰ ਸਨ।
ਇਸੇ ਦੌਰਾਨ ਮੁਹਾਲੀ ਦੀ ਡਿਪਟੀ ਕਮਿਸ਼ਨਰ ਵੱਲੋਂ ਇਸ ਮਾਮਲੇ ਦੇ ਸਮੁੱਚੇ ਰਿਕਾਰਡ ਦੀ ਜਾਂਚ ਸਬੰਧੀ ਦਿੱਤੇ ਨਿਰਦੇਸ਼ਾਂ ਅਧੀਨ ਮਾਲ ਵਿਭਾਗ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੌਂਸਲ ਦਾ ਸਬੰਧਿਤ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।