ਨਵੀਂ ਦਿੱਲੀ,13 ਸਤੰਬਰ (ਏਜੰਸੀ) : ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਧਿਕਾਰੀ ਗੋਪਾਲ ਬਾਗਲੇ ਨੂੰ ਆਸਟਰੇਲੀਆ ’ਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ । ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦਿੱਤੀ । ਵਿਦੇਸ਼ ਮੰਤਰਾਲੇ ਮੁਤਾਬਕ, 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਬਾਗਲੇ ਇਸ ਸਮੇਂ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ । ਸ੍ਰੀਲੰਕਾ ਵਿਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੂੰ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ । ਬਾਗਲੇ ਆਸਟ੍ਰੇਲੀਆ ਵਿਚ ਮਨਪ੍ਰੀਤ ਵੋਹਰਾ ਦੀ ਥਾਂ ਲੈਣਗੇ । ਬਾਗਲੇ ਜਲਦੀ ਹੀ ਅਹੁਦਾ ਸੰਭਾਲ ਸਕਦੇ ਹਨ । ਬਾਗਲੇ ਨੇ ਵਿਦੇਸ਼ ਮੰਤਰਾਲਾ ਵਿੱਚ ਕਈ ਅਹੁਦਿਆਂ ’ਤੇ ਕੰਮ ਕੀਤਾ ਹੈ, ਜਿਸ ਵਿੱਚ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਤੋਂ ਇਲਾਵਾ ਸੰਯੁਕਤ ਸਕੱਤਰ (ਪਾਕਿਸਤਾਨ, ਅਫਗਾਨਿਸਤਾਨ, ਈਰਾਨ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੰਯੁਕਤ ਸਕੱਤਰ ਦੀਆਂ ਜ਼ਿੰਮੇਵਾਰੀਆਂ ਵੀ ਸ਼ਾਮਲ ਹਨ । ਬਾਗਲੇ ਨੇ ਮਈ 2020 ਵਿੱਚ ਕੋਲੰਬੋ ਵਿੱਚ ਜ਼ਿੰਮੇਵਾਰੀ ਸੰਭਾਲੀ ਸੀ।