ਅੱਜ ਭਾਵੇਂ ਦੁਨੀਆਂ ਭਰ ਵਿੱਚ ਅੰਗਰੇਜ਼ੀ ਭਾਸ਼ਾ ਪ੍ਰਚਲਤ ਹੈ ਪਰ ਭਾਰਤੀਆਂ ਲਈ ਹਿੰਦੀ ਭਾਸ਼ਾ ਦੀ ਥਾਂ ਕਿਸੇ ਹੋਰ ਭਾਸ਼ਾ ਨੂੰ ਨਹੀਂ ਲਿਆ ਜਾ ਸਕਦਾ । ਹਿੰਦੀ ਨੂੰ 14 ਸਤੰਬਰ 1949 ਨੂੰ ਰਾਜਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ । ਬਿਓਹਾਰ ਰਾਜੇਂਦਰ ਸਿਮਹਾ ਦੇ 50ਵੇਂ ਜਨਮ-ਦਿਨ (14-09-1949) ਨੂੰ, ਹਿੰਦੀ ਨੂੰ ਭਾਰਤੀ ਗਣਤੰਤਰ ਦੀ ਇਕ ਸਰਕਾਰੀ ਭਾਸ਼ਾ ਵਜੋਂ ਅਪਣਾਇਆ ਗਿਆ। ਉਦੋਂ ਤੋਂ, ਹਰ ਸਾਲ ਇਸ ਤਾਰੀਖ ਨੂੰ ‘ਹਿੰਦੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਅਸੀਂ ਸਾਰੇ ਅੰਗਰੇਜ਼ੀ , ਫਰੈਂਚ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਸਿੱਖਣ ਵਿੱਚ ਇੰਨੇ ਵਿਅਸਤ ਹੋ ਗਏ ਹਾਂ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦੀ ਮਹੱਤਤਾ ਕੀ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ।
ਹਰ ਸਾਲ 14 ਸਤੰਬਰ ਨੂੰ ਸਾਰੇ ਭਾਰਤ ਅਤੇ ਸੰਸਾਰ ਦੇ ਜਿਸ ਕੋਨੇ ਵਿੱਚ ਭਰਤੀ ਵਸੇ ਹੋਏ ਹਨ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਹਿੰਦੀ ਅੰਗਰੇਜ਼ੀ, ਸਪੈਨਿਸ਼ ਅਤੇ ਮੰਦਾਰਿਨ ਤੋਂ ਬਾਅਦ ਦੁਨੀਆ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਹਰ ਸਾਲ ਹਿੰਦੀ ਦਿਵਸ ’ਤੇ ਭਾਰਤ ਦੇ ਰਾਸ਼ਟਰਪਤੀ ਭਾਸ਼ਾ ਪ੍ਰਤੀ ਯੋਗਦਾਨ ਲਈ ਲੋਕਾਂ ਨੂੰ ਰਾਜਭਾਸ਼ਾ ਪੁਰਸਕਾਰ ਨਾਲ ਸਨਮਾਨਿਤ ਕਰਦੇ ਹਨ। ਭਾਰਤ ਵਿੱਚ ਹਿੰਦੀ ਭਾਸ਼ਾ ਦਾ ਇਤਿਹਾਸ ਇੰਡੋ-ਯੂਰਪੀਅਨ ਭਾਸ਼ਾ ਪਰਿਵਾਰ ਦੇ ਇੰਡੋ-ਆਰੀਅਨ ਸ਼ਾਖਾ ਤੋਂ ਮਿਲਦਾ ਹੈ। ਦੱਸ ਦੇਈਏ ਕਿ ਦੇਵਨਾਗਰੀ ਲਿਪੀ ਵਿੱਚ ਭਾਰਤ ਦੀਆਂ ਅਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਵਜੋਂ ਲਿਖਿਆ ਗਿਆ ਹੈ। ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਭਾਸ਼ਾ ਬਾਰੇ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਲਈ ਇੱਕ ਵੱਡੀ ਚੁਣੌਤੀ ਸੀ ਕਿ ਉਹ ਇੱਕ ਭਾਸ਼ਾ ਨੂੰ ਭਾਰਤ ਦੀ ਰਾਜਭਾਸ਼ਾ ਵਜੋਂ ਚੁਣਿਆ ਜਾਵੇ।6 ਦਸੰਬਰ 1946 ਵਿੱਚ ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ। 26 ਨਵੰਬਰ 1949 ਨੂੰ ਸੰਵਿਧਾਨ ਦੇ ਅੰਤਮ ਖਰੜੇ ਨੂੰ ਸੰਵਿਧਾਨ ਸਭਾ ਨੇ ਪ੍ਰਵਾਨਗੀ ਦਿੱਤੀ ਸੀ, ਜਿਸ ਤੋਂ ਬਾਅਦ ਸੁਤੰਤਰ ਭਾਰਤ ਦਾ ਸੰਵਿਧਾਨ 26 ਜਨਵਰੀ 1950 ਤੋਂ ਲਾਗੂ ਹੋ ਗਿਆ ਸੀ, ਪਰ ਉਸ ਸਮੇਂ ਇੱਕ ਵੱਡਾ ਪ੍ਰਸ਼ਨ ਸੀ ਕਿ ਕਿਹੜੀ ਭਾਸ਼ਾ ਨੂੰ ਰਾਜਭਾਸ਼ਾ ਕਿਹਾ ਜਾਵੇ? ਜਿਸ ਤੋਂ ਬਾਅਦ ਬਹੁਤ ਸੋਚ ਵਿਚਾਰ ਕੀਤੀ ਗਈ, ਫਿਰ ਹਿੰਦੀ ਅਤੇ ਅੰਗਰੇਜ਼ੀ ਨੂੰ ਨਵੀਂ ਕੌਮ ਦੀਆਂ ਭਾਸ਼ਾਵਾਂ ਚੁਣਿਆ ਗਿਆ ਸੀ। ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਬਿ੍ਰਟਿਸ਼ ਦੇ ਨਾਲ-ਨਾਲ ਰਾਸ਼ਟਰ ਦੀ ਸਰਕਾਰੀ ਭਾਸ਼ਾ ਮੰਨ ਲਿਆ ਸੀ, ਪਰ ਫਿਰ 14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇੱਕ ਵੋਟ ਨਾਲ ਫੈਸਲਾ ਲਿਆ ਕਿ ਹਿੰਦੀ ਭਾਰਤ ਦੀ ਰਾਜਭਾਸ਼ਾ ਹੋਵੇਗੀ। ਭਾਰਤ ਦੇ ਸੰਵਿਧਾਨ ਦੇ ਅਧਿਆਇ 17 ਦੀ ਧਾਰਾ 343 (1) ਕਹਿੰਦੀ ਹੈ ਕਿ “ਸੰਘ ਦੀ ਸਰਕਾਰੀ ਭਾਸ਼ਾ ਹਿੰਦੀ ਅਤੇ ਲਿੱਪੀ ਦੇਵਨਾਗਰੀ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ 1918 ਵਿੱਚ ਹਿੰਦੀ ਸਾਹਿਤ ਸੰਮੇਲਨ ਵਿੱਚ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਲਈ ਪਹਿਲ ਕੀਤੀ ਸੀ। ਗਾਂਧੀ ਜੀ ਨੇ ਹਿੰਦੀ ਨੂੰ ਜਨਤਾ ਦੀ ਭਾਸ਼ਾ ਵੀ ਦੱਸਿਆ ਸੀ । ਜਦੋਂ ਹਿੰਦੀ ਭਾਸ਼ਾ ਨੂੰ ਦੇਸ਼ ਦੀ ਰਾਜਭਾਸ਼ਾ ਵਜੋਂ ਚੁਣਿਆ ਗਿਆ ਸੀ, ਉਸ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਇਸ ਦਿਨ ਦੀ ਮਹੱਤਤਾ ਨੂੰ ਵੇਖਦਿਆਂ 14 ਸਤੰਬਰ ਨੂੰ ਹਰ ਸਾਲ ਹਿੰਦੀ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਭਾਰਤ ਵਿੱਚ ਪਹਿਲਾ ਹਿੰਦੀ ਦਿਵਸ 14 ਸਤੰਬਰ 1953 ਨੂੰ ਮਨਾਇਆ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਿੰਦੀ ਦਿਵਸ ਭਾਰਤ ਦੇ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫਤਰਾਂ ਵਿੱਚ 14 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।
ਗੁਰਿੰਦਰ ਕਲੇਰ
-ਮੋਬਾ: 9463086077