ਸੀਟਾਂ ਦੀ ਵੰਡ ਬਾਰੇ ਗੱਲਬਾਤ ਜਲਦ ਸ਼ੁਰੂ ਕਰਨ ਲਈ ਕਿਹਾ
ਨਵੀਂ ਦਿੱਲੀ, 13 ਸਤੰਬਰ (ਏਜੰਸੀ) : ਦਿੱਲੀ ਵਿਚ ਬੁੱਧਵਾਰ ਨੂੰ ਸ਼ਰਦ ਪਵਾਰ ਦੀ ਰਿਹਾਇਸ਼ ’ਤੇ ਵਿਰੋਧੀ ਗੱਠਜੋੜ ‘ਇੰਡੀਆ’ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਹੋਈ । ਮੀਟਿੰਗ ਦੇ ਬਾਅਦ ਕਾਂਗਰਸ ਨੇਤਾ ਕੇਸੀ ਵੇਣੁਗੋਪਾਲ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਵੱਖਰੇ-ਵੱਖਰੇ ਰਾਜਾਂ ਵਿੱਚ ਰੈਲੀਆਂ ਕਰਨ ਦਾ ਫੈਸਲਾ ਲਿਆ ਹੈ । ਪਹਿਲੀ ਰੈਲੀ ਅਕਤੂਬਰ ਦੇ ਪਹਿਲੇ ਹਫ਼ਤੇ ਭੋਪਾਲ ਵਿੱਚ ਹੋਵੇਗੀ। ਤਾਲਮੇਲ ਕਮੇਟੀ ਵਿੱਚ 12 ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ।
ਇਸ ਰੈਲੀ ਵਿੱਚ ਮੋਦੀ ਸਰਕਾਰ ਦੇ ਰਾਜ ’ਚ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਜਾਤੀ ਜਨਗਣਨਾ ਦਾ ਮੁੱਦਾ ਉਠਾਉਣਾ ’ਤੇ ਵੀ ਸਹਿਮਤ ਹੋਈਆਂ ਹਨ। ਇਸੇ ਦੌਰਾਨ ਵੇਣੁਗੋਪਾਲ ਨੇ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ । ਸਾਰੀਆਂ ਪਾਰਟੀਆਂ ਇਸ ਬਾਰੇ ਮਿਲ ਕੇ ਜਲਦ ਤੋਂ ਜਲਦ ਫੈਸਲਾ ਕਰਨਗੀਆਂ। ਤਾਲਮੇਲ ਕਮੇਟੀ ਨੇ ਸਾਰੀਆਂ ਪਾਰਟੀਆਂ ਨੂੰ ਸੀਟਾਂ ਦੀ ਵੰਡ ਬਾਰੇ ਗੱਲਬਾਤ ਜਲਦ ਸ਼ੁਰੂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਟੀਐਮਸੀ ਦੇ ਨੇਤਾ ਅਭਿਸ਼ੇਕ ਬੈਨਰਜੀ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਨ੍ਹਾਂ ਨੂੰ ਏਡੀ ਨੇ ਸੰਮਨ ਭੇਜਿਆ ਹੋਇਆ ਸੀ।
ਮੀਟਿੰਗ ਖਤਮ ਹੋਣ ਦੇ ਬਾਅਦ ਕਾਂਗਰਸ ਨੇ ਐਕਸ (ਟਵਿਟਰ) ’ਤੇ ਲਿਖਿਆ, ਅਸੀਂ ਇਕੱਠਿਆਂ ਮਿਲ ਕੇ ਲੋਕਤੰਤਰ ਦੀ ਰੱਖਿਆ ਦਾ ਸੰਕਲਪ ਲਿਆ ਹੈ, ਅਸੀਂ ਇਸ ਨੂੰ ਜ਼ਰੂਰ ਪੂਰਾ ਕਰਾਂਗਾ, ਜੁੜੇਗਾ ਭਾਰਤ, ਜਿੱਤੇਗਾ ਇੰਡੀਆ। ਮੀਡੀਆ ਰਿਪੋਰਟਾਂ ਮੁਤਾਬਕ ਮੀਟਿੰਗ ਵਿੱਚ ਆਗੂਆਂ ਨੇ ਸੀਟਾਂ ਦੀ ਵੰਡ ਬਾਰੇ ਫਾਰਮੂਲਾ ਮੰਗਿਆ ਹੈ। ਕਈ ਆਗੂਆਂ ਨੇ ਕਿਹਾ ਕਿ ਸੀਟਾਂ ਦੀ ਵੰਡ ਲਈ ਆਪਣੇ ਨਿੱਜੀ ਸਵਾਰਥਾਂ ਨੂੰ ਛੱਡਣਾ ਪਵੇਗਾ।
ਇਸ ਮੀਟਿੰਗ ਵਿੱਚ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਤੋਂ ਇਲਾਵਾ ਕਾਂਗਰਸ ਦੇ ਕੇਸੀ. ਵੇਣੂਗੋਪਾਲ, ਡੀਐਮਕੇ ਦੇ ਟੀਆਰ ਬਾਲੂ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ, ਜੇਡੀਯੂ ਦੇ ਸੰਜੇ ਝਾਅ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ, ਸ਼ਿਵ ਸੈਨਾ ਯੂਬੀਟੀ ਦੇ ਸੰਜੇ ਰਾਊਤ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਪੀਡੀਪੀ ਦੀ ਮਹਿਬੂਬਾ ਮੁਫ਼ਤੀ, ਸੀਪੀਆਈ ਦੇ ਡੀ ਰਾਜਾ ਅਤੇ ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਖ਼ਾਨ ਸ਼ਾਮਲ ਹੋਏ। ਕਾਂਗਰਸੀ ਆਗੂ ਗੁਰਦੀਪ ਸਪਲ ਵੀ ਮੀਟਿੰਗ ਵਿੱਚ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਹਰਾਉਣ ਲਈ ਦੋ ਦਰਜਨ ਤੋਂ ਵਧ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਗੱਠਜੋੜ ਦਾ ਗਠਨ ਕੀਤਾ ਹੈ। ਇਸ ਗੱਠਜੋੜ ਨੇ ਪਿਛਲੇ ਦਿਨਾਂ ਵਿੱਚ ਮੁੰਬਈ ਵਿੱਚ ਹੋਈ ਬੈਠਕ ਦੌਰਾਨ ਭਵਿੱਖੀ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਨ ਲਈ 14 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਸੀ।
ਦੱਸਣਾ ਬਣਦਾ ਹੈ ਕਿ ਮੁੰਬਈ ਵਿੱਚ 31 ਅਗਸਤ ਤੇ 1 ਸਤੰਬਰ ਨੂੰ ਇੰਡੀਆ ਗੱਠਜੋੜ ਦੀ ਤੀਜੀ ਮੀਟਿੰਗ ਹੋਈ ਸੀ। ਇਸ ਵਿੱਚ ਕਾਂਗਸਰ ਪ੍ਰਧਾਨ ਮਲਿਰਾਜੁਨ ਖੜਗੇ ਤੇ ਬਿਹਾਰ ਦੇ ਮੁੱਖ ਮੰਤਰੀ ਸਮੇਤ 28 ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਤਾਲਮੇਲ ਅਤੇ ਕੰਪੇਨ ਸਮੇਤ 5 ਕਮੇਟੀਆਂ ਬਣਾਈਆਂ ਗਈਆਂ ਸਨ।
ਇਸ ਤੋਂ ਪਹਿਲਾਂ 5 ਸਤੰਬਰ ਨੂੰ ਕਾਂਗਰਸ ਪ੍ਰਧਾਨ ਖੜਗੇ ਦੀ ਅਗਵਾਈ ਵਿੱਚ ਦਿੱਲੀ ਵਿੱਚ ‘ਇੰਡੀਆ’ ਦੀ ਕੰਪੇਨ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਸੀ। ਜਿਸ ਵਿੱਚ ਮੱਧ ਪ੍ਰਦੇਸ਼ ਸਮੇਤ 5 ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੰਪੇਨ ਦੀ ਤਿਆਰੀ ’ਤੇ ਚਰਚਾ ਹੋਈ। ਨਾਲ ਹੀ 18 ਤੋਂ 22 ਸਤੰਬਰ ਤੱਕ ਚੱਲਣ ਵਾਲੇ ਸੰਸਦ ਦੇ ਵਿਸ਼ੇਸ਼ ਇਜਲਾਸ ਵਿੱਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਗਈ ।