Thursday, September 28, 2023  

ਲੇਖ

ਇਕੱਲਤਾ ਬੀਮਾਰੀਆਂ ਦੀ ਜਨਨੀ !

August 24, 2023

ਸਿਆਣੇ ਕਹਿੰਦੇ ਹਨ ‘ਇਕੱਲਾ ਤਾਂ ਕਦੇ ਰੁੱਖ ਵੀ ਨਾ ਹੋਏ’ । ਇਸਦਾ ਮਤਲਬ ਹੈ ਕਿ ਹਰ ਕੋਈ ਸਾਥ ਚਾਹੁੰਦਾ ਹੈ।ਜੇਕਰ ਰੁੱਖ ਨੂੰ ਸਾਥ ਚਾਹੀਦਾ ਹੈ ਤਾਂ ਮਨੁੱਖ ਇਕੱਲਾ ਕਿਵੇਂ ਰਹਿ ਸਕਦਾ ਹੈ। ਉਸਨੂੰ ਤਾਂ ਬੋਲਣ,ਸੋਚਣ ਅਤੇ ਸਮਝਣ ਦੀ ਸੋਝੀ ਕੁਦਰਤ ਨੇ ਦਿੱਤੀ ਹੋਈ ਹੈ।ਉਹ ਆਪਣੀ ਗੱਲ ਕਹਿ ਸਕਦਾ ਹੈ, ਆਪਣਾ ਦੁੱਖ, ਆਪਣੀ ਖੁਸ਼ੀ ਸਾਂਝੀ ਵੀ ਕਰ ਸਕਦਾ ਹੈ ਅਤੇ ਦੂਸਰੇ ਨੂੰ ਸੁਣ ਵੀ ਸਕਦਾ ਹੈ। ਇਸ ਕਰਕੇ ਉਸਦਾ ਇਕੱਲੇ ਰਹਿਣਾ ਜਾਂ ਉਸਨੂੰ ਇਕੱਲੇ ਰਹਿਣ ਲਈ ਮਜ਼ਬੂਰ ਕਰਨਾ,ਉਸ ਲਈ ਬਹੁਤ ਸਾਰੀਆਂ ਮੁਸੀਬਤਾਂ ਖੜੀਆਂ ਕਰ ਦਿੰਦਾ ਹੈ।ਹਾਂ, ਕਈ ਵਾਰ ਸਾਡਾ ਦਿਲ ਕੁੱਝ ਪਲ ਇਕੱਲੇ ਰਹਿਣ ਨੂੰ ਕਰਦਾ ਹੈ,ਆਪਣੇ ਨਾਲ ਗੱਲਾਂ ਕਰਨ ਨੂੰ ਕਰਦਾ ਹੈ।ਪਰ ਅਜਿਹਾ ਬਹੁਤ ਲੰਮੇ ਸਮੇਂ ਲਈ ਕੋਈ ਵੀ ਨਹੀਂ ਚਾਹੁੰਦਾ।ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ, ‘ਜਿੰਨ੍ਹਾਂ ਦਾ ਵਧੇਰੇ ਲੋਕਾਂ ਨਾਲ ਮੇਲ ਜੋਲ ਹੁੰਦਾ ਹੈ, ਉਹ ਬੀਮਾਰ ਘੱਟ ਪੈਂਦੇ ਹਨ ਅਤੇ ਜੇ ਬੀਮਾਰ ਪੈ ਵੀ ਜਾਣ ਤਾਂ ਜਲਦੀ ਠੀਕ ਹੋ ਜਾਂਦੇ ਹਨ।’ ਜਦੋਂ ਦਿਲ ਦੀਆਂ ਗੱਲਾਂ, ਚਾਹੇ ਉਹ ਖੁਸ਼ੀ ਵਾਲੀਆਂ ਹੋਣ ਜਾਂ ਗ਼ਮੀ ਵਾਲੀਆਂ ਸਾਂਝੀਆਂ ਕਰ ਲਈਆਂ ਜਾਂਦੀਆਂ ਹਨ ਤਾਂ ਇਲਾਜ ਹਲਕਾ ਅਤੇ ਚੈਨ ਜਿਹਾ ਆ ਜਾਂਦਾ ਹੈ।
ਜੇਕਰ ਅਸੀਂ ਇਕੱਲੇ ਰਹਿੰਦੇ ਹਾਂ ਜਾਂ ਦੂਸਰਿਆਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਤਾਂ ਵਧੇਰੇ ਕਰਕੇ ਨਾਂਹ ਪੱਖੀ ਵਿਚਾਰ ਭਾਰੂ ਹੋ ਜਾਂਦੇ ਹਨ।ਇੰਨੀ ਜ਼ਿਆਦਾ ਵਿਚਾਰਾਂ ਦੀ ਉਧੇੜ ਬੁਣ ਹੁੰਦੀ ਹੈ ਕਿ ਦਿਮਾਗ਼ ਥੱਕ ਜਾਂਦਾ ਹੈ ਅਤੇ ਸਿਰ ਭਾਰਾ ਹੋ ਜਾਂਦਾ ਹੈ।ਹੌਲੀ ਹੌਲੀ ਮਾਨਸਿਕ ਪ੍ਰੇਸ਼ਾਨੀਆਂ ਵਧਣ ਲੱਗ ਜਾਂਦੀਆਂ ਹਨ।ਰਾਤ ਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਹੈ ਅਤੇ ਸਰੀਰ ਥੱਕਿਆ ਥੱਕਿਆ ਰਹਿਣ ਲੱਗ ਜਾਂਦਾ ਹੈ।ਸਰੀਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਪੂਰੀ ਤੇ ਸਹੀ ਨੀਂਦ ਬੇਹੱਦ ਜ਼ਰੂਰੀ ਹੈ।ਨੀਂਦ ਦੀਆਂ ਗੋਲੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਨਾਲ ਦਿਨ ਵੇਲੇ ਵੀ ਆਲਸ ਬਣੀ ਰਹਿੰਦੀ ਹੈ। ਕਿਸੇ ਕੰਮ ਵਿੱਚ ਦਿਲ ਨਹੀਂ ਲੱਗਦਾ।ਦਿਲ ਉਦਾਸ ਰਹਿਣ ਲੱਗਦਾ ਹੈ ਅਤੇ ਬੇਚੈਨੀ ਹੋਣ ਲੱਗਦੀ ਹੈ। ਹਰ ਉਮਰ ਵਿੱਚ ਮਨੁੱਖ ਨੂੰ ਸਾਥ ਚਾਹੀਦਾ ਹੈ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਸਾਡੇ ਪਿੰਡ ਵਿੱਚ ਇਕ ਪਰਿਵਾਰ ਇਕੱਲਾ ਖੇਤਾਂ ਵਿੱਚ ਰਹਿੰਦਾ ਸੀ।ਮਾਪੇ ਸਾਰਾ ਦਿਨ ਕੰਮ ਕਰਦੇ ਰਹਿੰਦੇ। ਉਨ੍ਹਾਂ ਦੇ ਬੱਚੇ ਨੂੰ ਬੋਲਣਾ ਹੀ ਨਹੀਂ ਆਇਆ ਅਤੇ ਉਸ ਵਿੱਚ ਹੋਰ ਕਈ ਕਮੀਆਂ ਆ ਗਈਆਂ। ਬੱਚਿਆਂ ਨੂੰ ਖੇਡਣ ਲਈ ਸਾਥ ਬਹੁਤ ਜ਼ਰੂਰੀ ਹੈ।
ਨੌਜਵਾਨਾਂ ਵਿੱਚ ਵੀ ਵਧੇਰੇ ਕੰਮ ਕਰਕੇ ਅਤੇ ਲੈਪਟਾਪ ਤੇ ਰਹਿਣ ਕਰਕੇ, ਮਾਨਸਿਕ ਦਬਾਅ ਵੱਧ ਗਿਆ ਹੈ।ਨੌਜਵਾਨਾਂ ਵਿੱਚ ਸਹਿਣਸ਼ੀਲਤਾ ਦੀ ਬੇਹੱਦ ਘਾਟ ਹੈ।ਚਿੜਚਿੜਾਪਣ ਵੀ ਬਹੁਤ ਹੈ ਛੋਟੀ ਛੋਟੀ ਗੱਲ ਤੇ ਖਿਝਦੇ ਹਨ।ਪਹਿਲਾਂ ਪਰਿਵਾਰਾਂ ਵਿੱਚ ਹਾਸਾ ਠੱਠਾ ਚੱਲਦਾ ਸੀ, ਪਰ ਹੁਣ ਮਜ਼ਾਕ ਸਮਝਣ ਅਤੇ ਸਹਿਣ ਦੀ ਸ਼ਕਤੀ ਵੀ ਨਹੀਂ ਰਹੀ।ਖੁੱਲ ਕੇ ਹੱਸਣਾ ਵੀ ਗੁਨਾਹ ਹੋ ਗਿਆ ਅਤੇ ਇਕੱਠੇ ਬੈਠਣਾ ਵੀ। ਨਿੱਜਤਾ ਨੇ ਨੌਜਵਾਨ ਪੀੜ੍ਹੀ ਨੂੰ ਇਕੱਲਤਾ ਵੱਲ ਧਕੇਲ ਦਿੱਤਾ। ਸਾਦੀ ਜਿਹੀ ਜ਼ਿੰਦਗੀ ਅਤੇ ਸਾਦਾ ਜਿਹਾ ਰਹਿਣ ਸਹਿਣ ਸੀ ਤਾਂ ਲੋਕ ਵਧੇਰੇ ਖੁਸ਼ ਅਤੇ ਤੰਦਰੁਸਤ ਸਨ।
ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹ ਵੀ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਕੱਲਤਾ ਭੋਗ ਰਹੇ ਹਨ।ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦਾ ਰਹਿਣ ਸਹਿਣ ਅਤੇ ਤੌਰ ਤਰੀਕੇ ਪਸੰਦ ਨਹੀਂ ਆਉਂਦੇ।ਇਹ ਹਾਲਾਤ ਪੜ੍ਹੇ ਲਿਖੇ ਅਤੇ ਚੰਗੀਆਂ ਨੌਕਰੀਆਂ ਤੋਂ ਰਿਟਾਇਰ ਹੋਏ ਬਜ਼ੁਰਗਾਂ ਦੇ ਵੀ ਹਨ। ਘਰ ਵਿੱਚ ਜੇਕਰ ਮਹਿਮਾਨ ਆਉਂਦੇ ਹਨ ਤਾਂ ਮਾਪਿਆਂ ਨੂੰ ਉਨ੍ਹਾਂ ਦੇ ਸਾਹਮਣੇ ਆਉਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।ਇੰਜ ਹੀ ਨੂੰਹਾਂ ਪੁੱਤ ਵਧੇਰੇ ਕਰਕੇ ਬਾਹਰ ਪਾਰਟੀਆਂ ਕਰਦੇ ਹਨ ਅਤੇ ਮਾਪੇ ਘਰ ਬੈਠੇ ਨੂਰ ਦੇ ਰਹਿੰਦੇ ਹਨ। ਮਾਪਿਆਂ ਨੂੰ ਬਾਹਰ ਜਾਣ ਤੋਂ ਵੀ ਬਹੁਤ ਵਾਰ ਮਨ੍ਹਾਂ ਕੀਤਾ ਜਾਂਦਾ ਹੈ। ਬਜ਼ੁਰਗਾਂ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦਾ ਘਰ ਵਿੱਚ ਆਉਣਾ ਵੀ ਕੋਈ ਪਸੰਦ ਨਹੀਂ ਕਰਦਾ। ਜਦੋਂ ਨੂੰਹਾਂ ਪੁੱਤਾਂ ਨੱਕ ਮੂੰਹ ਵੱਟਦੇ ਹਨ ਤਾਂ ਬਜ਼ੁਰਗਾਂ ਨੂੰ ਮਿਲਣ ਆਉਣ ਵਾਲੇ ਵੀ ਆਉਣਾ ਪਸੰਦ ਨਹੀਂ ਕਰਦੇ। ਇੰਜ ਇਕੱਲੇ ਰਹਿਣ ਨਾਲ ਬਜ਼ੁਰਗਾਂ ਨੂੰ ਵੀ ਡਿਪਰੈਸ਼ਨ ਅਤੇ ਹੋਰ ਦਿਮਾਗੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬਜ਼ੁਰਗ ਬੀਮਾਰ ਰਹਿਣ ਲੱਗ ਜਾਂਦੇ ਹਨ ਅਤੇ ਹਸਪਤਾਲਾਂ ਦੇ ਚੱਕਰ ਆਏ ਦਿਨ ਲੱਗਣ ਲੱਗ ਜਾਂਦੇ ਹਨ। ਪੈਸਾ ਅਤੇ ਸਮਾਂ ਦੋਨੋਂ ਲੱਗਦੇ ਹਨ ਅਤੇ ਘਰ ਵਿੱਚ ਮਾਹੌਲ ਵੀ ਖਰਾਬ ਹੋਣ ਲੱਗਦਾ ਹੈ। ਕਈ ਵਾਰ ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ।
ਇਕੱਲਤਾ ਹਰ ਉਮਰ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦਿੰਦੀ ਹੈ।ਚੰਗਾ ਤਾਂ ਇਹ ਹੈ ਕਿ ਬੱਚਿਆਂ ਨੂੰ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ ਦਿੱਤਾ ਜਾਵੇ।ਨੌਜਵਾਨ ਵਿਖਾਵੇ ਅਤੇ ਫੁਕਰੇਪਣ ਤੋਂ ਬਾਹਰ ਨਿਕਲਕੇ ਸਾਦੀ ਤੇ ਸਰਲ ਜ਼ਿੰਦਗੀ ਜਿਊਣ ਤਾਂ ਕਿ ਮਾਨਸਿਕ ਦਬਾਅ ਨਾ ਪਵੇ।ਇਹ ਹਕੀਕਤ ਹੈ ਕਿ ਜਿਹੜੇ ਆਪਣੇ ਮਾਪਿਆਂ ਕੋਲ ਬੈਠਦੇ ਹਨ,ਚਾਹੇ ਉਮਰ ਕੋਈ ਵੀ ਹੋਵੇ, ਉਹ ਦਬਾਅ ਮੁਕਤ ਰਹਿੰਦੇ ਹਨ। ਜਿਹੜਾ ਮਾਪਿਆਂ ਨਾਲ ਸਮਾਂ ਬਿਤਾਉਂਦੇ ਹਨ, ਉਹ ਕਦੇ ਵੱਡੇ ਨਹੀਂ ਹੁੰਦੇ ਅਤੇ ਮਾਪੇ ਕਦੇ ਬਜ਼ੁਰਗ ਨਹੀਂ ਹੁੰਦੇ।ਬਜ਼ੁਰਗਾਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇਣੀ ਚਾਹੀਦੀ ਹੈ। ਘਰ ਤੋਂ ਬਾਹਰ ਅਤੇ ਦੋਸਤਾਂ ਮਿੱਤਰਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।ਅਖਬਾਰਾਂ, ਕਿਤਾਬਾਂ ਜਾਂ ਆਪਣੇ ਮਨਪਸੰਦ ਕੰਮ ਕਰਨੇ ਚਾਹੀਦੇ ਹਨ।ਘਰ ਵਿੱਚ ਕੋਈ ਵੀ ਆਏ ਸੱਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਮਿਲਾਉ।ਆਸ਼ੀਰਵਾਦ ਵੀ ਦੇਣਗੇ, ਖੁਸ਼ ਵੀ ਹੋਣਗੇ।ਜਦੋਂ ਘਰ ਵਿੱਚ ਬੀਮਾਰੀ ਨਹੀਂ ਹੋਏਗੀ, ਮਾਨਸਿਕ ਪ੍ਰੇਸ਼ਾਨੀ ਨਹੀਂ ਹੋਏਗੀ ਤਾਂ ਘਰ ਦਾ ਮਾਹੌਲ ਖੁਸ਼ਗਵਾਰ ਹੋਏਗਾ। ਇਕੱਲਤਾ ਬਹੁਤ ਸਾਰੀਆਂ ਬੀਮਾਰੀਆਂ ਦੀ ਜਨਨੀ ਹੈ ਕਹਿਣਾ ਗਲਤ ਨਹੀਂ ਹੈ।
ਪ੍ਰਭਜੋਤ ਕੌਰ
-ਮੋਬਾ: 9815030221

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ