ਸੀਤਾਮੜ੍ਹੀ, 13 ਸਤੰਬਰ (ਏਜੰਸੀ) : ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ’ਚ ਇਕ ਪ੍ਰਾਇਮਰੀ ਸਕੂਲ ਦੇ ਲਗਭਗ 50 ਵਿਦਿਆਰਥੀਆਂ ਦੀ ਸਿਹਤ ਅਚਾਨਕ ਵਿਗੜ ਗਈ । ਬੀਮਾਰ ਹੋਏ ਬੱਚਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਛਿਪਕਲੀ ਡਿੱਗਣ ਮਗਰੋਂ ਉਹ ਹੀ ਖਾਣਾ ਖੁਆਇਆ ਗਿਆ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ । ਬੀਮਾਰ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ । ਇਕ ਅਧਿਕਾਰੀ ਨੇ ਕਿਹਾ ਕਿ ਸੀਤਾਮੜ੍ਹੀ ਜ਼ਿਲ੍ਹੇ ਦੇ ਡੁਮਰਾ ਬਲਾਕ ਦੇ ਇਕ ਪ੍ਰਾਇਮਰੀ ਸਕੂਲ ਵਿਚ 12 ਸਤੰਬਰ ਨੂੰ ਮਿਡ-ਡੇ-ਮੀਲ ਭੋਜਨ ਖਾਣ ਮਗਰੋਂ ਲੱਗਭਗ 50 ਸਕੂਲੀ ਬੱਚਿਆਂ ਨੇ ਢਿੱਡ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ । ਬੱਚਿਆਂ ਨੂੰ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ । ਅਧਿਕਾਰੀ ਮੁਤਾਬਕ ਸਾਰੇ ਬੱਚਿਆਂ ਦੀ ਹਾਲਤ ਸਥਿਰ ਹੈ । ਸਦਰ ਹਸਪਤਾਲ ਦੀ ਡਾ. ਸੁਧਾ ਝਾਅ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਮਿਡ-ਡੇ-ਮੀਲ ਵਿਚ ਛਿਪਕਲੀ ਮਿਲੀ ਹੈ। ਉਨ੍ਹਾਂ ਬੱਚਿਆਂ ਨੇ ਉਹ ਹੀ ਖਾਣਾ ਖਾਧਾ ਸੀ। ਸਾਰੇ ਬੱਚੇ ਸਥਿਰ ਅਤੇ ਲੱਛਣ ਮੁਕਤ ਹਨ । ਅਸੀਂ ਉਨ੍ਹਾਂ ਨੂੰ ਨਿਗਰਾਨੀ ’ਚ ਰੱਖਿਆ ਹੈ । ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨਾਲ ਹਨ । ਚਿੰਤਾ ਦੀ ਕੋਈ ਗੱਲ ਨਹੀਂ ਹੈ । ਜਿਵੇਂ-ਜਿਵੇਂ ਬੱਚਿਆਂ ਦੀ ਸਿਹਤ ਠੀਕ ਹੋ ਰਹੀ ਹੈ, ਉਨ੍ਹਾਂ ਨੂੰ ਘਰ ਭੇਜਿਆ ਜਾ ਰਿਹਾ ਹੈ। ਓਧਰ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਣੇ ਵਿਚ ਛਿਪਕਲੀ ਡਿੱਗਣ ਦੀ ਗੱਲ ਅਫਵਾਹ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।