Saturday, July 27, 2024  

ਲੇਖ

ਭਾਰਤ ਦਾ ਸੰਵਿਧਾਨ ਬਦਲਣ ਲਈ ਭਾਜਪਾ ਕਾਹਲੀ

September 13, 2023

ਮਹਾਨ ਦੇਸ਼ ਭਗਤ, ਗਦਰੀ ਬਾਬੇ ਅਤੇ ਸੂਰਵੀਰ ਸ਼ਹੀਦਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਅੰਗਰੇਜ਼ ਸਾਮਰਾਜ ਦਾ ਗੁਲਾਮੀ ਵਾਲਾ ਜ਼ੂਲਾ ਲਾਹ ਕੇ ਆਜ਼ਾਦ ਹੋਏ ਇੰਡੀਆ (ਭਾਰਤ) ਦੇ ਮਹਾਂਪੁਰਸ਼, ਸਰਵਉੱਚ ਬੁੱਧੀਜੀਵੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਯੋਗ ਰਹਿਨੁਮਾਈ ਬਦੌਲਤ ਦੇਸ਼ ਲਈ ਬਹੁਤ ਹੀ ਪਵਿੱਤਰ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਅਤੇ ਇਸ ਸੰਵਿਧਾਨ ਨੂੰ ਆਜ਼ਾਦ ਭਾਰਤ ਦੀ ਪਲੇਠੀ ਸਰਕਾਰ ਵਲੋਂ ਸਰਬ ਸੰਮਤੀ ਨਾਲ ਸਵੀਕਾਰ ਕਰਦੇ ਹੋਏ 26 ਜਨਵਰੀ 1950 ਨੂੰ ਬਹੁਤ ਮਾਣ - ਸਤਿਕਾਰ ਨਾਲ ਲਾਗੂ ਕੀਤਾ ਗਿਆ ਹਾਲਾਂਕਿ ਜਿਸ ਦੇਸ਼ ਅੰਦਰ ਅਨੇਕ ਭਾਸ਼ਾਵਾਂ, ਅਨੇਕ ਬੋਲੀਆਂ, ਕਈ ਕਿਸਮ ਦੇ ਰੀਤੀ-ਰਿਵਾਜ, ਜਾਤਾਂ - ਧਰਮਾਂ ਦਾ ਵੱਖਰੇਵਾਂ, ਅਲੱਗ ਅਲੱਗ ਸੱਭਿਆਚਾਰ, ਪਹਿਰਾਵੇ ਅਤੇ ਵੱਖ ਵੱਖ ਵਿਚਾਰਾਂ ਦਾ ਵਰਤਾਰਾ ਹੋਵੇ ਉੱਥੇ ਸਮੂੱਚੀ ਕਾਇਨਾਤ ਨੂੰ ਇੱਕੋ ਛੱਤਰੀ ਹੇਠ ਇਕੱਤਰ ਕਰਨਾ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ ਹੁੰਦਾ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸਿਆਣਪ ਨੇ ਇਹ ਚਮਤਕਾਰ ਕਰ ਵਿਖਾਇਆ ਕਿ ਸਾਰੇ ਹੀ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਬਣਦੇ ਕਾਨੂੰਨੀ ਅਧਿਕਾਰ ਪ੍ਰਦਾਨ ਕਰਦਿਆਂ ਇਹ ਸਰਬੱਤ ਦੇ ਭਲੇ ਲਈ ਸੰਵਿਧਾਨ ਸਿਰਜ ਕੇ ਦੁਨੀਆਂ ਦੇ ਵੱਡੇ-ਵੱਡੇ ਮੁਲਕਾਂ ਨੂੰ ਹੈਰਾਨ ਕਰ ਦਿੱਤਾ। ਪਰ ਕੁੱਝ ਕੂ ਕੱਟੜਪੰਥੀ ਸੰਗਠਨ ਜਿਨ੍ਹਾਂ ਵਿੱਚ ਖਾਸ ਤੌਰ ਤੇ ਆਰ ਐਸ ਐਸ ਨਾਲ ਜੁੜੇ ਹੋਏ ਲੋਕ ਜੋ ਆਪਣੀ ‘ਮੰਨੂਸਮਰਿਤੀ’ ਦੀ ਫਿਰਕੂ, ਭੇਦਭਾਵ ਤੇ ਛੂਆ-ਛੂਤ ਭਰਪੂਰ ਗੁਲਾਮੀ ਮਾਨਸਿਕਤਾ ਵਾਲੀ ਘਾਤਕ ਵਿਚਾਰਧਾਰਾ ਨੂੰ ਥੋਪਣਾ ਚਾਹੁੰਦੇ ਸਨ ਅਤੇ ਉਹ ਅੱਜ-ਕੱਲ੍ਹ ਆਪਣੇ ਰਾਜਨੀਤਿਕ ਅੰਗ ਭਾਜਪਾ ਦੇ ਚੱਲ ਰਹੇ ਰਾਜ ਨੂੰ ਇੱਕ ਚੰਗੇ ਮੌਕੇ ਵਜੋਂ ਲੈਂਦੇ ਹੋਏ ਇਸ ਦੀ ਵਰਤੋਂ ਕਰਦਿਆਂ ਭਾਰਤੀ ਸੰਵਿਧਾਨ ਨੂੰ ਪਲਟੀ ਮਾਰਨ ਲਈ ਬਹੁਤ ਕਾਹਲੀ ਵਿੱਚ ਦਿਖਾਈ ਦੇ ਰਹੀ ਹੈ।
ਇਹੀ ਭਾਜਪਾ ਸਰਕਾਰ 2015 ਤੋਂ 2020 ਤੱਕ ਸੁਪਰੀਮ ਕੋਰਟ ਵਿੱਚ ਵਾਰ-ਵਾਰ ਇਹ ਕਹਿ ਚੁੱਕੀ ਹੈ ਕਿ ਭਾਰਤ -ਇੰਡੀਆ ਇੱਕ ਹੀ ਹੈ ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ ਪਰ ਹੁਣ ਜਿਸ ਦਿਨ ਤੋਂ ਵਿਰੋਧੀ ਪਾਰਟੀਆਂ ਨੇ ਆਪਣੇ ਗੱਠਜੋੜ ਦਾ ਨਾਮ ਇੰਡੀਆ (ਇੰਡੀਅਨ ਨੈਸ਼ਨਲ ਡੈਵਲਪਮੈਂਟ ਇਨਕਲੂਸਿਵ ਅਲਾਇੰਸ) ਰੱਖਿਆ ਹੈ ਉਸ ਦਿਨ ਤੋਂ ਹੀ ਮੋਦੀ ਸਰਕਾਰ ਨੇ ਹਰ ਜਗ੍ਹਾ ਤੋਂ ਇੰਡੀਆ ਨਾਮ ਹਟਾ ਕੇ ਭਾਰਤ ਲਿਖਣਾ ਸ਼ੁਰੂ ਕਰ ਦਿੱਤਾ ਹੈ ਇੱਥੋਂ ਤੱਕ ਕਿ ਦਿੱਲੀ ਵਿੱਚ ਹੋ ਰਹੇ ਜ਼ੀ - 20 ਅੰਤਰਰਾਸ਼ਟਰੀ ਸੰਮੇਲਨ ਵਿਚ ਹਿੱਸਾ ਲੈ ਰਹੇ ਵਿਦੇਸ਼ੀ ਮਹਿਮਾਨਾਂ ਨੂੰ ਭੇਜੇ ਸੱਦਾ ਪੱਤਰ ਵਿਚ ਵੀ ਰਾਸ਼ਟਰਪਤੀ ਵਲੋਂ ਖੁਦ ਨੂੰ ਪ੍ਰੈਜੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜੀਡੈਂਟ ਆਫ ਭਾਰਤ ਲਿਖਿਆ ਜਾ ਰਿਹਾ ਹੈ। ਜਿਹੜੇ ਕੁੱਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੂੰ ਦਿਨ ਰਾਤ ਕੋਸ ਰਹੇ ਸਨ ਕਿ ਉਹ ਵਿਦੇਸ਼ਾਂ ਵਿੱਚ ਇੰਡੀਆ ਸਰਕਾਰ ਦੀਆਂ ਨਾਕਾਮੀਆਂ ਦੱਸ ਕੇ ਮੁਲਕ ਦੀ ਤੌਹੀਨ ਕਰ ਰਿਹਾ ਹੈ ਉਹੀ ਭਾਜਪਾ ਸਰਕਾਰ ਵਾਲੇ ਹੁਣ ਖੁਦ ਵਿਦੇਸ਼ੀਆ ਨੂੰ ਘਰ ਬੁਲਾ ਕੇ ਉਨ੍ਹਾਂ ਸਾਹਮਣੇ ਦੇਸ਼ ਦਾ ਬੁਰੀ ਤਰ੍ਹਾਂ ਜਲੂਸ ਕੱਢ ਰਹੇ ਹਨ।
ਜਿਹੜੇ ਭਾਜਪਾਈ ਪਹਿਲਾਂ ਦੇਸ਼ ਅੰਦਰ ਫਿਰਕੂ ਰਾਜਨੀਤੀ ਦੀ ਖੇਤੀ ਕਰਦੇ ਹੋਏ ਹਿੰਦੂ - ਮੁਸਮਿਲ ਵਿਚਕਾਰ ਵੰਡੀਆਂ ਪਾ ਰਹੇ ਸਨ ਹੁਣ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਭਾਰਤ - ਇੰਡੀਆ ਵਿਚਾਲੇ ਵੀ ਇੱਕ ਨਫ਼ਰਤੀ ਲਕੀਰ ਖਿੱਚ ਰਹੇ ਹਨ। ਇਨ੍ਹਾਂ ਵਿਵਾਦਾਂ ਦੇ ਚਲਦਿਆਂ ਮੋਦੀ ਸਰਕਾਰ ਵਲੋਂ ਅਚਾਨਕ ਹੀ 18 ਸਤੰਬਰ ਤੋਂ 22 ਸਤੰਬਰ ਤੱਕ ਸੰਸਦ ਦਾ ਇਕ ਵਿਸ਼ੇਸ਼ ਸਮਾਗਮ ਬੁਲਾਇਆ ਗਿਆ ਹੈ। ‘ਮੋਦੀ ਹੈ ਤਾਂ ਮੁਮਕਿਨ ਹੈ’ ਦੇ ਨਾਹਰੇ ਤਹਿਤ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਬਿਨ੍ਹਾਂ ਵਿਰੋਧੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕੀਤੇ ਅਤੇ ਬਿਨਾਂ ਕੋਈ ਮੁੱਦੇ ਦੱਸਿਆ ਇਹ ਵਿਸ਼ੇਸ਼ ਅਜਲਾਸ ਬੁਲਾਇਆ ਗਿਆ ਹੈ। ਪਹਿਲੀ ਵਾਰ ਹੈ ਕਿ ਵਿਰੋਧੀ ਧਿਰ ਦੀ ਰਜਾਮੰਦੀ ਨਾਲ ਸੋਨੀਆ ਗਾਂਧੀ ਵੱਲੋਂ ਇੱਕ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਜਾ ਰਿਹਾ ਹੈ ਕਿ ਜਨਾਬ ਕਿਹੜੇ ਮਸਲੇ ਤੇ ਪੰਚਾਇਤ ਬੁਲਾਈ ਗਈ ਹੈ। ਚਿੱਠੀ ਵਿੱਚ ਜ਼ਿਕਰ ਕੀਤਾ ਹੈ ਕਿ ਦੇਸ਼ ਸਾਹਮਣੇ ਇਹ ਨੌਂ ਮੁੱਖ ਮੁੱਦੇ ਹਨ ਜਿਨ੍ਹਾਂ ’ਤੇ ਚਰਚਾ ਹੋਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਦੀ ਐਮ ਐਸ ਪੀ ਗਰੰਟੀ, ਮਨੀਪੁਰ ਤੇ ਹਰਿਆਣਾ ਫਿਰਕੂ ਹਿੰਸਾ, ਚੀਨ-ਭਾਰਤ ਸਰਹੱਦ ਵਿਵਾਦ, ਜਾਤੀ ਅਧਾਰ ਜਨਗਨਣਾ, ਅਡਾਨੀ ਤੇ ਜਾਂਚ ਲਈ ਸਾਂਝੀ ਸੰਸਦੀ ਕਮੇਟੀ, ਸੂਬਿਆਂ ਅਤੇ ਕੇਂਦਰ ਵਿਚਕਾਰ ਟਕਰਾਅ, ਪ੍ਰਕਿਰਤੀ ਆਫਤਾਂ ਦੀ ਸਥਿਤੀ ਆਦਿ ਅਹਿਮ ਸਵਾਲ ਹਨ ਕੀ ਤੁਸੀਂ ਇਨ੍ਹਾਂ ਅਤਿ ਜਰੂਰੀ ਮੁੱਦਿਆਂ ’ਤੇ ਚਰਚਾ ਕਰਨ ਲਈ ਇਹ ਵਿਸ਼ੇਸ਼ ਸੰਸਦ ਸਮਾਗਮ ਬੁਲਾਇਆ ਹੈ ਇਸ ਵਾਰੇ ਸਾਰੇ ਪਾਰਲੀਮੈਂਟ ਮੈਂਬਰਾਂ ਅਤੇ 144 ਕਰੋੜ ਦੇਸ਼ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਵੇ। ਪਰ ਦੇਸ਼ ਅੰਦਰ ਇਨ੍ਹਾਂ ਜ਼ਰੂਰੀ ਸਵਾਲਾਂ ਦੇ ਉਲਟ ਫਜੂਲ ਤਰ੍ਹਾਂ ਦੀ ਚਰਚਾ ਛੇੜੀ ਜਾ ਰਹੀ ਹੈ। ਕਿ ਇੰਡੀਆ ਨੂੰ ਖਤਮ ਕਰਕੇ ਭਾਰਤ ਨਾਮ ਹੀ ਰੱਖਿਆ ਜਾਵੇ ਜਿਸ ’ਤੇ ਕੋਈ 14 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਖਰਚੇ ਦਾ ਬੋਝ ਜਨਤਾ ਤੇ ਪਾਇਆ ਜਾਵੇ ਅਤੇ ਸੰਵਿਧਾਨ ਨੂੰ ਗਲਤ ਸਾਬਤ ਕੀਤਾ ਜਾਵੇ, ਇੱਕ ਦੇਸ਼ ਇੱਕ ਚੋਣ ਦਾ ਗੈਰ ਜ਼ਰੂਰੀ ਬਿਲ ਲਿਆ ਕੇ ਪੈਸੇ ਦੇ ਜ਼ੋਰ ਸ਼ੋਰ ਨਾਲ ਮੁੜ ਸੱਤਾ ’ਤੇ ਕਬਜਾ ਕੀਤਾ ਜਾਵੇ, ਅਤੇ ਚੋਣ ਕਮਿਸ਼ਨ ਅਧਿਕਾਰੀਆਂ ਦੀ ਚੋਣ ਪ੍ਰਕਿਰਿਆ, ਸੀਬੀਆਈ, ਈਡੀ ਵਰਗੀਆਂ ਏਜੰਸੀਆਂ ਤੇ ਸਰਕਾਰੀ ਕਬਜ਼ਾ ਕਰਨ ਦੇ ਘਿਨੌਣੇ ਮਨਸੂਬੇ ਘੜੇ ਜਾ ਰਹੇ। ਇਸ ਸਾਰੀ ਪ੍ਰਕਿਰਿਆ ਰਾਹੀਂ ਲੋਕਤੰਤਰ ਦੇ ਪਰਦੇ ਪਿੱਛੇ ਰਾਜਤੰਤਰ ( ਡਿਕਟੇਟਰਸ਼ਿਪ) ਚਲਾਉਣ ਦੀ ਵਿਊਂਤਬੰਦੀ ਤਿਆਰ ਕੀਤੀ ਜਾ ਰਹੀ ਹੈ। ਦੇਸ਼ ਦੇ ਲੋਕਾਂ ਨੂੰ ਮੂਰਖ ਸਮਝਣ ਵਾਲੇ ਜਰਾ ਦੁਨੀਆ ਦਾ ਇਤਿਹਾਸ ਪੜਨ ਦਾ ਯਤਨ ਕਰਨ ਕਿ ਲੋਕਾਂ ਤੇ ਜਬਰ - ਜੁਲਮ ਕਰਨ ਵਾਲੇ ਤਾਨਾਸ਼ਾਹ ਹਿੱਟਲਰ ਅਤੇ ਮੁਸੋਲੀਨੀ ਵਰਗਿਆਂ ਦਾ ਅੰਤ ਕਿੰਨਾ ਭਿਆਨਕ ਹੋਇਆ ਸੀ।
ਭਾਰਤ ਦੇ ਲੋਕ ਵੀ ਹੁਣ ਭਾਜਪਾ ਦੇ ਘਿਨੌਣੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ ਇਸੇ ਕਾਰਨ ਹੀ ਇਸ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਮਜਬੂਤ ਹੋ ਰਹੀ ਹੈ ਜਿਸ ਕਾਰਨ ਭਾਜਪਾ ਵਿਰੋਧੀ ਇੰਡੀਆ ਗੱਠਜੋੜ ਦਿਨੋ-ਦਿਨ ਮਜਬੂਤ ਹੋ ਰਿਹਾ ਹੈ ਅਤੇ ਹਾਕਮ ਧਿਰ ਦੀ ਬੇਚੈਨੀ ਵਧਦੀ ਜਾ ਰਹੀ ਹੈ। ਸੋ ਹੁਣ ਸਮਾਂ ਆ ਗਿਆ ਹੈ ਕਿ ਇੰਡੀਆ ਸੰਗਠਨ ਨੂੰ ਹੋਰ ਵੀ ਵਧੇਰੇ ਹੌਸਲੇ ਨਾਲ ‘ਜੁੜੇਗਾ ਭਾਰਤ ਜਿੱਤੇਗਾ ਇੰਡੀਆ’ ਨਾਹਰੇ ਨੂੰ ਬੁਲੰਦ ਕਰਕੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਬੇਖੌਫ ਅੱਗੇ ਵਧਣਾ ਚਾਹੀਦਾ ਹੈ। ਤਾਂ ਜੋ ਦੇਸ਼ ਦੇ ਬੁਨਿਆਦੀ ਢਾਂਚੇ, ਆਜ਼ਾਦੀ, ਲੋਕਤੰਤਰ, ਗਣਤੰਤਰ ਅਤੇ ਪਵਿੱਤਰ ਸੰਵਿਧਾਨ ਦੀ ਰਾਖੀ ਕਰਦਿਆਂ ਇਸ ਮਹਾਨ ਭਾਰਤ ਨੂੰ ਜ਼ਾਬਰਾਂ ਤੋਂ ਬਚਾਇਆ ਜਾ ਸਕੇ।
ਦਵਿੰਦਰ ਹੀਉਂ
-ਫੋਨ: 0039 3203459870

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ