Thursday, September 28, 2023  

ਲੇਖ

ਘਰ ਪਰਿਵਾਰ ਤੇ ਜ਼ਿੰਮੇਵਾਰੀਆਂ

September 12, 2023

ਪਰਿਵਾਰ ਵਿੱਚ ਰਹਿੰਦੇ ਹੋਏ ਕੁਦਰਤੀ ਤੌਰ ਤੇ ਹਰੇਕ ਵਿਅਕਤੀ ਦੀ ਜਿੰਮੇਵਾਰੀ ਤੈਅ ਹੁੰਦੀ ਹੈ। ਜੇਕਰ ਪਰਿਵਾਰ ਦਾ ਹਰ ਵਿਅਕਤੀ ਆਪਣੀ ਜਿੰਮੇਵਾਰੀ ਚੰਗੀ ਸੂਝ-ਬੂਝ ਅਤੇ ਕੁਸ਼ਲਤਾ ਨਾਲ ਨਿਭਾਏ ਤਾਂ ਪਰਿਵਾਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸਾ ਆਪਣੇ ਆਪ ਹੋਣ ਲੱਗ ਪੈਦਾ ਹੈ। ਪਰਿਵਾਰ ਵਿੱਚ ਚੰਗਾ ਮਾਹੌਲ ਬਣਿਆ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਮੈਂਬਰ ਅਨੁਸ਼ਾਸਨ ਵਿੱਚ ਅਤੇ ਪਰਿਵਾਰ ਪ੍ਰਤੀ ਗੰਭੀਰ ਰਹਿਣ । ਜਿਸ ਪਰਿਵਾਰ ਵਿੱਚ ਚਲਾਕੀ, ਹੇਰਾ-ਫੇਰੀ, ਆਪੋ - ਧਾਰ ਆਦਿ ਆ ਜਾਵੇ , ਸਮਝ ਲਵੋ ਉਸ ਪਰਿਵਾਰ ਦਾ ਪਤਨ (ਟੁੱਟਣ) ਦੇ ਦਿਨ ਸ਼ੁਰੂ ਹੋ ਗਏ। ਪਰਿਵਾਰ ਨੂੰ ਸਹੀ ਤਰੀਕੇ ਚਲਾਉਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਖਾਸ ਤੌਰ ’ਤੇ ਪਰਿਵਾਰ ਦੇ ਮੁੱਖੀ ’ਤੇ ਨਿਰਭਰ ਕਰਦਾ ਹੈ।
ਪਰਿਵਾਰ ਦੇ ਜੀਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਫਰਜਾਂ ਨੂੰ ਵੀ ਉਨੀ ਹੀ ਅਹਿਮੀਅਤ ਦੇਣ ਜਿੰਨੀ ਕਿ ਆਪਣੀਆ ਲੋੜਾਂ ਤੇ ਖਾਹਿਸ਼ਾ ਨੂੰ ਦਿੰਦੇ ਹਨ । ਪਰਿਵਾਰ ਦੇ ਜੀਆਂ ਦੀਆਂ ਲੋੜਾਂ ਦੀ ਪੂਰਤੀ ਵਿੱਚ ਪੱਖਪਾਤ ਨਹੀਂ ਹੋਣਾ ਚਾਹੀਦਾ। ਪਰਿਵਾਰ ਦੇ ਹਰੇਕ ਵਿਅਕਤੀ ਨੂੰ ਉਸਦੀ ਸੋਚ ਅਨੁਸਾਰ ਚੰਗਾ ਖਾਣ-ਪੀਣ, ਪਹਿਨਣ, ਘੁੰਮਣ-ਫਿਰਨ ਦੀ ਜਾਇਜ ਹੱਦ ਤੱਕ ਖੁੱਲ੍ਹ ਹੋਣੀ ਚਾਹੀਦੀ ਹੈ। ਅਕਸਰ ਜਦੋਂ ਬਚਪਨ ਵਿੱਚ ਬੱਚੇ ਆਪਣੇ ਮਾਪਿਆ ਅੱਗੇ ਕੋਈ ਮੰਗ ਰੱਖਦੇ ਹਨ ਤਾਂ ਮਾਪੇ ਕਹਿ ਦੇੰਦੇ ਹਨ ਕਿ ਪੜ? ਲਿਖ ਕੇ ਵੱਡੇ ਹੋ ਜਾਉ ਤੇ ਫਿਰ ਆਪਣੀ ਮਰਜੀ ਦਾ ਖਾ ਪਹਿਨ ਤੇ ਘੁੰੰਮ ਫਿਰ ਲੈਣਾ। ਵੱਡੇ ਹੋਣ ਤੇ ਵਿਆਹ - ਸਾਦੀ ਬੱਚਿਆਂ ਦੀ ਜਿੰਮੇਵਾਰੀ ਘਰ ਗ੍ਰਹਿਸਥੀ ਰੋਜੀ-ਰੋਟੀ ਦਾ ਫ਼ਿਕਰ ਆਦਿ ਇਨਸਾਨ ਨੂੰ ਘੇਰ ਲੈਦੇ ਹਨ। ਮਨੁੱਖ ਉਸ ਦਿਨ ਦੀ ਉਡੀਕ ਕਰਦਾ ਹੈ ਕਿ ਉਹ ਕਦੋਂ ਇਹਨਾਂ ਜਿੰਮੇਵਾਰੀਆਂ ਤੋੰ ਫਾਰਗ ਹੋਵੇਗਾ ਅਤੇ ਆਪਣੀ ਜ਼ਿੰਦਗੀ ਆਪਣੀ ਸੋਚ ਅਨੁਸਾਰ ਜੀਉਗਾ। ਜਦ ਕਿ ਜ਼ਿੰਦਗੀ ਦੀ ਸਚਿਆਈ ਇਹ ਹੈ ਕਿ ਮਨੁੱਖ ਆਪਣੇ ਜੀਵਨ ਵਿੱਚ ਜਿੰਮੇਵਾਰੀਆਂ ਤੋਂ ਕਦੀ ਵੀ ਮੁਕਤ ਨਹੀਂ ਹੋ ਪਾਉਂਦਾ। ਸਮੇਂ-ਸਮੇਂ ਅਨੁਸਾਰ ਜਿੰਮੇਵਾਰੀਆਂ ਬਦਲਦੀਆਂ ਜਾਦੀਆਂ ਹਨ। ਇਨਸਾਨ ਲਈ ਜਰੂਰੀ ਇਹ ਹੈ ਕਿ ਜਿੰਦਗੀ ਨੂੰ ਸੰਤੁਲਨ (ਬੈਲਸ) ਵਿੱਚ ਜੀਆਂ ਜਾਵੇ। ਜ਼ਿੰਦਗੀ ਵਿੱਚ ਜਿੰਮੇਵਾਰੀਆ ਨਭਾਉਣ ਅਤੇ ਮਿਹਨਤ ਕਰਨ ਦੇ ਨਾਲ-ਨਾਲ ਉਹ ਕੰਮ ਵੀ ਕੀਤੇ ਜਾਣ ਜੋ ਤੁਹਾਨੂੰ ਮਾਨਸਿਕ ਖੁਸ਼ੀ ਦੇਣ। ਮਨੁੱਖ ਅਕਸਰ ਇਹ ਸੋਚ ਲੈਦਾ ਹੈ ਕਿ ਉਹ ਬੁਢਾਪੇ ਵਿੱਚ ਜਿੰਮੇਵਾਰੀਆ ਤੋਂ ਮੁਕਤ ਹੋ ਕੇ ਆਪਣੀ ਮਰਜੀ ਅਨੁਸਾਰ ਜੀਵਨ ਜਿਉਗਾ , ਖਾਵੇ ਪੀਵੇਗਾ ਅਤੇ ਘੁੰਮੇ ਫਿਰੇਗਾ। ਉਹ ਬੁਢਾਪੇ ਤੱਕ ਪਹੁੰਚੇਗਾ ਜਾ ਨਹੀਂ , ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ । ਸੋ ਜ਼ਰੂਰੀ ਹੈ ਕਿ ਜਿੰਦਗੀ ਦੇ ਹਰ ਪਲ ਤੇ ਜੀਵਨ ਦਾ ਆਨੰਦ ਲਿਆ ਜਾਵੇ। ਇਸ ਦੇ ਲਈ ਘਰ ਵਿੱਚ ਪਿਆਰ ਭਰਿਆ ਤਣਾਉ ਰਹਿਤ ਮਾਹੋਲ ਹੋਣਾ ਬਹੁਤ ਜਰੂਰੀ ਹੈ। ਜਿਸ ਘਰ ਵਿੱਚ ਬੌਲਣ ਦੀ ਖੁੱਲ੍ਹ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਹੋਵੇਗੀ ।
ਉਸ ਘਰ ਵਿੱਚ ਈਰਖਾ ਨਫ਼ਰਤ ਦੀ ਗੁੰਜਾਇਸ਼ ਘੱਟ ਰਹਿੰਦੀ ਹੈ। ਘਰ ਦਾ ਮਾਹੌਲ ਇਸ ਤਰਾ ਦਾ ਨਹੀਂ ਹੋਣਾ ਚਾਹੀਦਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਇਹ ਲੱਗੇ ਕਿ ਇੱਥੇ ਸਾਡੀ ਜ਼ਿੰਦਗੀ ਗੁਲਾਮਾਂ ਵਰਗੀ ਹੈ। ਆਜਾਦੀ ਦਾ ਮਤਲਬ ਲਾਪ੍ਰਵਾਹੀ ਅਤੇ ਗੈਰ-ਜਿੰਮੇਵਾਰੀ ਨਹੀਂ। ਸਗੋਂ ਤਰੱਕੀ ਕਰਨ ਅਗਾਂਹ ਵਧਣ ਦੇ ਮੋਕੇ ਤੇ ਖੁੱਲ ਹੈ। ਇਸ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਹਰੇਕ ਵਿਅਕਤੀ ਵਾਸਤੇ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਉਹ ਆਪਣੀ ਪਰਿਵਾਰਕ ਸਮਾਜਿਕ ਅਤੇ ਮਾਲੀ ਹਲਤ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਹੋਏ ਪਰਿਵਾਰਕ ਹਿੱਤ ਵਿੱਚ ਕੰਮ ਕਰੇ ਨਾ ਕਿ ਕੁਝ ਅਜਿਹਾ ਕਰੇ ਜਿਸ ਨਾਲ ਪਰਿਵਾਰ ਨੂੰ ਮੁਸੀਬਤ ਤੇ ਜੀਲਤ ਝੱਲਣੀ ਪਵੇ। ਪਰਿਵਾਰ ਦਾ ਵਿਸਵਾਸ਼ ਹਮੇਸ਼ਾਂ ਕਾਇਮ ਰੱਖੋ ਤਾਂ ਜੋ ਪਰਿਵਾਰ ਤੁਹਾਡੇ ਤੇ ਮਾਣ ਕਰ ਸਕੇ ਅਤੇ ਤੁਸੀਂ ਹੋਰਾਂ ਲਈ ਮਾਰਗ ਦਰਸ਼ਕ ਬਣ ਸਕੋ।
ਗੁਰਿੰਦਰ ਕਲੇਰ
-ਮੋਬਾ: 9914538888

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ