Tuesday, September 26, 2023  

ਖੇਤਰੀ

ਕਾਮਰੇਡ ਗਗਨ-ਸੁਰਜੀਤ ਦੀ 32ਵੀ ਬਰਸੀ ਨਕੋਦਰ ਵਿਖੇ ਮਨਾਈ ਗਈ

June 08, 2023

ਅਬਦਕਾਰਾਂ ਦਾ ਉਜਾੜਾ ਨਹੀਂ ਜ਼ਮੀਨ ਦੇ ਮਾਲਕੀ ਹੱਕ ਚਾਹੀਦੇ ਹਨ : ਬਲਜੀਤ ਸਿੰਘ ਗਰੇਵਾਲ

ਨਕੋਦਰ, 8 ਜੂਨ ( ਰੋਗਿਜ਼ ਸੋਢੀ ) : ਕਾਮਰੇਡ ਵਰਿੰਦਰ ਕੁਮਾਰ ਗਗਨ , ਸੁਰਜੀਤ ਸਿੰਘ ਨਕੋਦਰ , ਸੁਰਜੀਤ ਕੈਮਵਾਲਾ , ਸੱਤਪਾਲ ਕੈਮਵਾਲਾ ਅਤੇ ਸਿਪਾਹੀ ਗਿਰਦਾਰੀ ਲਾਲ ਨੂੰ 32 ਸਾਲ ਪਹਿਲਾਂ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ । ਉਨ੍ਹਾਂ ਦੀ ਬਰਸੀ ਹਰ ਸਾਲ ਸੀਪੀਆਈ ( ਐਮ ) ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਨਕੋਦਰ ਸ਼ਹਿਰ ਵਿਖੇ ਮਨਾਈ ਜਾਂਦੀ ਹੈ । ਸ਼ਰਧਾਂਜਲੀ ਸਮਾਗਮ ਕਾਮਰੇਡ ਵਰਿੰਦਰ ਗਗਨ ਦੇ ਭਰਾ ਬਾਲ ਕ੍ਰਿਸ਼ਨ ਗਗਨ ਅਤੇ ਕਾਮਰੇਡ ਬਨਾਰਸੀ ਦਾਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਤੇ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਜ਼ਿਲ੍ਹਾ ਕਾਰਜਕਾਰੀ ਸਕੱਤਰ ਸੀਪੀਆਈ ( ਐਮ ) , ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ , ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਾਸਟਰ ਪ੍ਰਸ਼ੋਤਮ ਬਿਲਗਾ , ਸੀਪੀਆਈ ਦੇ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ , ਕਾਮਰੇਡ ਜਸਕਰਨਜੀਤ ਸਿੰਘ ਕੰਗ ਸੀਆਈਟੀਯੂ ਆਗੂ , ਕਾਮਰੇਡ ਸੀਤਲ ਸਿੰਘ ਸੰਘਾ ਵਿੱਤ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਕਾਮਰੇਡ ਕੇਵਲ ਸਿੰਘ ਦਾਨੇਵਾਲ ਕਿਸਾਨ ਆਗੂ , ਮਾਸਟਰ ਮੂਲ ਚੰਦ ਸਰਹਾਲੀ ਖੇਤ ਮਜਦੂਰ ਆਗੂ , ਸਤਨਾਮ ਸਿੰਘ ਬੜੈਚ ਸੂਬਾਈ ਕਿਸਾਨ ਆਗੂ , ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ ਤਹਿਸੀਲ ਸਕੱਤਰ ਸੀਪੀਆਈ ( ਐੱਮ ) , ਕਾਮਰੇਡ ਮਿਹਰ ਸਿੰਘ ਖੁਰਲਾਪੁਰ ਤਹਿਸੀਲ ਸਕੱਤਰ ਸੀਪੀਆਈ ( ਐਮ ) ਨਕੋਦਰ ਅਤੇ ਹੋਰ ਆਗੂਆਂ ਵੱਲੋਂ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ ਗਿਆ ਅਤੇ ਆਪਣੇ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਾਥੀਆਂ ਵੱਲੋਂ ਦੇਸ਼ ਦੀ ਏਕਤਾ , ਅਖੰਡਤਾ ਦੀ ਰਾਖੀ ਲਈ ਅਤੇ ਫਿਰਕੂ , ਫਾਸ਼ੀਵਾਦੀ ਸ਼ਕਤੀਆਂ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ । ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦਰਿਆ ਸਤਲੁਜ ਦੇ ਨਾਲ ਲੱਗਦੀ ਜ਼ਮੀਨ 'ਤੇ ਗਰੀਬ ਕਿਸਾਨਾਂ ਮਜ਼ਦੂਰਾਂ ਵੱਲੋਂ ਖੇਤੀ ਯੋਗ ਆਬਾਦ ਕੀਤੀ ਜ਼ਮੀਨ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਸਗੋ ਮਾਲਕੀ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ। 13 ਜੁਲਾਈ ਨੂੰ ਲੁਧਿਆਣਾ ਦੇ ਕਸਬਾ ਸਿੱਧਵਾਂ ਬੇਟ ਵਿਖੇ ਆਬਾਦਕਾਰਾਂ ਦੀ ਵਿਸ਼ਾਲ ਕਾਨਫਰੰਸ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਸਭਾ ਵੱਲੋਂ ਮੈਂਬਰਸ਼ਿਪ ਅਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸਮਾਗਮ ਦੌਰਾਨ ਕਾਮਰੇਡ ਸੀਤਲ ਸਿੰਘ ਸੰਘਾ ਦੁਆਰਾ ਲਿਖੀ ਕਿਤਾਬ " ਚਿੰਤਕ ਲਹਿਰਾਂ " ਰਿਲੀਜ਼ ਕੀਤੀ ਗਈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ