Thursday, September 28, 2023  

ਲੇਖ

ਕੁੱਖ ਵਿੱਚ ਮਾਰੀ ਧੀ ਦਾ ਪਛਤਾਵਾ

August 20, 2023

ਹਰਜੀਤ ਅਤੇ ਉਸ ਦੀ ਜੀਵਨ ਸਾਥਣ ਵੀਰਪਾਲ ਕੌਰ ਨੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਅਪਣਾ ਮਕਾਨ ਬਣਾ ਲਿਆ ਅਤੇ ਛੇਤੀ ਹੀ ਸ਼ਹਿਰ ਰਹਾਇਸ਼ ਕਰ ਲਈ ਕਿਓਂਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ ਜਾਣ ਕਾਰਨ ਕਾਫੀ ਮੁਸ਼ਕਿਲ ਹੁੰਦੀ ਸੀ । ਦੋਵੇਂ ਸਰਕਾਰੀ ਨੌਕਰੀ ਤੇ ਹੋਣ ਕਾਰਨ ਚੰਗੀ ਤਨਖਾਹ ਲੈਂਦੇ ਸਨ ਅਤੇ ਪਿੰਡੋਂ ਜ਼ਮੀਨ ਵੀ ਚੰਗੀ ਹਿੱਸੇ ਆਉਂਦੀ ਸੀ ਜਿਸ ਕਰਕੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ ਅਤੇ ਵਧੀਆ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ। ਕੁੱਝ ਸਮੇਂ ਬਾਅਦ ਜਦੋਂ ਵੀਰਪਾਲ ਪਹਿਲੀ ਵਾਰ ਗਰਭਵਤੀ ਹੋਈ ਤਾਂ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਨਵੇਂ ਆਉਣ ਵਾਲੇ ਜੀਅ ਬਾਰੇ ਸੋਚ ਕੇ ਖੁਸ਼ ਹੁੰਦੇ" ਛੁੱਟੀ ਵਾਲੇ ਦਿਨ ਜਦੋਂ ਉਹ ਦੋਵੇਂ ਪਿੰਡ ਮਿਲ਼ਣ ਲਈ ਗਏ ਤਾਂ ਵੀਰਪਾਲ ਨੇ ਇਹ ਖੁਸ਼ੀ ਆਪਣੀ ਸੱਸ ਮਾਤਾ ਨਾਲ਼ ਸਾਂਝੀ ਕੀਤੀ ਅਤੇ ਕਿਹਾ ਕਿ ਮੰਮੀ ਮੰਮੀ ਆਪਣੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ ਕਿਉਂਕਿ ਮੈਂ ਗਰਭਵਤੀ ਹਾਂ’ ਉਸਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਸੁਰਜੀਤ ਕੁਰ ਬੋਲੀ ‘ਨੀਂ ਵੀਰਪਾਲ ਅਜੇ ਤਾਂ ਵਿਆਹ ਨੂੰ ਸੁੱਖ ਨਾਲ ਸਾਲ ਵੀ ਪੂਰਾ ਨਹੀਂ ਹੋਇਆ ਤੈਨੂੰ ਇਨ੍ਹੀ ਕਾਹਲੀ ਕਾਹਦੀ ਐ ਬੱਚੇ ਦੀ ਅਜੇ ਸਾਰੀ ਜ਼ਿੰਦਗੀ ਪਈ ਸੁੱਖ ਨਾਲ਼’ ਚਲ ਫੇਰ ਵੀ ਜੇ ਤੇਰਾ ਮਨ ਐਂ ਤਾਂ ਭਾਈ ਪਹਿਲਾਂ ਮੁੰਡੇ ਕੁੜੀ ਵਾਲਾ ਟੈਸਟ ਜਰੂਰ ਕਰਵਾ ਲਿਓ ਅੱਜ ਕੱਲ੍ਹ ਤਾਂ ਮਸ਼ੀਨਾਂ ਦੱਸ ਦਿੰਦੀਐਂ ਨਹੀਂ ਤਾਂ ਮਗਰੋਂ ਪਛਤਾਇਆਂ ਕੁੱਝ ਨੀਂ ਬਣਨਾ।
ਇਹ ਗੱਲ ਵੀਰਪਾਲ ਦੇ ਮਨ ਲੱਗ ਗਈ ਅਤੇ ਸਮਾਂ ਆਉਣ ਤੇ ਉਨ੍ਹਾਂ ਨੇ ਡਾਕਟਰ ਤੋਂ ਮਸ਼ੀਨ ਨਾਲ ਚੈਕ ਕਰਵਾਇਆ ਤਾਂ ਪਤਾ ਲੱਗਾ ਕਿ ਵੀਰਪਾਲ ਦੇ ਪੇਟ ਵਿੱਚ ਪਲ਼ ਰਿਹਾ ਬੱਚਾ ਮੁੰਡਾ ਨਹੀਂ ਬਲਕਿ ਕੁੜੀ ਹੈ ਤਾਂ ਦੋਵਾਂ ਨੇ ਸਲਾਹ ਮਸ਼ਵਰਾ ਕਰਕੇ ਡਾਕਟਰ ਨੂੰ ਮੂੰਹੋਂ ਮੰਗੀ ਫੀਸ ਦੇ ਕੇ ਗਰਭਪਾਤ ਕਰਵਾ ਦਿੱਤਾ"ਤਕਰੀਬਨ ਸਾਲ ਬਾਅਦ ਵੀਰਪਾਲ ਫ਼ਿਰ ਗਰਭਵਤੀ ਹੋਈ ਤਾਂ ਉਨ੍ਹਾਂ ਨੇ ਫਿਰ ਚੈਕ ਕਰਵਾਇਆ ਤਾਂ ਪਤਾ ਲੱਗਾ ਕਿ ਵੀਰਪਾਲ ਦੇ ਪੇਟ ਵਿੱਚ ਪਲ਼ ਰਿਹਾ ਬੱਚਾ ਮੁੰਡਾ ਹੈ ਤਾਂ ਨੌਂ ਮਹੀਨਿਆਂ ਬਾਅਦ ਵੀਰਪਾਲ ਨੇ ਸੁਹਣੇ ਸੁਨੱਖੇ ਲੜਕੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਜਸ਼ਨਪ੍ਰੀਤ ਰੱਖਿਆ ਅਤੇ ਉਸ ਨੂੰ ਸਾਰੇ ਜਸ਼ਨ ਕਹਿ ਕੇ ਬੁਲਾਉਣ ਲੱਗੇ" ਸਮਾਂ ਬੀਤਦਾ ਗਿਆ ਅਤੇ ਜਸ਼ਨ ਦਾ ਪਾਲਣ ਪੋਸ਼ਣ ਖੂਬ ਲਾਡਾਂ ਪਿਆਰਾਂ ਨਾਲ ਹੋਣ ਲੱਗਾ ਅਤੇ ਜਸ਼ਨ ਹੁਣ ਸਕੂਲ ਵੀ ਜਾਣ ਲੱਗ ਪਿਆ।
ਜਸ਼ਨ ਦੀ ਹਰ ਖੁਸ਼ੀ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਅਤੇ ਉਸ ਨੂੰ ਮੂੰਹੋਂ ਮੰਗਵੀਂ ਚੀਜ਼ ਮਿਲ਼ਣ ਲੱਗੀ ਕਿਉਂਕਿ ਘਰ ਵਿੱਚ ਕੋਈ ਆਰਥਕ ਤੰਗੀ ਨਹੀਂ ਸੀ ਉਸ ਦੇ ਮਾਤਾ ਪਿਤਾ ਨੂੰ ਚੰਗੀ ਤਨਖਾਹ ਦੇ ਨਾਲ ਨਾਲ ਪਿੰਡੋਂ ਜ਼ਮੀਨ ਦਾ ਠੇਕਾ ਵੀ ਆਉਂਦਾ ਸੀ" ਖਾਣ ਪੀਣ ਦੀ ਕੋਈ ਘਾਟ ਨਾ ਹੋਣ ਕਾਰਨ ਜਸ਼ਨ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਹੱਡਾਂ ਪੈਰਾਂ ਦਾ ਖੁੱਲ੍ਹਾ ਜਿਸ ਨੂੰ ਦੇਖ ਕੇ ਭੁੱਖ ਲਹਿੰਦੀ ਸੀ ਜਦੋਂ ਦਸਵੀਂ ਪਾਸ ਕਰਕੇ+2 ਵਿੱਚ ਹੋਇਆ ਤਾਂ ਹਰਜੀਤ ਨੇ ਉਸ ਨੂੰ ਬੁਲਿੱਟ ਮੋਟਰਸਾਈਕਲ ਲੈ ਦਿੱਤਾ ਹੁਣ ਜਸ਼ਨ ਬੁਲਿੱਟ ਤੇ ਪੜ੍ਹਨ ਜਾਂਦਾ ਅਤੇ ਜੇਬ ਖ਼ਰਚ ਵੀ ਖੁੱਲ੍ਹਾ ਮਿਲਦਾ। ਹੁਣ ਜਸ਼ਨ ਦੀ ਕਾਲਜ਼ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਜਸ਼ਨ ਨੇਂ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਹੀ ਸ਼ੁਰੂ ਹੋਇਆ ਜਸ਼ਨ ਦੀ ਬਰਬਾਦੀ ਦਾ ਸਿਲਸਿਲਾ ਕਿਓਂਕਿ ਜਿੰਮ ਦੇ ਬਾਹਰ ਬੈਠੇ ਕੁੱਝ ਮੁੰਡਿਆਂ ਨਾਲ਼ ਜਸ਼ਨ ਦੀ ਨੇੜਤਾ ਵਧੀ ਅਤੇ ਉਹ ਨਸ਼ਾ ਕਰਦੇ ਅਤੇ ਵੇਚਦੇ ਸਨ ਅਤੇ ਉਨ੍ਹਾਂ ਨੇ ਜਸ਼ਨ ਨੂੰ ਵੀ ਹੌਲੀ ਹੌਲੀ ਆਪਣੇ ਜਾਲ਼ ਵਿੱਚ ਫਸਾ ਲਿਆ।
ਹੁਣ ਉਸ ਨੂੰ ਜਿੰਨੇ ਪੈਸੇ ਜੇਬ ਖ਼ਰਚ ਮਿਲਦੇ ਸੀ ਸਭ ਨਸ਼ੇ ਦੀ ਪੂਰਤੀ ਲਈ ਖਰਚ ਦਿੰਦਾ" ਹੌਲੀ ਹੌਲੀ ਜਸ਼ਨ ਦੀ ਨਸ਼ੇ ਦੀ ਡੋਜ ਵਧਦੀ ਗਈ ਅਤੇ ਉਹ ਹੁਣ ਘਰੋਂ ਪੈਸੇ ਚੋਰੀ ਵੀ ਕਰਨ ਲੱਗ ਪਿਆ"ਉਸ ਦੇ ਮਾਤਾ ਪਿਤਾ ਪੁੱਤਰ ਦੇ ਲਾਡ ਪਿਆਰ ਅਤੇ ਪੈਸੇ ਦੀ ਚਮਕ ਦਮਕ ਕਰਕੇ ਅਵੇਸਲੇ ਰਹਿੰਦੇ ਸਨ ਜਦੋਂ ਤੱਕ ਉਨ੍ਹਾਂ ਨੂੰ ਜਸ਼ਨ ਦੇ ਨਸ਼ੇੜੀ ਹੋਣ ਦਾ ਪਤਾ ਲੱਗਾ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹੌਲੀ ਹੌਲੀ ਜਸ਼ਨ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੀ ਚੁੱਕ ਕੇ ਵੇਚਣ ਲੱਗ ਪਿਆ।
ਉਸਦੇ ਮਾਤਾ ਪਿਤਾ ਨੇ ਉਸਦਾ ਨਸ਼ਾ ਛੁਡਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪੈਸਾ ਵੀ ਖਰਚਿਆ ਪਰ ਕਾਮਯਾਬ ਨਾ ਹੋਏ ਉਹ ਆਪਣੇ ਆਪ ਨੂੰ ਕੌਡੀਓਂ ਖੋਟਾ ਮਹਿਸੂਸ ਕਰਨ ਲੱਗੇ ਚਿਹਰਿਆਂ ਤੋਂ ਖੁਸ਼ੀ ਉੱਡ ਪੁੱਡ ਗਈ ਅਤੇ ਨਿਰਾਸ਼ ਹੋ ਕੇ ਦਿਨੋਂ ਦਿਨ ਪ੍ਰੇਸ਼ਾਨ ਰਹਿਣ ਲੱਗੇ" ਇਸੇ ਦੌਰਾਨ ਹਰਜੀਤ ਦੇ ਦੋਸਤਾਂ ਅਤੇ ਵੀਰਪਾਲ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਰਹਿੰਦੇ ਦੇਖ ਕੇ ਸਲਾਹ ਦਿੱਤੀ ਕਿ ਜਸ਼ਨ ਦੀ ਸ਼ਾਦੀ ਕਰ ਦਿੱਤੀ ਜਾਵੇ ਹੋ ਸਕਦੈ ਉਹ ਨਸ਼ਾ ਛੱਡ ਜਾਵੇ"ਹਰਜੀਤ ਅਤੇ ਵੀਰਪਾਲ ਦੇ ਚਿਹਰੇ ਤੇ ਇੱਕ ਵਾਰ ਫਿਰ ਖੁਸ਼ੀ ਦੀ ਆਸ ਜਾਗੀ ਉਨ੍ਹਾਂ ਨੇ ਜਲਦੀ ਜਲਦੀ ਕੁੜੀ ਲੱਭ ਕੇ ਜਸ਼ਨ ਦੀ ਸ਼ਾਦੀ ਕਰ ਦਿੱਤੀ ਅਤੇ ਮਨਪ੍ਰੀਤ ਕੌਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵਿਆਹ ਕੇ ਘਰ ਲੈ ਆਏ। ਕੁੱਝ ਦਿਨਾ ਲਈ ਘਰ ਵਿੱਚ ਖੁਸ਼ੀਆਂ ਖੇੜਿਆਂ ਨੇ ਫੇਰਾ ਪਾਇਆ ਪਰ ਬਹੁਤੀ ਦੇਰ ਉਹ ਵੀ ਨਾ ਟਿਕੇ ਕਿਓਂਕਿ ਥੋੜ੍ਹੇ ਦਿਨਾਂ ਬਾਅਦ ਹੀ ਮਨਪ੍ਰੀਤ ਨੂੰ ਜਸ਼ਨ ਦੇ ਨਸ਼ੇੜੀ ਹੋਣ ਬਾਰੇ ਪਤਾ ਚੱਲ ਗਿਆ ਤਾਂ ਉਸ ਨੇ ਆਪਣੇ ਸਹੁਰੇ ਹਰਜੀਤ ਅਤੇ ਸੱਸ ਵੀਰਪਾਲ ਨੂੰ ਦਰਦ ਅਤੇ ਗੁੱਸੇ ਭਰੇ ਲਹਿਜੇ ਵਿੱਚ ਪੁੱਛਿਆ। ਕਿ ਜਦੋਂ ਤੁਹਾਨੂੰ ਪਤਾ ਸੀ ਕਿ ਜਸ਼ਨ ਨਸ਼ੇੜੀ ਹੈ ਤਾਂ ਤੁਸੀਂ ਉਸਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜਿੰਦਗੀ ਬਰਬਾਦ ਕਰ ਦਿੱਤੀ "ਤਾਂ ਦੋਹਾਂ ਨੇ ਮਨਪ੍ਰੀਤ ਨੂੰ ਮਮਤਾ ਭਰੀਆਂ ਨਜ਼ਰਾਂ ਨਾਲ਼ ਦੇਖਿਆ ਅਤੇ ਉਸਦੇ ਸਿਰ ਤੇ ਪਿਆਰ ਭਰਿਆ ਹੱਥ ਫੇਰ ਕੇ ਅੱਖਾਂ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਇਕੱਠੇ ਹੀ ਬੋਲੇ।
ਧੀਏ ਅਸੀਂ ਸੋਚਿਆ ਸੀ ਕਿ ਸ਼ਾਇਦ ਤੇਰੇ ਪਿਆਰ ਮੁਹੱਬਤ ਅਤੇ ਚਾਵਾਂ ਸਧਰਾਂ ਲਈ ਹੀ ਉਹ ਨਸ਼ਾ ਛੱਡ ਦੇਵੇਗਾ ਅਤੇ ਸਾਡਾ ਬੁੱਢਾਪੇ ਦਾ ਸਹਾਰਾ ਬਣੇਗਾ ਫਿਰ ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਿਹਾ ਪਰ ਅਸੀਂ ਝੂਠੇ ਸਾਬਤ ਹੋਏ ਧੀਏ ਅਸੀਂ ਤੇਰੇ ਗੁਨਾਹਗਾਰ ਹਾਂ ਪਰ ਹੁਣ ਤੇਰੇ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਰੱਬ ਦਾ ਵਾਸਤਾ ਤੂੰ ਸਾਨੂੰ ਛੱਡ ਕੇ ਨਾ ਜਾਵੀਂ ਤੂੰ ਹੀ ਸਾਡਾ ਬੁੱਢਾਪੇ ਦਾ ਸਹਾਰਾ ਹੈਂ ਤੇਰੇ ਬਿਨਾ ਅਸੀਂ ਵੀ ਜਿਓਂਦੇ ਨਹੀਂ ਰਹਾਂਗੇ।
ਉਨ੍ਹਾਂ ਦੀਆਂ ਇਹ ਭਾਵੁਕ ਕਰਦੀਆਂ ਹਾਉਕਿਆਂ ਅਤੇ ਸਿਸਕੀਆਂ ਭਰੀਆਂ ਗੱਲਾਂ ਨੇਂ ਮਨਪ੍ਰੀਤ ਨੂੰ ਅੰਦਰ ਤੱਕ ਝੰਜੋੜ ਸੁੱਟਿਆ ਤੇ ਮਨਪ੍ਰੀਤ ਨੇ ਝੱਟ ਦੇਣੇ ਅੱਗੇ ਹੋ ਕੇ ਦੋਹਾਂ ਦੇ ਪੈਰ ਫੜ ਲਏ ਅਤੇ ਹਿੰਮਤ ਹੌਂਸਲੇ ਅਤੇ ਰੋਹ ਭਰੀ ਆਵਾਜ਼ ਵਿੱਚ ਕਿਹਾ ‘ਮੇਰੇ ਮਾਪਿਓ ਜੇ ਤੁਹਾਡਾ ਪਿਆਰ ਅਤੇ ਸਨੇਹ ਭਰਿਆ ਹੱਥ ਮੇਰੇ ਸਿਰ ਤੇ ਹੈ ਤਾਂ, ਹਾਂ ਅੱਜ ਤੋਂ ਮੈਂ ਹੀ ਤੁਹਾਡਾ ਜਸ਼ਨ ਪੁੱਤ ਬਣ ਦਿਖਾਵਾਂਗੀ, ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰੂੰਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੀ’ ਮਨਪ੍ਰੀਤ ਦੇ ਇਨ੍ਹਾਂ ਸ਼ਬਦਾਂ ਨੇ ਹਰਜੀਤ ਅਤੇ ਵੀਰਪਾਲ ਨੂੰ ਅਥਾਹ ਸ਼ਕਤੀ ਦਿੱਤੀ ਅਤੇ ਦੋਹਾਂ ਨੇ ਮਨਪ੍ਰੀਤ ਨੂੰ ਸਾਡਾ ਸੋਹਣਾ ਪੁੱਤ ਕਹਿਕੇ ਗਲ਼ ਨਾਲ ਲਾਇਆ ਅਤੇ ਭਰੇ ਗਲ਼ ਨਾਲ ਕਿਹਾ ਧੀਏ ਤੂੰ ਸਾਡਾ ਮਾਣ ਰੱਖਿਆ ਹੈ ਤੇਰਾ ਮਾਣ ਵਾਹਿਗੁਰੂ ਰੱਖੇਗਾ ਅਤੇ ਅਸੀਸਾਂ ਨਾਲ ਮਨਪ੍ਰੀਤ ਦੀ ਰੂਹ ਰੂਪੀ ਝੋਲੀ ਭਰ ਦਿੱਤੀ।ਦਿਨ ਬੀਤਦੇ ਗਏ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਕਈ ਸਾਲ ਬੀਤ ਗਏ ਮਨਪ੍ਰੀਤ ਦੀ ਕੁੱਖ ਹਰੀ ਨਾ ਹੋਈ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਮਾਂ ਬਣੇਂ ਪਰ ਨਹੀਂ। ਕਿਓਂਕਿ ਉਹ ਪੜ੍ਹੀ ਲਿਖੀ ਹੋਣ ਕਰਕੇ ਜਾਣਦੀ ਸੀ ਕਿ ਨਸ਼ਾ ਕਰਨ ਵਾਲੇ ਮਨੁੱਖ ਬੱਚੇ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦੇ। ਕਦੇ ਕਦੇ ਇਸ ਗੱਲ ਦਾ ਮਨਪ੍ਰੀਤ ਨੂੰ ਦੁੱਖ ਵੀ ਹੁੰਦਾ ਪਰ ਉਹ ਆਪਣੇ ਸੱਸ ਸਹੁਰੇ ਵੱਲ ਦੇਖ ਕੇ ਇਸ ਪੀੜ ਨੂੰ ਅੰਦਰੇ ਅੰਦਰ ਜਰ ਜਾਂਦੀ ਅਤੇ ਉਨ੍ਹਾਂ ਦੀ ਸੇਵਾ ਵਿੱਚ ਲੱਗ ਜਾਂਦੀ। ਇੱਕ ਦਿਨ ਅਚਾਨਕ ਮੰਦਭਾਗੀ ਘਟਨਾ ਇਹ ਵਾਪਰੀ ਕਿ ਜਸ਼ਨ ਅਤੇ ਮਨਪ੍ਰੀਤ ਨੇ ਅਪਣੇ ਕਮਰੇ ਅੰਦਰ ਕਿਸੇ ਗੱਲੋਂ ਨਿਰਾਸ਼ ਹੋ ਕੇ ਜਾਂ ਕਿਸੇ ਵਹਿਣ ਵਿੱਚ ਵਹਿ ਕੇ ਦੋਹਾਂ ਨੇ ਕੋਈ ਨਸ਼ੀਲੀ ਵਸਤੂ ਨਿਗਲ਼ ਲਈ ਪਤਾ ਲੱਗਣ ਤੇ ਬੁੱਢੇ ਮਾਂ ਪਿਓ ਨੇ ਜਲਦੀ ਜਲਦੀ ਹਸਪਤਾਲ ਦਾਖਲ ਕਰਵਾਇਆ ਅਤੇ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੀ ਦੇਖ ਵੱਡੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ।
ਇਲਾਜ ਚੱਲਿਆ ਪੈਸਾ ਪਾਣੀ ਵਾਂਗ ਵਹਾਇਆ ਗਿਆ ਹਰਜੀਤ ਨੇ ਪਿੰਡ ਵਿਚਲੀ ਕੁੱਝ ਜ਼ਮੀਨ ਵੀ ਵੇਚ ਦਿੱਤੀ ਅਤੇ ਡਾਕਟਰਾਂ ਨੂੰ ਕਿਹਾ ਕਿ ਪੈਸੇ ਜਿੰਨੇਂ ਮਰਜ਼ੀ ਲੱਗ ਜਾਣ ਪਰ ਸਾਡੇ ਬੁੱਢਾਪੇ ਦਾ ਸਹਾਰਾ ਸਾਡੀ ਧੀ ਮਨਪ੍ਰੀਤ ਨੂੰ ਬਚਾ ਲੈਣ ਅਖੀਰ ਹੋਇਆ ਉਹੀ ਜਿਸ ਦਾ ਡਰ ਸੀ ਮਨਪ੍ਰੀਤ ਇਲਾਜ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਮੌਤ ਹੱਥੋਂ ਹਾਰ ਕੇ ਹਰਜੀਤ ਅਤੇ ਵੀਰਪਾਲ ਦੇ ਬੁੱਢਾਪੇ ਦੀ ਡੰਗੋਰੀ ਨਾਲ਼ ਲੈ ਕੇ ਚੱਲ ਵਸੀ ਅਤੇ ਜਸ਼ਨ ਨਸ਼ੇੜੀ ਫਿਰ ਬਚ ਗਿਆ ਅਤੇ ਬੁੱਢੇ ਮਾਪੇ ਉਸ ਦੀ ਜਿਓਂਦੀ ਜਾਗਦੀ ਲਾਸ਼ ਨੂੰ ਲੈ ਕੇ ਇੱਕ ਵਾਰ ਫਿਰ ਘਰ ਆ ਕੇ ਪਛਤਾਵਾ ਕਰਨ ਬੈਠ ਗਏ ਕਿ ਜੇ ਜੁਆਨੀ ਵਿੱਚ ਧੀ ਦਾ ਕੁੱਖ ਵਿੱਚ ਕਤਲ ਨਾ ਕੀਤਾ ਹੁੰਦਾ ਤਾਂ ਉਸ ਵੱਡੇ ਪਾਪ ਕਾਰਨ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਅਤੇ ਉਹ ਅੱਜ ਸਾਡੇ ਬੁੱਢਾਪੇ ਦਾ ਸਹਾਰਾ ਹੁੰਦੀ ।
ਪਰ ਹੁਣ ਕੁੱਝ ਨਹੀਂ ਸੀ ਹੋ ਸਕਦਾ ਸਿਰਫ਼ ਤੇ ਸਿਰਫ਼ ਪਛਤਾਵਾ ਹੀ ਪੱਲੇ ਰਹਿ ਗਿਆ ਸੀ ਅਤੇ ਉਹ ਪਾਗਲਾਂ ਵਾਂਗ ਉਤਾਂਹ ਨੂੰ ਬਾਹਾਂ ਕਰਕੇ ਉੱਚੀ ਉੱਚੀ ਕੂਕ ਰਹੇ ਸਨ। ਉਏ ਲੋਕੋ ਕੁੱਖ ਵਿੱਚ ਧੀ ਨਾ ਮਾਰਿਓ ਉਏ। ਨਹੀਂ ਤਾਂ ਸਾਡੇ ਵਾਂਗ ਪਾਪਾਂ ਦੇ ਭਾਗੀ ਬਣੋਗੇ ਸਾਰੀ ਜ਼ਿੰਦਗੀ ਪਛਤਾਓਗੇ। ਲੋਕੋ ਕੁੱਖ ਵਿੱਚ ਧੀ ਨਾ ਮਾਰਿਓ ਉਏ।
ਅਮਰਜੀਤ ਸਿੰਘ ਫੌਜੀ
-ਮੋਬਾ: 95011-27033

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ