Thursday, September 28, 2023  

ਲੇਖ

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ..

September 12, 2023

.ਅੱਜ ਅਸੀਂ ਸਾਰਾਗੜ੍ਹੀ ਦੀ ਲੜਾਈ ਦੀ 126ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਜੋ ਇਤਿਹਾਸ ਦੀ ਸਭ ਤੋਂ ਮਹਾਨ ਆਖਰੀ ਲੜਾਈਆਂ ਵਿੱਚੋਂ ਇੱਕ ਹੈ, ਜੋ ਕਿ 12 ਸਤੰਬਰ, 1897 ਨੂੰ ਬਿ੍ਰਟਿਸ਼ ਭਾਰਤੀ ਫੌਜ ਦੇ 21 ਸਿੱਖ ਸਿਪਾਹੀਆਂ ਦੁਆਰਾ ਪਾਕਿਸਤਾਨ ਦੇ ਖੈਬਰ ਦੀ ਸਮਾਣਾ ਘਾਟੀ ਵਿੱਚ 10,000 ਅਫਗਾਨਾਂ ਵਿਰੁੱਧ ਲੜੀ ਗਈ ਸੀ। ਇਸ ਲੜਾਈ ਦੌਰਾਨ 36 ਸਿੱਖ ਰੈਜੀਮੈਂਟ ਦੇ ਸਾਰੇ 21 ਸਿਪਾਹੀ ਬੇਮਿਸਾਲ ਦਲੇਰੀ ਅਤੇ ਬੇਮਿਸਾਲ ਬਹਾਦਰੀ ਨਾਲ ਅਫਗਾਨ ਭੀੜ ਵਿਰੁੱਧ ਆਪਣੇ ਆਖਰੀ ਸਾਹ ਤੱਕ ਲੜਦੇ ਰਹੇ ਅਤੇ ਸੁਪਰਹੀਰੋ ਬਣ ਕੇ ਸ਼ਹੀਦ ਹੋਏ।
ਸਾਰਾਗੜ੍ਹੀ ਸਮਾਣਾ ਰੇਂਜ (ਆਧੁਨਿਕ ਪਾਕਿਸਤਾਨ) ਦੇ ਨਾਲ ਕੋਹਾਟ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਸੀ। ਬਿ੍ਰਟਿਸ਼ ਪਖਤੂਨਖਵਾ ਖੇਤਰ ’ਤੇ ਕਬਜ਼ਾ ਕਰਨ ਵਿਚ ਸਫਲ ਰਹੇ, ਹਾਲਾਂਕਿ ਉਨ੍ਹਾਂ ਨੂੰ ਬਾਗੀ ਪਸ਼ਤੂਨਾਂ ਦੇ ਹਮਲਿਆਂ ਦਾ ਖ਼ਤਰਾ ਸੀ। ਸਾਰਾਗੜ੍ਹੀ , ਫੋਰਟ ਲਾਕਹਾਰਟ ਅਤੇ ਫੋਰਟ ਗੁਲਿਸਤਾਨ ਦੇ ਵਿਚਕਾਰ ਇੱਕ ਸੰਚਾਰ ਚੌਕੀ ਵਜੋਂ ਕੰਮ ਕਰਦਾ ਸੀ, ਜੋ ਕਿ ਉੱਤਰ-ਪੱਛਮੀ ਸੈਕਟਰ ਵਿੱਚ ਬਿ੍ਰਟਿਸ਼ ਭਾਰਤੀ ਫੌਜ ਲਈ ਹੈੱਡਕੁਆਰਟਰ ਵਜੋਂ ਕੰਮ ਕਰਦਾ ਸੀ। ਇਹ ਦੋਵੇਂ ਕਿਲੇ ਇੱਕ ਦੂਜੇ ਤੋਂ ਕੁਝ ਮੀਲ ਦੀ ਦੂਰੀ ’ਤੇ ਹੋਣ ਦੇ ਬਾਵਜੂਦ ਦਿਖਾਈ ਨਹੀਂ ਦਿੰਦੇ ਸਨ।
12 ਸਤੰਬਰ 1897 ਨੂੰ ਹਜ਼ਾਰਾਂ ਪਠਾਣਾਂ ਨੇ ਇਸ ਸਾਰਾਗੜ੍ਹੀ ਚੌਕੀ ’ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਚੌਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲ੍ਹਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ ਨੇ ਸਾਰਾਗੜ੍ਹੀ ਨਾਲ ਸੰਪਰਕ ਪੈਦਾ ਕੀਤਾ, ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਤੋਂ ਪਹਿਲਾਂ ਸੰਨ 1897 ਦੀ 3 ਸਤੰਬਰ ਅਤੇ 9 ਸਤੰਬਰ ਨੂੰ ਗੁਲਿਸਤਾਨ ਚੌਕੀ ’ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਨਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਨੂੰ ਦੇਖਦਿਆਂ ਹੋਇਆਂ ਬਦਲਾ ਲੈਣ ਲਈ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੇ ਸਾਰਾਗੜ੍ਹੀ ਚੌਕੀ ’ਤੇ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ 6 ਘੰਟਿਆਂ ਦੀ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ।
ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜ੍ਹੀ ਦੀ ਚੌਕੀ ’ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿੱਚ ਹਮਲਾ ਕਰ ਦਿੱਤਾ ਹੈ। ਕਮਾਂਡਰ ਦੇ ਹੁਕਮ ਨਾਲ ਇਨ੍ਹਾਂ ਸਿਪਾਹੀਆਂ ਨੇ ਜਵਾਬ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਚੌਕੀ ਤੋਂ ਬਾਹਰ ਆ ਕੇ ਪਠਾਣਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜ੍ਹੀ ਚੌਕੀ ਦੇ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਅਤੇ ਗੋਲਾ-ਬਾਰੂਦ ਮੰਗਿਆ, ਪਰ ਚੌਕੀ ਦੇ ਅੰਦਰ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਉਣੀ ਮੁਸ਼ਕਲ ਸੀ। ਅਜੇ ਉਨ੍ਹਾਂ ਨੇ ਦੁਸ਼ਮਣ ਦੇ ਕੁਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਅਤੇ ਲਾਭ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜੀਵਨ ਸਿੰਘ ਅਤੇ ਲਾਭ ਸਿੰਘ ਨੇ ਭਗਵਾਨ ਸਿੰਘ ਦੀ ਲਾਸ਼ ਚੁੱਕ ਕੇ ਚੌਕੀ ਵਿੱਚ ਰੱਖ ਲਈ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ’ਤੇ ਨਹੀਂ ਡਿੱਗ ਪਿਆ। ਸਿੱਖ ਬਹਾਦਰ ਸਿਪਾਹੀਆਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਾਕ ‘‘ਸਵਾ ਲਾਖ ਸੇ ਏਕ ਲੜਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ’’ ਨੂੰ ਸੱਚ ਕਰਕੇ ਦਿਖਾਇਆ।
ਇਸ ਹਾਲਤ ਵਿੱਚ ਵੀਰ ਸੈਨਿਕ ਇਕ ਤੋਂ ਬਾਅਦ ਇਕ ਸ਼ਹੀਦ ਹੁੰਦੇ ਗਏ ਅਤੇ ਜਦ ਗੋਲਾ ਬਾਰੂਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਤਲਵਾਰਾਂ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਾਰ ਨਿਸ਼ਾਨੇਬਾਜ਼ੀ ਅਤੇ ਉਨ੍ਹਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵਜੋਂ ਸਾਰਾਗੜ੍ਹੀ ਚੌਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤੇ ਚੌਕੀ ਦੀ ਇਕ ਕੰਧ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਿਪਾਹੀ ਇਕ-ਇਕ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ ਜੋ ਕਿ ਖ਼ਬਰ ਦੇਣ ਦਾ ਇਕੋ-ਇਕ ਵਸੀਲਾ ਸੀ, ਨੇ ਕਿਲੇ ਦੇ ਕਮਾਂਡਰ ਨੂੰ ਕਿਲੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ। ਕੁਝ ਸਮੇਂ ਬਾਅਦ ਇਨ੍ਹਾਂ ਫੌਜੀਆਂ ਦਾ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤੇ ਉਸ ਦੇ ਆਲੇ-ਦੁਆਲੇ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜ੍ਹੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿੱਥੋਂ ਦੁਸ਼ਮਣ ਚੌਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰਿੰਗ ਰੇਂਜ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੇੜੇ ਕੀਤਾ ਅਤੇ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਇਸ ਉਪਰੰਤ ਖਾਮੋਸ਼ੀ ਛਾ ਗਈ ਅਤੇ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰਕੇ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।
ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਮ ਹਵਲਦਾਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੱਧ ਸਿੰਘ, ਸਾਹਿਬ ਸਿੰਘ, ਉੱਤਮ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਜੀਵਨ ਸਿੰਘ, ਰਾਮ ਸਿੰਘ, ਹੀਰਾ ਸਿੰਘ, ਦਇਆ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਬੂਟਾ ਸਿੰਘ, ਜੀਵਨ ਸਿੰਘ, ਅਨੰਦ ਸਿੰਘ ਅਤੇ ਭਗਵਾਨ ਸਿੰਘ ਹਨ। ਇਹਨਾਂ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਸਹਿਬ ਵਿਖੇ 12 ਸਤੰਬਰ ਨੂੰ ਦੀਵਾਨ ਸਜਾਏ ਜਾਂਦੇ ਹਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਸਾਰਾਗੜ੍ਹੀ ਦੇ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਕੋਟਿਨ-ਕੋਟਿ ਪ੍ਰਣਾਮ।
ਲਲਿਤ ਗੁਪਤਾ
-ਮੋਬਾ: 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ