ਚੰਡੀਗੜ੍ਹ, 15 ਸਤੰਬਰ
ਅਨੰਤਨਾਗ ਵਿੱਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਭਦੌਜੀਆਂ ਵਿੱਚ ਕੀਤਾ ਜਾਵੇਗਾ। ਕਰਨਲ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ 2 ਤੋਂ 2.30 ਵਜੇ ਦਰਮਿਆਨ ਕੀਤਾ ਜਾਵੇਗਾ। ਸ਼ਹੀਦ ਕਰਨਲ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮ੍ਰਿਤਕ ਦੇਹ ਚੰਡੀ ਮੰਦਰ ਤੋਂ ਜੱਦੀ ਪਿੰਡ ਲਈ ਰਵਾਨਾ ਹੋ ਗਈ ਹੈ।ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਫੌਜ ਦੇ ਅਧਿਕਾਰੀ ਵੀ ਪਿੰਡ ਪਹੁੰਚੇ ਅਤੇ ਸ਼ਮਸ਼ਾਨਘਾਟ ਅਤੇ ਉਸ ਨੂੰ ਜਾਣ ਵਾਲੀ ਸੜਕ ਦਾ ਦੌਰਾ ਕੀਤਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਦੇ ਨਾਲ ਖਰੜ ਦੇ ਵਿਧਾਇਕ ਅਤੇ ਮੰਤਰੀ ਅਨਮੋਲ ਗਗਨ ਮਾਨ ਦੇ ਵੀ ਆਉਣ ਦੀ ਸੰਭਾਵਨਾ ਹੈ।